ਬਠਿੰਡਾ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਅਤੇ ਮਾਰਚ

ਬਠਿੰਡਾ ਦੇ ਐੱਸ ਐੱਸ ਪੀ ਜਯੋਤੀ ਯਾਦਵ ਸਮੇਤ ਪੁਲੀਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਪਾਵਰ ਹਾਊਸ ਰੋਡ ਸਥਿਤ ਪੁੱਡਾ ਗਰਾਊਂਡ ਵਿੱਚ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ "ਸਾਂਝੀ ਲੋਕ ਲਲਕਾਰ" ਨਾਮਕ ਰੋਸ ਰੈਲੀ ਕੀਤੀ। ਜ਼ਿਕਰਯੋਗ ਹੈ ਕਿ 6 ਅਤੇ 18 ਫਰਵਰੀ ਨੂੰ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਦਰਸ਼ਨਾਂ ਦੌਰਾਨ ਹੋਈਆਂ ਕਥਿਤ ਪੁਲੀਸ ਵਧੀਕੀਆਂ ਖ਼ਿਲਾਫ਼ ਕਿਸਾਨਾਂ,ਖੇਤ ਮਜ਼ਦੂਰਾਂ ਅਤੇ ਠੇਕਾ ਮੁਲਾਜ਼ਮਾਂ ਦੀਆਂ ਕਰੀਬ 50 ਜਥੇਬੰਦੀਆਂ ਇੱਕਜੁੱਟ ਹੋਈਆਂ ਹਨ।
ਇਹ ਪ੍ਰਦਰਸ਼ਨ ਬੀ.ਕੇ.ਯੂ.(ਏਕਤਾ ਉਗਰਾਹਾਂ) ਦੇ ਸੱਦੇ 'ਤੇ ਤੈਅ ਕੀਤਾ ਗਿਆ ਸੀ ਅਤੇ ਇਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਏ.ਸੀ.) ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ ਹੋਇਆ। ਬਾਅਦ ਵਿੱਚ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ 'ਤੇ ਮਾਰਚ ਕੱਢਿਆ ਜੋ ਹਨੂੰਮਾਨ ਚੌਂਕ ਵਿਖੇ ਸਮਾਪਤ ਹੋਇਆ। 18 ਫਰਵਰੀ ਨੂੰ ਪਿੰਡ ਜਿਉਂਦ ਵਿੱਚ ਕਿਸਾਨਾਂ ਅਤੇ ਪੁਲੀਸ ਵਿਚਾਲੇ ਹੋਈ ਝੜਪ ਵਿੱਚ ਜ਼ਖ਼ਮੀ ਹੋਏ ਦੋ ਕਿਸਾਨ ਚਰਨਜੀਤ ਸਿੰਘ ਮਾੜੀ ਅਤੇ ਪਰਨੀਤ ਸਿੰਘ ਜਿਉਂਦ ਵੀ ਪ੍ਰਦਰਸ਼ਨ ਦੌਰਾਨ ਸਟੇਜ 'ਤੇ ਮੌਜੂਦ ਸਨ।