ਵਰਲਡ ਟੂਰ ’ਤੇ ਗਏ ਕੈਨੇਡਾ ਦੇ ਨੌਜਵਾਨ ਦੀ ਪੇਰੂ ਵਿੱਚ ਸੜਕ ਹਾਦਸੇ ’ਚ ਮੌਤ

ਸਰੀ : ਪੰਜਾਬ ਨਾਲ ਸਬੰਧਤ ਅਤੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿਣ ਵਾਲੇ 42 ਸਾਲਾ ਰਘਬੀਰ ਸਿੰਘ ਭਰੋਵਾਲ ਦੀ ਪੇਰੂ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਰਘਬੀਰ ਸਿੰਘ &ldquoਫਲਾਇੰਗ ਖਾਲਸਾ ਵਰਲਡ ਟੂਰ&rdquoਦੇ ਨਾਂ ਹੇਠ ਆਪਣੀ ਹਾਰਲੇ ਡੇਵਿਡਸਨ ਮੋਟਰਸਾਈਕਲ &rsquoਤੇ ਇਕੱਲੇ ਹੀ ਦੁਨੀਆਂ ਦੀ ਯਾਤਰਾ ਕਰ ਰਹੇ ਸਨ।
ਉਹ ਪੇਸ਼ੇ ਤੋਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਕਨਸਲਟੈਂਟ ਸਨ ਅਤੇ ਤਿੰਨ ਬੱਚਿਆਂ ਦੇ ਪਿਤਾ ਸਨ। ਉਨ੍ਹਾਂ ਦਾ ਸੁਪਨਾ ਦੁਨੀਆਂ ਦੇ 31 ਦੇਸ਼ਾਂ ਦੀ ਯਾਤਰਾ ਕਰਨਾ ਸੀ, ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਕੀਤੀ ਸੀ।
ਹਾਦਸੇ ਤੋਂ ਤਿੰਨ ਦਿਨ ਪਹਿਲਾਂ ਰਘਬੀਰ ਸਿੰਘ ਨੇ ਪੇਰੂ ਤੋਂ ਸੋਸ਼ਲ ਮੀਡੀਆ &rsquoਤੇ ਆਪਣੀ ਆਖਰੀ ਵੀਡੀਓ ਵੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਜਦੋਂ ਪਰਿਵਾਰ ਦਾ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਸਥਾਨਕ ਅਧਿਕਾਰੀਆਂ ਰਾਹੀਂ ਭਾਲ ਸ਼ੁਰੂ ਕੀਤੀ ਗਈ। ਮੰਗਲਵਾਰ ਨੂੰ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਇਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ।
ਇਸ ਖ਼ਬਰ ਨਾਲ ਕੈਨੇਡਾ ਅਤੇ ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਰਘਬੀਰ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਭਰੋਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਸਫ਼ਰ ਅਤੇ ਸਾਹਸੀ ਯਾਤਰਾਵਾਂ ਦਾ ਬਹੁਤ ਸ਼ੌਕ ਸੀ ਅਤੇ ਉਹ ਆਪਣੀ ਯਾਤਰਾ ਰਾਹੀਂ ਹੋਰਨਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੁੰਦੇ ਸਨ।