ਸੋਸ਼ਲ ਮੀਡੀਆ ’ਤੇ ਤਿੱਖੀ ਬਿਆਨਬਾਜ਼ੀ ਲਈ ਮਸ਼ਹੂਰ Nancy Grewal ਦਾ ਕਤਲ

ਲਾਸਾਲ ਪੁਲੀਸ ਨੇ ਇੱਕ ਤਾਜ਼ਾ ਮਾਮਲੇ ਵਿੱਚ ਚਾਕੂ ਮਾਰ ਕੇ ਕਤਲ ਕੀਤੀ ਗਈ ਮਹਿਲਾ ਦੀ ਪਛਾਣ ਵਿੰਡਸਰ ਦੀ 45 ਸਾਲਾ ਨੈਂਸੀ ਗਰੇਵਾਲ ਵਜੋਂ ਕੀਤੀ ਹੈ। ਵਿੰਡਸਰ ਸਟਾਰ ਦੀ ਰਿਪੋਰਟ ਦੇ ਅਨੁਸਾਰ ਪੁਲੀਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ,"ਲਾਸਾਲ ਪੁਲੀਸ ਸਰਵਿਸ ਸ਼੍ਰੀਮਤੀ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਜਨਤਕ ਚਿੰਤਾ ਨੂੰ ਘੱਟ ਕਰਨ ਲਈ,ਅਸੀਂ ਸਾਂਝਾ ਕਰ ਰਹੇ ਹਾਂ ਕਿ ਜਾਂਚਕਰਤਾ ਇਸ ਨੂੰ ਇੱਕ ਅਲੱਗ ਘਟਨਾ ਵਜੋਂ ਦੇਖ ਰਹੇ ਹਨ।" ਹਾਲਾਂਕਿ ਜਾਂਚਕਰਤਾਵਾਂ ਨੇ ਇਸ ਮਾਮਲੇ ਨੂੰ ਇੱਕ ਵੱਖਰੀ ਘਟਨਾ ਦੇ ਤੌਰ &rsquoਤੇ ਦੱਸਿਆ ਹੈ,ਪਰ ਉਨ੍ਹਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕੋਈ ਸ਼ੱਕੀ ਹਿਰਾਸਤ ਵਿੱਚ ਹੈ ਜਾਂ ਨਹੀਂ।

ਪੁਲੀਸ ਅਤੇ ਪੈਰਾਮੈਡਿਕਸ ਮੰਗਲਵਾਰ ਰਾਤ 9:30 ਵਜੇ ਤੋਂ ਕੁਝ ਸਮਾਂ ਪਹਿਲਾਂ ਟੌਡ ਲੇਨ ਦੇ 2400 ਬਲਾਕ ਵਿੱਚ ਚਾਕੂ ਮਾਰਨ ਦੀ ਸੂਚਨਾ ਮਿਲਣ 'ਤੇ ਪਹੁੰਚੇ ਸਨ। ਬਚਾਅ ਕਰਮਚਾਰੀਆਂ ਨੂੰ ਉੱਥੇ ਇੱਕ ਮਹਿਲਾ ਮਿਲੀ ਜੋ ਚਾਕੂ ਦੇ ਜ਼ਖ਼ਮਾਂ ਨਾਲ ਜੂਝ ਰਹੀ ਸੀ। ਪੁਲੀਸ ਨੇ ਦੱਸਿਆ ਕਿ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਸਰਵਿਸਿਜ਼ ਦੇ ਮੈਂਬਰਾਂ ਨੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ,ਜਿੱਥੇ ਉਸ ਨੇ "ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ।"