ਸ਼ਾਮ ਸਿੰਘ ਅਟਾਰੀ ਵਾਲੇ ਬੰਨ੍ਹ ਸ਼ਸਤ੍ਰੀ ਤੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ

ਲੜੀ ਜੋੜਨ ਲਈ ਵੇਖੋ ਪਿਛਲੇਰੇ ਪੰਜਾਬ ਟਾਈਮਜ਼ ਅੰਕ ਦੇ 3118, ਉਤੇ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਜੇ ਸਾਜਿਸ਼ੀ ਡੋਗਰਿਆਂ ਤੇ ਬ੍ਰਾਹਮਣਾਂ &lsquoਤੇ ਇਤਬਾਰ ਨਾ ਕਰਦਾ ਤਾਂ ਅੱਜ ਵੀ ਪੰਜਾਬ ਉੱਤੇ ਖ਼ਾਲਸਾ ਰਾਜ ਦੇ ਝੰਡੇ ਝੂਲਦੇ ਹੋਣੇ ਸੀ ।
ਅਸੀਂ ਪਿਛਲੇਰੇ ਅੰਕ 3118 ਵਿੱਚ ਪੜ੍ਹ ਆਏ ਹਾਂ ਕਿ ਲਾਹੌਰ ਦਰਬਾਰ ਵਿੱਚ ਬ੍ਰਾਹਮਣਾਂ ਅਤੇ ਡੋਗਰਿਆਂ ਦੀਆਂ ਸਾਜਿਸ਼ਾਂ ਤੋਂ ਤੰਗ ਆ ਕੇ ਸ਼ਾਮ ਸਿੰਘ ਅਟਾਰੀ ਵਾਲੇ ਸਮੇਤ ਹੋਰ ਵੀ ਕੁਝ ਸਰਦਾਰਾਂ ਨੇ ਲਾਹੌਰ ਦਰਬਾਰ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ । ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਰਕਾਰ-ਏ-ਖ਼ਾਲਸਾ ਅਤੇ ਅੰਗ੍ਰੇਜ਼ਾਂ ਵਿੱਚਕਾਰ ਹੋਈ ਪਹਿਲੀ ਜੰਗ ਦੇ ਸ਼ੁਰੂ ਤੋਂ ਹੀ ਬ੍ਰਾਹਮਣ ਤੇ ਡੋਗਰੇ ਜਿਨ੍ਹਾਂ ਦੇ ਹੱਥ ਵਿੱਚ ਸਿੱਖ ਰਾਜ (ਸਰਕਾਰ-ਏ-ਖ਼ਾਲਸਾ ਜੀਉ) ਦੀ ਵਾਗਡੋਰ ਸੀ, ਇਸ ਗੱਲ ਵਿੱਚ ਦਿਲਚਸਪੀ ਰੱਖਦੇ ਸਨ ਕਿ ਸਿੱਖ ਫੌਜਾਂ ਦਾ ਰਾਜਨੀਤਕ ਜਾਂ ਹੋਰ ਦਰਬਾਰ ਦੇ ਮਾਮਲਿਆਂ ਉੱਪਰ ਅਸਰ ਘੱਟ ਹੋ ਜਾਵੇ, ਇਸ ਲਈ ਉਹ ਅਜਿਹਾ ਪ੍ਰਬੰਧ ਕਰ ਰਹੇ ਸਨ ਜਿਸ ਨਾਲ ਸਿੱਖ ਫੌਜਾਂ ਅੰਗ੍ਰੇਜ਼ਾਂ ਹੱਥੋਂ ਹਾਰ ਜਾਣ । (ਜੇ।ਡੀ। ਕਨਿੰਘਮ, ਪੁਸਤਕ ਹਿਸਟਰੀ ਔਫ ਦਾ ਸਿੱਖਜ਼) ਸਾਜਿਸ਼ੀ ਬ੍ਰਾਹਮਣਾਂ ਤੇ ਡੋਗਰਿਆਂ ਦੇ ਅੰਗ੍ਰੇਜ਼ੀ ਸਰਕਾਰ ਨਾਲ ਹੋਏ ਗੁਪਤ ਸਮਝੌਤੇ ਕਾਰਨ ਹੀ ਸਿੱਖ ਜਿੱਤਕੇ ਵੀ ਅੰਤ ਨੂੰ ਹਾਰਦੇ ਰਹੇ । ਸ਼ਾਹ ਮੁਹੰਮਦ ਲਿਖਦਾ ਹੈ : ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੀ । ਅੱਜ ਹੋਵੇ ਸਰਕਾਰ ਤਾਂ ਮੁੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ । ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋਂ ਫੌਜਾਂ ਜਿੱਤਕੇ ਅੰਤ ਨੂੰ ਹਾਰੀਆਂ ਨੀ । ਸਿੰਘਾਂ ਮਾਰਕੇ ਕਟਕ ਮੁਕਾਇ ਦਿੱਤੇ ਹਿੰਦੋਸਤਾਨੀ ਤੇ ਪੂਰਬੀ ਦੱਖਣੀ ਜੀ । ਨੰਦਨ ਟਾਪੂਆਂ ਵਿੱਚ ਕੁਰਲਾਟ ਪਿਆ ਕੁਰਸੀ ਚਾਰ ਹਜ਼ਾਰ ਹੈ ਸਖਣੀ ਜੀ । 
ਸਭਰਾਵਾਂ ਦੀ ਲੜਾਈ ਅੰਗ੍ਰੇਜ਼ਾਂ ਨਾਲ ਪਹਿਲੀ ਜੰਗ ਦੀ ਆਖਰੀ ਲੜਾਈ ਸੀ । ਇਥੇ ਫਰੰਗੀਆਂ ਨੇ ਜੰਗ ਵਿੱਚ ਸਫ਼ਲਤਾ ਅਤੇ ਪੰਜਾਬ ਦੀ ਰਾਜਧਾਨੀ ਉੱਤੇ ਕਬਜ਼ਾ ਕਰਨ ਲਈ ਆਪਣੇ ਪੂਰਬੀਏ ਤੇ ਡੋਗਰੇ ਏਜੰਟਾਂ ਦੀ ਪੰਜਾਬ ਦੇਸ ਨਾਲ ਗ਼ਦਾਰੀ ਦਾ ਪੂਰਾ ਪੂਰਾ ਫਾਇਦਾ ਉਠਾਇਆ । ਮੁਦਕੀ ਤੇ ਫੇਰੂ ਸ਼ਹਿਰ ਵਿੱਚ ਬ੍ਰਾਹਮਣ ਲਾਲ ਸਿੰਘ ਨੇ ਨਿਮਕ ਹਰਾਮੀ ਕਰਕੇ ਅੰਗ੍ਰੇਜ਼ਾਂ ਨੂੰ ਜਿਤਾਇਆ ਸੀ । ਹੁਣ ਬ੍ਰਾਹਮਣ ਤੇਜ ਸਿੰਘ ਤੇ ਡੋਗਰੇ ਗੁਲਾਬ ਸਿੰਘ ਦੀ ਵਾਰੀ ਸੀ ਸਭਰਾਵਾਂ ਦੇ ਮੈਦਾਨ ਵਿੱਚ ਸਿੱਖਾਂ ਨੂੰ ਹਰਾਉਣ ਦੀ । ਜਿਸ ਵੇਲੇ ਫੇਰੂ ਸ਼ਹਿਰ ਦੇ ਮੈਦਾਨੋਂ ਬ੍ਰਾਹਮਣ ਲਾਲ ਸਿੰਘ ਤੇ ਬ੍ਰਾਹਮਣ ਤੇਜ ਸਿੰਘ ਦੇ ਭੱਜ ਨਿਕਲਣ ਅਤੇ ਗੁਲਾਬ ਸਿੰਘ ਡੋਗਰੇ ਵੱਲੋਂ ਸਿੱਖ ਫੌਜਾਂ ਨੂੰ ਰਾਸ਼ਨ ਨਾ ਪਹੁੰਚਾਉਣ ਦੀ ਖਬਰ ਮਹਾਰਾਣੀ ਨੂੰ ਪੁੱਜੀ ਤਾਂ ਉਸ ਨੇ 25 ਦਸੰਬਰ 1845 ਨੂੰ ਇਕ ਚਿੱਠੀ ਦੇ ਕੇ ਦਸ ਘੋੜ ਸਵਾਰ ਸਰਦਾਰ ਸ਼ਾਮ ਸਿੰਘ ਵੱਲ ਉਨ੍ਹਾਂ ਦੇ ਪਿੰਡ ਅਟਾਰੀ ਭੇਜੇ ਅਤੇ ਉਨ੍ਹਾਂ ਨੂੰ ਸਭਰਾਵਾਂ ਦੀ ਜੰਗ ਵਿੱਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ । ਮਹਾਰਾਣੀ ਜਿੰਦ ਕੌਰ ਨੇ ਖ਼ਾਲਸਾ ਰਾਜ ਬਚਾਉਣ ਲਈ ਲਾਹੌਰ ਦਰਬਾਰ ਦੀਆਂ ਫੌਜਾਂ ਦੀ ਅਗਵਾਈ ਕਰਨ ਲਈ ਸ। ਸ਼ਾਮ ਸਿੰਘ ਨੂੰ ਜਿਹੜੀ ਚਿੱਠੀ ਲਿਖੀ ਉਸ ਨੂੰ ਗਿਆਨੀ ਸੋਹਣ ਸਿੰਘ ਸੀਤਲ ਨੇ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਹੈ : 
ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੈਠ ਰਿਹਾ ਕੀ ਚਿਤ ਵਿੱਚ ਧਾਰ ਸਿੰਘਾ । 
ਦੋਵੇਂ ਜੰਗ ਮੁਦਕੀ, ਫੇਰੂ ਸ਼ਹਿਰ ਵਾਲੇ, ਸਿੰਘ ਆਏ ਅੰਗ੍ਰੇਜ਼ਾਂ ਤੋਂ ਹਾਰ ਸਿੰਘਾ । 
ਕਾਹਨੂੰ ਹਾਰਦੇ ਕਿਉਂ ਮਿਹਣੇ ਜਗ ਦਿੰਦਾ ? ਜਿਊਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ । 
ਤੇਗ ਸਿੰਘਾਂ ਦੀ ਤਾਂ ਖੁੰਢੀ ਨਹੀਂ ਹੋਈ, ਐਪਰ ਆਪਣੇ ਹੋ ਗਏ ਗ਼ੱਦਾਰ ਸਿੰਘਾ ।
ਪੰਜਾਬ-ਧਰੋਹੀ ਵਜ਼ੀਰ ਜਰਨੈਲ ਰਲਕੇ, ਵੇਖ ਕੌਮ ਦਾ ਮੱੁਲ ਕੀ ਪਾ ਰਹੇ ਨੇ । 
ਚਾਈਂ ਚਾਈਂ ਗੁਲਾਮੀ ਦੀਆਂ ਬੇੜੀਆਂ ਪਾ, ਉਹ ਪੰਜਾਬ ਦੀ ਅਣਖ ਮਿਟਾ ਰਹੇ ਨੇ । 
ਸਰਦਾਰ ਸ਼ਾਮ ਸਿੰਘ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਚਿੱਠੀ ਪੜ੍ਹਕੇ ਮਿਲ ਗਈ ਕਿ ਮੁਦਕੀ ਤੇ ਫੇਰੂ ਸ਼ਹਿਰ ਦੀਆਂ ਜੰਗਾਂ ਸਿੰਘ ਹਾਰੇ ਨਹੀਂ ਸਨ, ਸਗੋਂ ਅੰਗ੍ਰੇਜ਼ੀ ਸਰਕਾਰ ਤੋਂ ਲਾਹੇ ਪ੍ਰਾਪਤ ਕਰਨ ਲਈ ਬ੍ਰਾਹਮਣ ਫੌਜੀ ਕਮਾਂਡਰਾਂ ਨੇ ਸਿੱਖ ਫੌਜੀਆਂ ਨਾਲ ਗ਼ਦਾਰੀ ਕਰਕੇ ਉਨ੍ਹਾਂ ਨੂੰ ਜਾਣ ਬੁੱਝ ਕੇ ਹਰਾਇਆ ਹੈ । ਸਰਦਾਰ ਸ਼ਾਮ ਸਿੰਘ, ਗ਼ਦਾਰ ਪੂਰਬੀਏ ਅਫਸਰਾਂ (ਚੀਫ-ਇਨ-ਕਮਾਂਡਰ ਬ੍ਰਾਹਮਣ ਤੇਜ ਸਿੰਘ ਤੇ ਉਸ ਦਾ ਸਾਥੀ ਫੌਜੀ ਕਮਾਂਡਰ ਬ੍ਰਾਹਮਣ ਲਾਲ ਸਿੰਘ ਅਤੇ ਫੌਜਾਂ ਨੂੰ ਗੋਲਾ ਬਰੂਦ ਤੇ ਰਾਸ਼ਨ ਸਪਲਾਈ ਕਰਨ ਵਾਲਾ ਗੁਲਾਬ ਸਿੰਘ ਡੋਗਰਾ) ਦੀ ਕਮਾਨ ਹੇਠਾਂ ਸਿੱਖ ਫੌਜ ਨੂੰ ਤਬਾਹ ਕਰਨ ਦੀ ਬਦਨੀਅਤ ਨਾਲ ਲੜੀ ਜਾ ਰਹੀ ਲੜਾਈ ਦੇ ਵਿਰੁੱਧ ਸੀ, ਪਰ ਜਦੋਂ ਮਹਾਰਾਣੀ ਦੀ ਚਿੱਠੀ ਪੜ੍ਹੀ ਤਾਂ ਬੁੱਢੇ ਜਰਨੈਲ ਸ਼ਾਮ ਸਿੰਘ ਅਟਾਰੀ ਨੇ ਸਭਰਾਵਾਂ ਦੀ ਜੰਗ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ ਤੇ ਨਾਲ ਹੀ ਸੌਂਹ ਖਾ ਲਈ ਕਿ ਲੜਾਈ ਹਾਰੀ ਜਾਣ ਦੀ ਹਾਲਤ ਵਿੱਚ ਉਹ ਮੈਦਾਨੇ ਜੰਗ ਵਿੱਚੋਂ ਜਿਊਂਦਾ ਵਾਪਿਸ ਨਹੀਂ ਮੁੜੇਗਾ । ਉਸ ਨੇ ਹੋਰ ਵੀ ਉਨ੍ਹਾਂ ਸਿੰਘਾਂ ਨੂੰ ਰੁੱਕੇ ਲਿਖ ਭੇਜੇ ਜਿਨ੍ਹਾਂ ਨੇ ਬ੍ਰਾਹਮਣਾਂ ਤੇ ਡੋਗਰਿਆਂ ਦੀਆਂ ਸਾਜਿਸ਼ਾਂ ਤੋਂ ਤੰਗ ਆਕੇ ਲਾਹੌਰ ਦਰਬਾਰ ਤੋਂ ਦੂਰੀ ਬਣਾਈ ਹੋਈ ਸੀ ਅਤੇ ਘਰੋਂ ਘਰੀਂ ਬੈਠੇ ਸਨ । ਸ। ਸ਼ਾਮ ਸਿੰਘ ਅਟਾਰੀ ਨੇ ਉਨ੍ਹਾਂ ਸਿੰਘ ਸਰਦਾਰਾਂ ਨੂੰ ਲਿਖਿਆ ਕਿ ਸ: ਰਣਜੀਤ ਸਿੰਘ ਦੀ ਮੱੜ੍ਹੀ ਦੀ ਪੱਤ ਰੱਖੀਏ, ਗੋਰਿਆਂ ਦੇ ਗੁਲਾਮ ਹੋਕੇ ਜੀਣ ਨਾਲੋਂ ਮੈਦਾਨ-ਏ-ਜੰਗ ਵਿੱਚ ਲੜਕੇ ਸ਼ਹੀਦ ਹੋ ਜਾਣਾ ਕਿਤੇ ਚੰਗਾ ਹੈ । ਦੂਜੇ ਪਾਸੇ 7 ਫ਼ਰਵਰੀ ਨੂੰ ਬ੍ਰਾਹਮਣ ਲਾਲ ਸਿੰਘ ਵਜੀਰ ਨੇ ਆਪਣੇ ਆਦਮੀ ਫਿਰੋਜ਼ਪੁਰ ਅੰਗ੍ਰੇਜ਼ ਗਵਰਨਰ-ਜਨਰਲ ਪਾਸ ਭੇਜੇ ਅਤੇ ਆਪਣੀਆਂ ਲਾਹੌਰ ਦਰਬਾਰ ਦੀਆਂ ਫੌਜਾਂ ਦੀ ਪਰੇ੍ਹਬੰਦੀ ਤੋਂ ਹੋਣ ਵਾਲੀ ਲੜਾਈ ਦਾ ਨਕਸ਼ਾ ਉਸ ਨੂੰ ਭੇਜ ਦਿੱਤਾ । ਜਿਸ ਫੌਜ ਦੇ ਅਫ਼ਸਰ ਹੀ ਦੁਸ਼ਮਨ ਨਾਲ ਰਲੇ ਹੋਏ ਹੋਣ ਤੇ ਆਪਣੀ ਲੜਾਈ ਦੀ ਤਿਆਰੀ ਦਾ ਨਕਸ਼ਾ ਪਹਿਲਾਂ ਹੀ ਵੈਰੀ ਨੂੰ ਦੇ ਦੇਣ ਉਸ ਦੇ ਹਾਰਨ ਵਿੱਚ ਕਿਸੇ ਨੂੰ ਕੀ ਸ਼ੱਕ ਹੋਣਾ ਸੀ ? 10 ਫ਼ਰਵਰੀ 1846 ਨੂੰ ਸਭਰਾਵਾਂ ਦੀ ਜੰਗ ਦਾ ਦਿਨ ਨੀਯਤ ਹੋ ਗਿਆ । ਗ੍ਰਿਫਨ ਲਿਖਦਾ ਹੈ ਕਿ ਆਖਿਆ ਜਾਂਦਾ ਹੈ ਕਿ ਲੜਾਈ ਤੋਂ ਪਹਿਲੀ ਰਾਤ (9 ਫ਼ਰਵਰੀ 1846) ਨੂੰ ਬ੍ਰਾਹਮਣ ਤੇਜ ਸਿੰਘ ਨੇ ਸਰਦਾਰ ਸ਼ਾਮ ਸਿੰਘ ਨੂੰ ਵੀ ਆਪਣੀ ਗੱਦਰਾਨਾ ਸਾਜਿਸ਼ ਵਿੱਚ ਸ਼ਾਮਿਲ ਕਰਨ ਦਾ ਨਿਸਫਲ ਯਤਨ ਕੀਤਾ ਤੇ ਸ। ਸ਼ਾਮ ਸਿੰਘ ਨੂੰ ਆਖਿਆ ਕਿ ਉਹ ਵੀ ਅੰਗ੍ਰੇਜ਼ਾਂ ਦੇ ਪਹਿਲੇ ਹੱਲੇ ਵੇਲੇ ਹੀ ਉਸਦੇ ਨਾਲ ਹੀ ਮੈਦਾਨੋਂ ਭੱਜ ਨਿਕਲਣ, ਕਿਉਂਕਿ ਬ੍ਰਾਹਮਣ ਤੇਜ ਸਿੰਘ ਦਾ ਅੰਗ੍ਰੇਜ਼ਾਂ ਨਾਲ ਅੰਦਰੋਂ ਅੰਦਰ ਫੈਸਲਾ ਹੋ ਚੁੱਕਾ ਸੀ ਕਿ ਲੜਾਈ ਸ਼ੁਰੂ ਹੋਣ ਵੇਲੇ ਹੀ ਸਿੱਖ ਫੌਜ ਨੂੰ ਇਕੱਲਿਆਂ ਛੱਡਕੇ ਉਨ੍ਹਾਂ ਦੇ ਫੌਜੀ ਕਮਾਂਡਰ ਆਪ ਭੱਜ ਜਾਣਗੇ, ਇਸ ਲਈ ਬ੍ਰਾਹਮਣ ਤੇਜ ਸਿੰਘ ਚਾਹੁੰਦਾ ਸੀ ਕਿ ਕਿਸੇ ਪਾਸਿਉਂ ਵੀ ਅੰਗ੍ਰੇਜ਼ਾਂ ਦਾ ਡੱਟਵਾਂ ਟਾਕਰਾ ਨਾ ਹੋਵੇ । ਦੂਸਰਾ ਬ੍ਰਾਹਮਣ ਲਾਲ ਸਿੰਘ ਤਾਂ ਉਸ ਦਾ ਜੁੰਡੀ ਦਾ ਯਾਰ ਹੀ ਸੀ ਤੇ ਉਹ ਖ਼ੁਦ ਵੀ ਅੰਗ੍ਰੇਜ਼ਾਂ ਨਾਲ ਰਲਿਆ ਹੋਇਆ ਸੀ । ਬ੍ਰਾਹਮਣ ਤੇਜ ਸਿੰਘ ਨੂੰ ਡਰ ਸੀ ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਦਾ, ਸਿੱਖ ਫੌਜਾਂ ਦਾ ਬ੍ਰਾਹਮਣ ਆਗੂ ਤੇਜ ਸਿੰਘ, ਸ਼ਾਮ ਸਿੰਘ ਅਟਾਰੀ ਦੇ ਤੰਬੂ ਵਿੱਚ ਗਿਆ ਤੇ ਉਸ ਨੂੰ ਕਿਹਾ ਕਿ ਉਹ ਆਪਣੀ ਜਾਨ ਖ਼ਤਰੇ ਵਿੱਚ ਨਾ ਪਾਵੇ ਤਾਂ ਉਨ੍ਹਾਂ ਦੇ ਨਾਲ ਹੀ ਮੈਦਾਨ ਛੱਡਕੇ ਭੱਜ ਨਿਕਲੇ । ਸਿੱਖ ਫੌਜ ਦੇ ਬ੍ਰਾਹਮਣ ਚੀਫ਼-ਇਨ-ਕਮਾਂਡਰ ਦੇ ਮੂੰਹੋਂ ਇਹ ਘਟੀਆ ਤੇ ਫਰੇਬ ਭਰੀ ਸਲਾਹ ਸੁਣਕੇ ਸ। ਸ਼ਾਮ ਸਿੰਘ ਨੂੰ ਬੜਾ ਧੱਕਾ ਲੱਗਾ । ਸਰਦਾਰ ਨੇ ਸਿੱਖ ਫੌਜ ਦੇ ਗ਼ਦਾਰ ਬ੍ਰਾਹਮਣ ਕਮਾਂਡਰ ਵੱਲ ਬੜੀ ਘ੍ਰਿਣਾ ਦੀ ਨਜ਼ਰ ਨਾਲ ਵੇਖਿਆ ਤੇ ਆਪਣੀ ਥਾਂ ਤੋਂ ਉੱਠਕੇ ਬ੍ਰਾਹਮਣ ਤੇਜ ਸਿੰਘ ਨੂੰ ਕੋਈ ਜਵਾਬ ਦਿੱਤੇ ਤੋਂ ਬਿਨਾਂ ਹੀ ਉਸ ਨੂੰ ਉਥੋਂ ਚਲੇ ਜਾਣ ਦਾ ਇਸ਼ਾਰਾ ਕਰਕੇ ਆਪ ਨਾਲ ਲੱਗਦੇ ਤੰਬੂ ਵੱਲ ਚਲ ਪਿਆ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ਮਾਨ ਸੀ । ਗ਼ਦਾਰ ਬ੍ਰਾਹਮਣ ਤੇਜ ਸਿੰਘ, ਸ। ਸ਼ਾਮ ਸਿੰਘ ਨੂੰ ਇਹ ਆਖਕੇ ਚਲਾ ਗਿਆ ਕਿ ਆਖ਼ਰ ਤੈਨੂੰ ਸਾਡੇ ਨਾਲ ਰਲਣਾ ਹੀ ਪੈਣਾ ਹੈ । ਸਰਕਾਰ-ਏ-ਖ਼ਾਲਸਾ ਦੀ ਫੌਜ ਦੇ ਬ੍ਰਾਹਮਣ ਮੁਖੀ ਜਾਣ ਮਗਰੋਂ ਸ। ਸ਼ਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਇਨ੍ਹਾਂ ਸ਼ਬਦਾਂ ਵਿੱਚ ਅਰਦਾਸ ਕੀਤੀ : ਸੱਚੇ ਪਾਤਸ਼ਾਹ, ਤੈਨੂੰ ਆਪਣੇ ਖ਼ਾਲਸੇ ਤੋਂ ਬੜੀ ਨਿਰਾਸ਼ਾ ਹੋ ਰਹੀ ਹੋਵੇਗੀ, ਪਰ ਸ਼ੇਰਾਂ ਦੀ ਅਗਵਾਈ ਲੂੰਬੜ ਤੇ ਕੁੱਤੇ ਕਰ ਰਹੇ ਹਨ । ਆਪਣੇ ਖ਼ਾਲਸੇ ਨੂੰ ਮਾਫ਼ ਕਰ ਦੇਈਂ, ਮਿਹਰਾਂ ਦੇ ਸਾਈਂ ਕਿਉਂਕਿ ਖ਼ਾਲਸਾ ਤੇਰਾ ਹੈ ਅਤੇ ਤੇਰੇ ਹੁਕਮ &lsquoਤੇ ਸਦਾ ਜਿੰਦ ਕੁਰਬਾਨ ਕਰਨ ਨੂੰ ਤਿਆਰ ਹੈ । ਕੱਲ੍ਹ ਤੇਰਾ ਨਿਮਾਣਾ ਸੇਵਕ ਇਹ ਮਿੱਟੀ ਦਾ ਠੀਕਰਾ ਭੰਨਕੇ ਤੇਰੇ ਦਰ ਤੋਂ ਪਸ਼ਚਾਤਾਪ ਵਜੋਂ ਮੁਆਫੀ ਮੰਗੇਗਾ । (ਹਵਾਲਾ ਪੁਸਤਕ ਸਿੰਘ ਨਾਦ ਪੰਨਾ 88, ਲੇਖਕ ਸ: ਗੁਰਤੇਜ ਸਿੰਘ) 10 ਫਰਵਰੀ 1846 ਨੂੰ ਸਵੇਰੇ ਹੀ ਲੜਾਈ &lsquoਤੇ ਜਾਣ ਤੋਂ ਪਹਿਲਾਂ ਸ। ਸ਼ਾਮ ਸਿੰਘ ਨੇ ਚਿੱਟਾ ਬਾਣਾ ਸਜਾ ਲਿਆ ਅਤੇ ਆਪਣੀ ਖਾਸ ਸਵਾਰੀ ਚਿੱਟੀ ਚੀਨੀ ਘੋੜੇ &lsquoਤੇ ਸਵਾਰ ਹੋ ਕੇ ਸਭਰਾਵਾਂ ਦੇ ਮੈਦਾਨ ਵਿੱਚ ਜਾ ਡਟੇ । ਸਰਦਾਰ ਸ਼ਾਮ ਸਿੰਘ ਦੀ ਚੜਤਲ ਅਤੇ ਅੰਗ੍ਰੇਜ਼ਾਂ ਦੀਆਂ ਤੋਪਾਂ ਤੇ ਬੇਸ਼ੁਮਾਰ ਫੌਜਾਂ ਦਾ ਜ਼ਿਕਰ ਕਰਦਾ ਹੋਇਆ ਕਵੀ ਮਟਕ ਲਿਖਦਾ ਹੈ ਕਿ : 
ਨਿਮਸਕਾਰ ਕਰਿ ਸ਼ਸ਼ਤਰ ਪਹਿਰੇ, ਤੋੜ ਬੰਦੂਕੀ ਜੜਿਆ, ਜਗ ਨਾ ਡਰਿਆ ।
ਕਹਿਤ ਮਟਕ ਅਬ ਯੁੱਧ ਧਰਮ ਕਾ ਸਿਆਮ ਸਿੰਘ ਰਣ ਚੜ੍ਹਿਆ, ਖੰਡਾ ਫੜਿਆ ।
ਦੋਹੀਂ ਧਿਰੀਂ ਤੰਬੂਰ ਖੜਕਦੇ, ਜੁੱਧ ਦੀ ਭਈ ਤਿਆਰੀ, ਲਸ਼ਕਰ ਭਾਰੀ ।
ਚੜੇ ਰਸਾਲੇ ਔਰ ਪੜਤਣਾਂ ਗੋਰਾ ਬੇਸ਼ੁਮਾਰੀ, ਗਰਦ ਗਬਾਰੀ । 
ਕਹਿਤ ਮਟਕ ਅਬ ਪੰਥ ਕੇ ਉਪਰ ਝੁਕ ਗਈ ਨੰਦਨ ਸਾਰੀ, ਲਸ਼ਕਰ ਭਾਰੀ ।
10 ਫਰਵਰੀ 1846 ਨੂੰ ਸਵੇਰੇ ਹੀ ਅੰਗ੍ਰੇਜ਼ਾਂ ਨੇ ਖ਼ਾਲਸਾ ਫੌਜਾਂ &lsquoਤੇ ਹਮਲਾ ਕਰ ਦਿੱਤਾ । ਇਸ ਵੇਲੇ ਦੀ ਸਿੰਘਾਂ ਦੀ ਲੜਾਈ ਦਾ ਜ਼ਿਕਰ ਕਰਦਾ ਹੋਇਆ ਸ਼ਾਹ ਮੁਹੰਮਦ ਲਿਖਦਾ ਹੈ :
ਆਈਆਂ ਪੜਤਲਾਂ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ ।
ਮੇਵਾ ਸਿੰਘ ਤੇ ਮਾਖੇ ਖ਼ਾਂ ਹੋਏ ਸਿੱਧੇ, ਹਲੇ ਤਿੰਨ ਫਰੰਗੀ ਦੇ ਤੋੜ ਸੁੱਟੇ ।
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ ਸ਼ਸ਼ਤ੍ਰੀ ਜੋੜ ਵਿਛੋੜ ਸੁੱਟੇ ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ।
ਸਿੱਖ ਫੌਜਾਂ ਦੇ ਬ੍ਰਾਹਮਣ ਕਮਾਂਡਰ ਲਾਲ ਸਿੰਘ ਤੇ ਤੇਜ ਸਿੰਘ ਅੰਗ੍ਰੇਜ਼ਾਂ ਨਾਲ ਕੀਤੇ ਵਾਅਦੇ ਅਨੁਸਾਰ ਭੱਖਦੀ ਲੜਾਈ ਵਿੱਚੋਂ ਭੱਜ ਨਿਕਲੇ ਅਤੇ ਜਾਣ ਲੱਗੇ ਕਿਸ਼ਤੀਆਂ ਵਾਲਾ ਪੁੱਲ ਵੀ ਤੋੜ ਗਏ, ਮਗਰੋਂ ਸਿੰਘਾਂ ਨੂੰ ਜਦੋਂ ਬਰੂਦ ਦੀ ਲੋੜ ਪਈ ਤਾਂ ਉਨ੍ਹਾਂ ਵੇਖਿਆ ਕਿ ਬੋਰੀਆਂ ਵਿੱਚ ਬਰੂਦ ਦੀ ਥਾਂ ਸਰੋਂ ਭਰੀ ਹੋਈ ਹੈ । ਇਸ ਢੈਂਹਦੀ ਕਲਾ ਵਿੱਚ ਵੀ ਸਰਦਾਰ ਸ਼ਾਮ ਸਿੰਘ ਨੇ ਦਿਲ ਨਾ ਛੱਡਿਆ, ਬਲਕਿ ਜਿਥੇ ਮੋਰਚਾ ਟੁੱਟਦਾ ਉਥੇ ਆਪ ਪਹੁੰਚਦਾ ਅਤੇ ਸਿੰਘਾਂ ਨੂੰ ਹੱਲਾਸ਼ੇਰੀ ਦਿੰਦਾ । ਸਰਦਾਰ ਦਾ ਚਿੱਟਾ ਦਾਹੜਾ, ਚਿੱਟਾ ਬਾਣਾ ਤੇ ਚਿੱਟੀ ਘੋੜੀ ਵੇਖਕੇ ਦੁਸ਼ਮਣ ਨੇ ਵੀ ਇਹ ਗੱਲ ਲਿਖੀ ਹੈ ਕਿ ਚਿੱਟੇ ਵਸਤਰਾਂ ਵਿੱਚ ਲਿਪਟੀ ਉਹ ਆਤਮਾ ਜੰਗ ਦੇ ਮੈਦਾਨ ਵਿੱਚ ਹਰ ਥਾਂ ਨਜ਼ਰ ਆ ਰਹੀ ਸੀ ਅਤੇ ਬਿਜਲੀ ਦੀ ਤੇਜੀ ਵਾਂਗ ਕਿਰਪਾਨ ਚੱਲਾਉਂਦੀ ਹੋਈ ਵੈਰੀਆਂ ਦੇ ਆਹੂ ਲਾਹ ਰਹੀ ਸੀ । ਉਸ ਦੇ ਸਾਥੀ ਸਿੱਖ ਸਿਪਾਹੀ ਵੀ ਆਖਰੀ ਦਮ ਤੱਕ ਸ਼ੇਰਾਂ ਵਾਂਗ ਲੜੇ । ਅੱਗੋਂ ਗੋਰਿਆਂ ਦੀ ਗੋਲੀ ਮੀਂਹ ਵਾਂਗ ਵਰ੍ਹ ਰਹੀ ਸੀ । ਸੱਤ ਗੋਲੀਆਂ ਸਰਦਾਰ ਦੀ ਛਾਤੀ ਤੇ ਸਰੀਰ ਨੂੰ ਛਾਨਣੀ ਕਰ ਗਈਆਂ । ਜਦੋਂ ਵਰਦੀ ਵਾਲੀਆਂ ਲਾਸ਼ਾਂ ਦੇ ਅੰਬਾਰ ਵਿੱਚੋਂ ਉਸ ਦਾ ਸਰੀਰ ਧੂਹ ਕੇ ਕੱਢਿਆ ਗਿਆ, ਤਾਂ ਉਸ ਥਾਂ &lsquoਤੇ ਦੁਸ਼ਮਣ ਦੀਆਂ ਲਾਸ਼ਾਂ ਸਭ ਤੋਂ ਵੱਧ ਸਨ । ਛੇ ਸਿਪਾਹੀ ਸਰਦਾਰ ਦੀ ਦੇਹ ਚੁੱਕ ਕੇ ਦਰਿਆ ਵਿੱਚੋਂ ਤੈਰ ਕੇ ਵਾਪਸ ਪਰਤੇ । 12 ਫਰਵਰੀ 1846 ਨੂੰ ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਪਿੰਡ ਅਟਾਰੀ ਪਹੁੰਚਾ ਜਿਥੇ ਅਣਖੀਲੇ ਸ। ਸ਼ਾਮ ਸਿੰਘ ਦਾ ਸਸਕਾਰ ਕੀਤਾ ਗਿਆ । ਉਥੇ ਉਨ੍ਹਾਂ ਦੀ ਯਾਦ ਵਿੱਚ ਸਮਾਧ ਬਣਾਈ ਗਈ । ਅਟਾਰੀ ਵਿੱਚ ਇਹ ਵਿਸ਼ਵਾਸ਼ ਹੈ ਕਿ ਧਰੂ ਤਾਰੇ ਵਰਗਾ ਚਮਕਦਾਰ ਇਕ ਤਾਰਾ ਉਦੋਂ ਅਸਮਾਨ ਵਿੱਚ ਨਜ਼ਰ ਆਵੇਗਾ, ਜਦੋਂ ਧਰਤੀ &lsquoਤੇ ਸ਼ਾਮ ਸਿੰਘ ਵਰਗਾ ਇਕ ਹੋਰ ਮਨੁੱਖ ਜਨਮ ਲਵੇਗਾ । ਅਗਲੇ ਹਫ਼ਤੇ ਪੜੋ੍ਹ ਤਿੰਨ ਵੱਡੇ ਗ਼ਦਾਰਾਂ, (1) ਡੋਗਰਾ ਗੁਲਾਬ ਸਿੰਘ, (2) ਬ੍ਰਾਹਮਣ ਤੇਜ ਸਿੰਘ, (3) ਬ੍ਰਾਹਮਣ ਲਾਲ ਸਿੰਘ ਦਾ ਪਿਛੋਕੜ ਅਤੇ ਸਿੱਖ ਰਾਜ ਨਾਲ ਗ਼ਦਾਰੀ ਕਰਨ ਦਾ ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਕੀ ਇਨਾਮ ਦਿੱਤਾ । 
ਹਵਾਲਾ ਪੁਸਤਕਾਂ (1) ਜੀਵਨੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਲੇਖਕ ਡਾ। ਗੰਡਾ ਸਿੰਘ, (2) ਪੰਜਾਬ ਉੱਤੇ ਅੰਗ੍ਰੇਜ਼ਾਂ ਦਾ ਕਬਜ਼ਾ, ਲੇਖਕ ਡਾ। ਗੰਡਾ ਸਿੰਘ, (3) ਰਾਜ ਕਰੇਗਾ ਖ਼ਾਲਸਾ-ਲੇਖਕ ਸਿਰਦਾਰ ਕਪੂਰ ਸਿੰਘ, (4) ਜੀਵਨੀ ਅਕਾਲੀ ਫੂਲਾ ਸਿੰਘ-ਲੇਖਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, (5) ਸਿੰਘ ਨਾਦ-ਲੇਖਕ ਸ: ਗੁਰਤੇਜ ਸਿੰਘ, (6) ਖ਼ਾਲਸਾ ਰਾਜ ਦੇ ਉਸਰਈਏ-ਲੇਖਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ।
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ
ਯੂ।ਕੇ।