ਦੁਬਈ ਪੁਲੀਸ ਦੀ ਭਾਰਤੀਆਂ ਨੂੰ ਚਿਤਾਵਨੀ ਫਰਜ਼ੀ ਵੀਡੀਓ ਪੋਸਟ ਕਰਨ 'ਤੇ ਹੋ ਸਕਦਾ ਹੈ ਸਿੱਧਾ ਦੇਸ਼ ਨਿਕਾਲਾ

ਖਾੜੀ ਦੇਸ਼ਾਂ ਵਿੱਚ ਹਾਲ ਹੀ ਵਿੱਚ ਹੋਏ ਹਮਲਿਆਂ ਤੋਂ ਬਾਅਦ ਵਧੇ ਖੇਤਰੀ ਤਣਾਅ ਵਿਚਾਲੇ ਦੁਬਈ ਦੇ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਗੈਰ-ਪ੍ਰਮਾਣਿਤ ਜਾਂ "ਨਕਾਰਾਤਮਕ" ਸਮੱਗਰੀ ਸਾਂਝੀ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ ਹੈ। ਆਨਲਾਈਨ ਵਾਇਰਲ ਹੋ ਰਹੀ ਇੱਕ ਵੀਡੀਓ, ਜੋ ਖਾਸ ਕਰਕੇ ਯੂਏਈ (UAE) ਵਿੱਚ ਰਹਿੰਦੇ ਭਾਰਤੀ ਭਾਈਚਾਰਿਆਂ ਵਿੱਚ ਸਾਂਝੀ ਕੀਤੀ ਜਾ ਰਹੀ ਹੈ, ਉਸ ਵਿੱਚ ਇੱਕ ਬੁਲਾਰੇ ਦੀ ਪਛਾਣ ਦੁਬਈ ਪੁਲੀਸ ਦੇ ਨੁਮਾਇੰਦੇ ਵਜੋਂ ਹੋਈ ਹੈ। ਵੀਡੀਓ ਵਿੱਚ ਉਸ ਵੱਲੋਂ ਲੋਕਾਂ ਨੂੰ ਹਾਦਸਿਆਂ, ਅੱਗ ਜਾਂ ਹੋਰ ਮਾੜੀਆਂ ਘਟਨਾਵਾਂ ਦੀਆਂ ਕਲਿੱਪਾਂ ਪੋਸਟ ਨਾ ਕਰਨ ਲਈ ਕਹਿੰਦਿਆਂ ਦਿਖਾਇਆ ਗਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਜਿਹੀਆਂ ਪੋਸਟਾਂ ਦੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਕਲਿੱਪ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ਿੰਮੇਵਾਰ ਲੋਕਾਂ ਨੂੰ "ਸਿੱਧਾ ਦੇਸ਼ ਨਿਕਾਲੇ" (ਡਿਪੋਰਟੇਸ਼ਨ) ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਹਾਲਾਂਕਿ ਅਧਿਕਾਰੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਗਲਤ ਜਾਣਕਾਰੀ ਲਈ ਕਾਨੂੰਨੀ ਕਾਰਵਾਈ ਯੂਏਈ ਦੇ ਸਾਈਬਰ ਕ੍ਰਾਈਮ ਕਾਨੂੰਨਾਂ ਰਾਹੀਂ ਹੁੰਦੀ ਹੈ ਨਾ ਕਿ ਕਿਸੇ ਆਟੋਮੈਟਿਕ ਡਿਪੋਰਟੇਸ਼ਨ ਨੀਤੀ ਤੋਂ। ਅਫਵਾਹਾਂ ਅਤੇ ਸਾਈਬਰ ਅਪਰਾਧਾਂ ਨਾਲ ਨਜਿੱਠਣ ਲਈ ਫੈਡਰਲ ਡਿਕਰੀ-ਲਾਅ ਨੰਬਰ 34 (2021) ਦੇ ਤਹਿਤ, ਅਧਿਕਾਰਤ ਘੋਸ਼ਣਾਵਾਂ ਦੇ ਉਲਟ ਝੂਠੀ, ਗੁੰਮਰਾਹਕੁੰਨ ਜਾਂ ਗੈਰ-ਪ੍ਰਮਾਣਿਤ ਜਾਣਕਾਰੀ ਫੈਲਾਉਣਾ ਜਾਂ ਪ੍ਰਸਾਰਿਤ ਕਰਨਾ ਅਪਰਾਧਿਕ ਸਜ਼ਾਵਾਂ ਦਾ ਕਾਰਨ ਬਣ ਸਕਦਾ ਹੈ।