ਸ੍ਰੀ ਮੁਕਤਸਰ ਸਾਹਿਬ: ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਟਕਰਾਅ

ਸ੍ਰੀ ਮੁਕਤਸਰ ਸਾਹਿਬ/ਕੋਟਭਾਈ: ਪਿੰਡ ਭੁੰਦੜ ਦੇ ਗੁਰਦੁਆਰਾ ਸਾਹਿਬ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਖੂਨੀ ਟਕਰਾਅ ਹੋ ਗਿਆ। ਮੌਕੇ &lsquoਤੇ ਮੌਜੂਦ ਲੋਕਾਂ ਮੁਤਾਬਕ ਗੁਰੂ ਘਰ ਦੀ ਸੇਵਾ-ਸੰਭਾਲ ਨੂੰ ਲੈ ਕੇ ਇਹ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਕਮੇਟੀ ਪਹਿਲਾਂ ਮਹਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ। ਇਸ ਦੌਰਾਨ ਪਿੰਡ ਦੇ ਕੁਝ ਹੋਰ ਵਿਅਕਤੀ ਗੁਰੂ ਘਰ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਸਨ। ਦੱਸਿਆ ਜਾਂਦਾ ਹੈ ਕਿ ਅੱਜ ਇਹ ਧਿਰਾਂ 'ਆਪ' ਪਾਰਟੀ ਦੇ ਸਰਪੰਚ ਅਮਨਦੀਪ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈ। ਮੌਕੇ &lsquoਤੇ ਪਹੁੰਚਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਲੱਗੇ ਕੈਮਰੇ ਉਤਾਰ ਦਿੱਤੇ ਗਏ, ਜਿਸ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਤਣਾਅ ਵਧ ਗਿਆ।
ਦੋਨਾਂ ਧਿਰਾਂ ਵਿਚਕਾਰ ਬਹਿਸ ਬਾਅਦ ਮਾਮਲਾ ਹੱਥਾਪਾਈ ਅਤੇ ਫਿਰ ਫਾਇਰਿੰਗ ਤੱਕ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਾਬਕਾ ਸਰਪੰਚ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ &lsquoਤੇ ਗੋਲੀਆਂ ਚਲਾਈਆਂ ਗਈਆਂ। ਟਕਰਾਅ ਦੌਰਾਨ ਤਿੰਨ ਗੱਡੀਆਂ ਦੀ ਵੀ ਭੰਨਤੋੜ ਹੋਣ ਦੀ ਜਾਣਕਾਰੀ ਮਿਲੀ ਹੈ।
ਉੱਧਰ ਮੌਕੇ &lsquoਤੇ ਪਹੁੰਚੇ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਦੀਪਕ ਕੰਬੋਜ ਨੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗੋਲਕ ਖੋਲ੍ਹਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਕਾਰ ਵਿਵਾਦ ਹੋ ਗਿਆ ਸੀ। ਇਕ ਧਿਰ ਦੀ ਅਗਵਾਈ ਮਹਿੰਦਰ ਸਿੰਘ ਕਰ ਰਹੇ ਸਨ, ਜਦਕਿ ਦੂਜੀ ਧਿਰ ਦੀ ਅਗਵਾਈ ਸਰਪੰਚ ਅਮਨਦੀਪ ਸਿੰਘ ਕਰ ਰਹੇ ਸਨ।