ਰੂਸ ਭਾਰਤ ਨੂੰ 9.5 ਮਿਲੀਅਨ ਤੇਲ ਬੈਰਲ ਭੇਜਣ ਲਈ ਤਿਆਰ

ਮਾਸਕੋ: ਮੱਧ-ਪੂਰਬ ਸੰਕਟ ਦੇ ਕਾਰਨ ਭਾਰਤ ਦੇ ਕੋਲ ਸਿਰਫ਼ 25 ਦਿਨਾਂ ਦੀ ਮੰਗ ਪੂਰੀ ਕਰਨ ਵਾਲਾ ਕੱਚਾ ਤੇਲ ਮੌਜੂਦ ਹੈ, ਨਾਲ ਹੀ ਗੈਸੋਇਲ, ਪੈਟਰੋਲ ਅਤੇ ਐਲਪੀਜੀ ਦੇ ਭੰਡਾਰ ਵੀ ਘੱਟ ਹਨ। ਏਸੇ ਸਮੇਂ ਤੇ ਰੂਸ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਵੱਲ ਤੇਲ ਦਾ ਰੁਖ ਕਰੇਗਾ ਤਾਂ ਜੋ ਮੱਧ-ਪੂਰਬ ਤੋਂ ਆ ਰਹੀ ਸਪਲਾਈ ਵਿੱਚ ਰੁਕਾਵਟ ਨੂੰ ਪੂਰਾ ਕੀਤਾ ਜਾ ਸਕੇ। ਲਗਭਗ 9.5 ਮਿਲੀਅਨ ਬੈਰਲ ਰੂਸੀ ਕੱਚਾ ਤੇਲ ਭਾਰਤੀ ਪਾਣੀਆਂ ਦੇ ਨੇੜੇ ਜਹਾਜ਼ਾਂ ਵਿੱਚ ਮੌਜੂਦ ਹੈ ਜੋ ਕੁਝ ਹਫ਼ਤਿਆਂ ਵਿੱਚ ਭਾਰਤ ਪਹੁੰਚ ਸਕਦਾ ਹੈ।
ਇੱਕ ਉਦਯੋਗਿਕ ਸਰੋਤ ਨੇ ਦੱਸਿਆ ਕਿ ਰੂਸ ਭਾਰਤ ਦੀ ਲਗਭਗ 40% ਕੱਚੇ ਤੇਲ ਦੀ ਲੋੜ ਪੂਰੀ ਕਰਨ ਲਈ ਤਿਆਰ ਹੈ। ਭਾਰਤ ਦੇ ਰਿਫ਼ਾਈਨਰੀਆਂ ਹਰ ਰੋਜ਼ ਲਗਭਗ 5.6 ਮਿਲੀਅਨ ਬੈਰਲ ਕੱਚਾ ਤੇਲ ਪ੍ਰੋਸੈਸ ਕਰਦੀਆਂ ਹਨ। ਪਰ ਹੁਣ ਹੋਰਮੁਜ਼ ਦੇ ਸਮੁੰਦਰੀ ਰਸਤੇ &rsquoਤੇ ਇਰਾਨੀ ਹਮਲਿਆਂ ਕਾਰਨ ਜਹਾਜ਼ਾਂ ਦੀ ਆਵਾਜਾਈ ਰੁਕ ਗਈ ਹੈ। ਇਹ ਰਸਤਾ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਤੇਲ ਨਿਰਯਾਤ ਰਸਤਾ ਹੈ, ਜਿਸ ਰਾਹੀਂ ਭਾਰਤ ਦੇ 40% ਤੇਲ ਆਯਾਤ ਹੁੰਦੇ ਹਨ। ਰੂਸ ਨੇ ਇਹ ਵੀ ਕਿਹਾ ਹੈ ਕਿ ਉਹ ਭਾਰਤ ਨੂੰ ਤਰਲ ਕੁਦਰਤੀ ਗੈਸ (LN7) ਵੀ ਵੇਚਣ ਲਈ ਤਿਆਰ ਹੈ, ਕਿਉਂਕਿ ਕਤਰ ਨੇ ਸੰਘਰਸ਼ ਕਾਰਨ ਉਤਪਾਦਨ ਰੋਕ ਦਿੱਤਾ ਹੈ। ਚੀਨ ਅਤੇ ਭਾਰਤ ਦੋਵੇਂ ਆਪਣੀ ਲਗਭਗ ਅੱਧੀ ਤੇਲ ਦੀ ਲੋੜ ਮੱਧ-ਪੂਰਬ ਤੋਂ ਪੂਰੀ ਕਰਦੇ ਹਨ, ਪਰ ਭਾਰਤ ਕੋਲ ਚੀਨ ਦੇ ਮੁਕਾਬਲੇ ਘੱਟ ਭੰਡਾਰ ਹਨ, ਜਿਸ ਕਾਰਨ ਉਹ ਸਪਲਾਈ ਸੰਕਟ ਲਈ ਹੋਰ ਜ਼ਿਆਦਾ ਨਾਜ਼ੁਕ ਹੈ।