ਮੱਧ ਪੂਰਬ ਵਿੱਚ ਫਸੇ ਬਰਤਾਨਵੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਵੱਲੋ ਕੀਤਾ ਗਿਆ ਉਡਾਨਾ ਦਾ ਪ੍ਰਬੰਧ

 ਲੈਸਟਰ (ਇੰਗਲੈਂਡ), 4 ਮਾਰਚ (ਸੁਖਜਿੰਦਰ ਸਿੰਘ ਢੱਡੇ)- ਮੱਧ ਪੂਰਬ ਵਿੱਚ ਵਧਦੇ ਸੈਨਿਕ ਤਣਾਅ ਅਤੇ ਹਵਾਈ ਆਵਾਜਾਈ ਵਿੱਚ ਪੈਦਾ ਹੋਈ ਭਾਰੀ ਰੁਕਾਵਟ ਦੇ ਮੱਦੇਨਜ਼ਰ ਬਰਤਾਨੀਆ ਸਰਕਾਰ ਵੱਲੋਂ ਉਥੇ ਫਸੇ ਬਰਤਾਨਵੀ ਨਾਗਰਿਕਾਂ ਨੂੰ ਸੁਰੱਖਿਅਤ ਤੌਰ &lsquoਤੇ ਵਾਪਸ ਲਿਆਉਣ ਲਈ ਖ਼ਾਸ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੰਸਦ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਮਾਨ ਦੀ ਰਾਜਧਾਨੀ ਮਸਕਟ ਤੋਂ ਪਹਿਲੀ ਸਰਕਾਰੀ ਉਡਾਣ ਰਾਤ ਗਿਆਰਾਂ ਵਜੇ ਸਥਾਨਕ ਸਮੇਂ ਅਨੁਸਾਰ ਰਵਾਨਾ ਹੋਵੇਗੀ, ਜਦਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਦੋ ਉਡਾਣਾਂ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਬਣੀ ਅਸਥਿਰ ਸਥਿਤੀ ਕਾਰਨ ਬਹੁਤ ਸਾਰੇ ਬਰਤਾਨਵੀ ਨਾਗਰਿਕ ਵਾਪਸ ਘਰ ਆਉਣ ਲਈ ਬੇਸਬਰ ਹਨ ਅਤੇ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਸਰਕਾਰ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਪਹਿਲੀ ਉਡਾਣ ਵਿੱਚ ਕੁਝ ਬਰਤਾਨਵੀ ਨਾਗਰਿਕਾਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਸਾਥੀਆਂ ਅਤੇ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਵਾਰ ਹੋਣ ਲਈ ਸੱਦਾ ਦਿੱਤਾ ਗਿਆ ਹੈ। ਕਈ ਲੋਕ ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰਾਂ ਤੋਂ ਓਮਾਨ ਪਹੁੰਚ ਰਹੇ ਹਨ ਤਾਂ ਜੋ ਉਹ ਉਥੋਂ ਚੱਲ ਰਹੀਆਂ ਖ਼ਾਸ ਉਡਾਣਾਂ ਰਾਹੀਂ ਬਰਤਾਨੀਆ ਵਾਪਸ ਆ ਸਕਣ। ਸਰਕਾਰ ਦਾ ਕਹਿਣਾ ਹੈ ਕਿ ਲੋਕਾਂ ਦੀ ਗਿਣਤੀ ਉਪਲਬਧ ਸੀਟਾਂ ਨਾਲੋਂ ਕਾਫ਼ੀ ਵੱਧ ਹੈ, ਇਸ ਲਈ ਹੋਰ ਉਡਾਣਾਂ ਦੇ ਪ੍ਰਬੰਧ ਲਈ ਹਵਾਈ ਸੇਵਾਵਾਂ ਨਾਲ ਸੰਪਰਕ ਜਾਰੀ ਹੈ।
ਦੱਸਿਆ ਜਾਂਦਾ ਹੈ ਕਿ ਅਮਰੀਕਾ, ਇਸਰਾਈਲ ਅਤੇ ਇਰਾਨ ਦਰਮਿਆਨ ਵਧਦੇ ਟਕਰਾਅ ਤੋਂ ਬਾਅਦ ਮਿਸਾਈਲਾਂ ਅਤੇ ਬਿਨਾਂ ਚਾਲਕ ਜਹਾਜ਼ਾਂ ਦੇ ਹਮਲਿਆਂ ਨੇ ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਇਸ ਕਾਰਨ ਸਉਦੀ ਅਰਬ, ਇਰਾਨ, ਇਰਾਕ, ਕਤਰ, ਬਹਿਰੀਨ, ਕੁਵੈਤ, ਸੀਰੀਆ, ਸੰਯੁਕਤ ਅਰਬ ਅਮੀਰਾਤ ਅਤੇ ਇਸਰਾਈਲ ਸਮੇਤ ਕਈ ਦੇਸ਼ਾਂ ਦੇ ਹਵਾਈ ਖੇਤਰ ਵਿੱਚ ਉਡਾਣਾਂ ਅੰਸ਼ਕ ਜਾਂ ਪੂਰੀ ਤਰ੍ਹਾਂ ਰੋਕ ਦਿੱਤੀਆਂ ਗਈਆਂ ਹਨ। ਨਤੀਜੇ ਵਜੋਂ ਹਜ਼ਾਰਾਂ ਉਡਾਣਾਂ ਰੱਦ ਹੋ ਗਈਆਂ ਹਨ ਅਤੇ ਕਈ ਹਵਾਈ ਅੱਡਿਆਂ &lsquoਤੇ ਯਾਤਰੀਆਂ ਨੂੰ ਭਾਰੀ ਦਿਕ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਸਥਿਤੀ ਕੋਰੋਨਾ ਮਹਾਂਮਾਰੀ ਤੋਂ ਬਾਅਦ ਹਵਾਈ ਯਾਤਰਾ ਵਿੱਚ ਆਈ ਸਭ ਤੋਂ ਵੱਡੀ ਰੁਕਾਵਟ ਮੰਨੀ ਜਾ ਰਹੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਇੱਕ ਲੱਖ ਤੀਹ ਹਜ਼ਾਰ ਤੋਂ ਵੱਧ ਬਰਤਾਨਵੀ ਨਾਗਰਿਕ ਮੱਧ ਪੂਰਬ ਛੱਡਣ ਲਈ ਮਦਦ ਵਾਸਤੇ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਚੱਲੀਆਂ ਵਪਾਰਕ ਉਡਾਣਾਂ ਰਾਹੀਂ ਇੱਕ ਹਜ਼ਾਰ ਤੋਂ ਵੱਧ ਲੋਕ ਪਹਿਲਾਂ ਹੀ ਬਰਤਾਨੀਆ ਪਹੁੰਚ ਚੁੱਕੇ ਹਨ। ਸਰਕਾਰ ਦਾ ਕਹਿਣਾ ਹੈ ਕਿ ਜਿੰਨਾ ਜਲਦੀ ਸੰਭਵ ਹੋ ਸਕੇ ਹੋਰ ਲੋਕਾਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਬਰਤਾਨਵੀ ਨਾਗਰਿਕਾਂ ਨੂੰ ਮੱਧ ਪੂਰਬ ਦੇ ਕੁਝ ਦੇਸ਼ਾਂ ਦੀ ਯਾਤਰਾ ਸਿਰਫ਼ ਬਹੁਤ ਜ਼ਰੂਰੀ ਹਾਲਾਤਾਂ ਵਿੱਚ ਹੀ ਕਰਨ ਦੀ ਸਲਾਹ ਦਿੱਤੀ ਗਈ ਹੈ। ਵਿਦੇਸ਼ ਮਾਮਲਿਆਂ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਿਹੜੇ ਨਾਗਰਿਕ ਇਸ ਸਮੇਂ ਖੇਤਰ ਵਿੱਚ ਮੌਜੂਦ ਹਨ ਉਹ ਆਪਣੀ ਜਾਣਕਾਰੀ ਸਰਕਾਰੀ ਪ੍ਰਬੰਧ ਨਾਲ ਦਰਜ ਕਰਵਾਉਣ ਤਾਂ ਜੋ ਲੋੜ ਪੈਣ &lsquoਤੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਉਧਰ ਸਰਕਾਰ ਅਤੇ ਹਵਾਈ ਸੇਵਾਵਾਂ ਵੱਲੋਂ ਸਥਿਤੀ &lsquoਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਵੇਂ ਹੀ ਹਾਲਾਤਾਂ ਵਿੱਚ ਸੁਧਾਰ ਆਉਂਦਾ ਹੈ ਹੋਰ ਉਡਾਣਾਂ ਦੀ ਗਿਣਤੀ ਵਧਾਉਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਸਰਕਾਰੀ ਸੂਤਰਾਂ ਅਨੁਸਾਰ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਕਦਮ ਚੁੱਕੇ ਜਾ ਰਹੇ ਹਨ।