ਬੇਰੁਜ਼ਗਾਰਾਂ ਵੱਲੋਂ ਮਹਿਲਾ ਦਿਵਸ ਮੌਕੇ 8 ਨੂੰ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ

ਸੰਗਰੂਰ,  : ਪੰਜਾਬ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਵਿੱਚ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀਆਂ ਔਰਤਾਂ ਲਈ ਆਪਣੇ ਚੋਣ ਵਾਅਦੇ ਅਨੁਸਾਰ 1000-1000 ਰੁਪਏ ਦੇਣ ਦੇ ਐਲਾਨ ਨੂੰ ਅਮਲੀ ਰੂਪ ਦੇ ਸਕਦੀ ਹੈ। ਇੱਧਰ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪਿਛਲੇ ਕਰੀਬ ਸਵਾ ਦੋ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਉਸੇ ਦਿਨ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ।

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਬੁਢਲਾਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਭਰਤੀ ਕੈਲੰਡਰ ਲਾਗੂ ਕਰਨ ਤੋਂ ਮੁਨਕਰ ਹੈ। ਚਾਰ ਸਾਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਨਰਸਰੀ, ਪ੍ਰਾਇਮਰੀ, ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫ਼ੈਸਰ ਦੀ ਇੱਕ ਵੀ ਨਵੀਂ ਅਸਾਮੀ ਨਹੀਂ ਕੱਢੀ, ਸਗੋਂ ਪਿਛਲੀਆਂ ਭਰਤੀਆਂ 343 ਲੈਕਚਰਾਰ,646 ਪੀਟੀਆਈ ਸਮੇਤ ਅਨੇਕਾਂ ਭਰਤੀਆਂ ਰੱਦ ਜਰੂਰ ਕੀਤੀਆਂ ਹਨ। ਚਾਰ ਸਾਲਾਂ ਵਿੱਚ ਭਰਤੀ ਨਾ ਆਉਣ ਕਰਕੇ ਅਨੇਕਾਂ ਬੇਰੁਜ਼ਗਾਰ ਉਮਰ ਹੱਦ ਲੰਘਾ ਚੁੱਕੇ ਹਨ। ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੇ ਬਾਬਾ ਬਕਾਲਾ ਸਾਹਿਬ ਸਮੇਤ ਅਨੇਕਾਂ ਥਾਵਾਂ ਉੱਤੇ ਖੜਕੇ ਉਮਰ ਹੱਦ ਛੋਟ ਦੇਣ ਦਾ ਵਾਅਦਾ ਕੀਤਾ ਸੀ।

ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਭੀਖ ਨਹੀਂ ਸਗੋ ਯੋਗਤਾ ਅਨੁਸਾਰ ਰੁਜ਼ਗਾਰ ਦੀ ਲੋੜ ਹੈ।ਇਸ ਲਈ ਬੇਰੁਜ਼ਗਾਰ ਆਪਣੀਆਂ ਮੰਗਾਂ ਮਾਸਟਰ ਕੇਡਰ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕਰਨ, ਉਮਰ ਹੱਦ ਛੋਟ ਦੇਣ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਵਾਉਣ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਕਰਵਾਉਣ ਅਤੇ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਗੇ। ਬੇਰੁਜ਼ਗਾਰ ਆਗੂਆਂ ਨੇ ਦੱਸਿਆ ਕਿ ਉਹ 8 ਮਾਰਚ ਸਵੇਰੇ 11 ਵਜੇ ਮੋਹਾਲੀ ਵਿਖੇ ਗੁਰਦਆਰਾ ਅੰਬ ਸਾਹਿਬ ਨੇੜੇ ਨੇਚਰ ਪਾਰਕ ਵਿੱਚ ਇਕੱਠ ਹੋਣ ਉਪਰੰਤ ਚੰਡੀਗੜ੍ਹ ਵੱਲ ਨੂੰ ਕੂਚ ਕਰਨਗੇ।

ਇੱਧਰ ਅੱਜ ਪੱਕੇ ਮੋਰਚੇ ਦੇ 69ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ। ਜਿੱਥੇ ਰੁਪਿੰਦਰ ਸੁਨਾਮ, ਕੁਲਦੀਪ ਸਿੰਘ ਪੁੰਨਾਵਾਲ, ਮਨਜੀਤ ਕੌਰ, ਅਮਨਦੀਪ ਕੌਰ, ਰਾਜਵੀਰ ਕੌਰ ਅਤੇ ਸੁਖਪਾਲ ਖਾਨ ਆਦਿ ਹਾਜ਼ਰ ਸਨ।