ਪੰਜਾਬ ਸਿਰ ਕਰਜ਼ੇ ਦੀ ਪੰਡ ਚਾਰ ਲੱਖ ਕਰੋੜ ਤੋਂ ਪਾਰ

ਪੰਜਾਬ ਸਰਕਾਰ ਸਿਰ ਹੁਣ ਕਰਜ਼ੇ ਦਾ ਬੋਝ 4 ਲੱਖ ਕਰੋੜ ਨੂੰ ਛੂਹ ਗਿਆ ਹੈ। ਅਪਰੈਲ 2025 ਤੋਂ ਜਨਵਰੀ 2026 ਦਰਮਿਆਨ ਸੂਬਾ ਸਰਕਾਰ ਨੇ 20769.63 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਜਿਸ ਮਗਰੋਂ ਪੰਜਾਬ ਸਿਰ ਕਰਜ਼ਾ ਵੱਧ ਕੇ 4.03 ਲੱਖ ਕਰੋੜ ਹੋ ਗਿਆ ਹੈ ਹਾਲਾਂਕਿ ਜ਼ਿਆਦਾਤਰ ਕਰਜ਼ਿਆਂ ਦਾ ਸਬੰਧ ਵਿਰਾਸਤੀ ਕਰਜ਼ੇ ਦੀ ਅਦਾਇਗੀ ਜਾਂ ਦਹਾਕਿਆਂ ਤੋਂ ਇਕੱਠੇ ਹੋਏ ਕਰਜ਼ਿਆਂ ਦੀ ਅਦਾਇਗੀ ਨਾਲ ਰਿਹਾ ਹੈ। ਚਾਲੂ ਵਿੱਤੀ ਵਰ੍ਹੇ ਦੇ ਅੰਤ ਤੱਕ ਇਹ ਕਰਜ਼ਾ ਵਧ ਕੇ 4.17 ਲੱਖ ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।
31 ਮਾਰਚ, 2025 ਤੱਕ ਪੰਜਾਬ &rsquoਤੇ 3.83 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਜੋ ਕੁੱਲ ਘਰੇਲੂ ਉਤਪਾਦ ਦਾ 44 ਫ਼ੀਸਦੀ ਤੋਂ ਵੱਧ ਬਣਦਾ ਹੈ। ਜਦੋਂ &lsquoਆਪ&rsquo ਸਰਕਾਰ ਨੇ ਹਕੂਮਤ ਸੰਭਾਲੀ ਸੀ ਤਾਂ ਉਸ ਸਮੇਂ ਸੂਬੇ &rsquoਤੇ 2.82 ਕਰੋੜ ਰੁਪਏ ਦਾ ਕਰਜ਼ਾ ਸੀ। ਉਸ ਤੋਂ ਪਹਿਲਾਂ ਜਦੋਂ ਕਾਂਗਰਸ ਨੇ ਸੱਤਾ ਸੰਭਾਲੀ ਸੀ ਤਾਂ 2017-18 &rsquoਚ ਪੰਜਾਬ &rsquoਤੇ ਕਰਜ਼ਾ 1.82 ਲੱਖ ਕਰੋੜ ਰੁਪਏ ਸੀ। 2007-08 &rsquoਚ ਪੰਜਾਬ &rsquoਤੇ 55,982 ਕਰੋੜ ਦਾ ਕਰਜ਼ਾ ਸੀ। 1952 &rsquoਚ ਸਾਂਝੇ ਪੰਜਾਬ &rsquoਤੇ 78.31 ਕਰੋੜ ਰੁਪਏ ਦਾ ਕਰਜ਼ਾ ਸੀ ਜੋ 1964 &rsquoਚ ਵਧ ਕੇ 300 ਕਰੋੜ ਰੁਪਏ ਹੋ ਗਿਆ। ਪੰਜਾਬ &rsquoਚ ਕਾਲੇ ਦੌਰ ਦੌਰਾਨ ਕਰਜ਼ੇ ਦਾ ਜਾਲ ਵਧਿਆ। ਕੇਂਦਰ ਸਰਕਾਰ ਨੇ ਬੇਸ਼ੱਕ ਕੁਝ ਕਰਜ਼ਾ ਮੁਆਫ਼ ਵੀ ਕਰ ਦਿੱਤਾ ਸੀ ਪਰ ਉਹ ਕਾਫ਼ੀ ਨਹੀਂ ਸੀ।