ਈਰਾਨ ਲਈ ਜਾਸੂਸੀ ਦੇ ਸ਼ੱਕ ‘ਚ ਇੰਗਲੈਂਡ ‘ਚ 4 ਗ੍ਰਿਫ਼ਤਾਰ

ਫੋਟੋ ਕੈਪਸ਼ਨ: ਈਰਾਨ ਲਈ ਜਾਸੂਸੀ ਦੇ ਸ਼ੱਕ ‘ਚ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਤਲਾਸੀ ਕਰਦੀ ਹੋਈ ਪੁਲਿਸ । ਤਸਵੀਰ:- ਸੁਖਜਿੰਦਰ ਸਿੰਘ ਢੱਡੇ

 ਲੈਸਟਰ (ਇੰਗਲੈਂਡ), 6 ਮਾਰਚ (ਸੁਖਜਿੰਦਰ ਸਿੰਘ ਢੱਡੇ)- ਬ੍ਰਿਟੇਨ ਵਿੱਚ ਪੁਲਿਸ ਨੇ ਈਰਾਨ ਦੀ ਖੁਫੀਆ ਏਜੰਸੀ ਲਈ ਜਾਸੂਸੀ ਕਰਨ ਦੇ ਸ਼ੱਕ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਗਿਆ ਹੈ ਕਿ ਇਹ ਵਿਅਕਤੀ ਯਹੂਦੀ ਭਾਈਚਾਰੇ ਨਾਲ ਸੰਬੰਧਤ ਕੁਝ ਥਾਵਾਂ ਅਤੇ ਲੋਕਾਂ &lsquoਤੇ ਨਿਗਰਾਨੀ ਕਰ ਰਹੇ ਸਨ।

ਮੇਟਰੋਪੋਲਿਟਨ ਪੁਲਿਸ ਦੇ ਕਾਊਂਟਰ ਟੈਰਰਿਜ਼ਮ ਅਧਿਕਾਰੀਆਂ ਵੱਲੋਂ ਕੀਤੀ ਗਈ ਯੋਜਨਾਬੱਧ ਕਾਰਵਾਈ ਦੌਰਾਨ ਇਹ ਗ੍ਰਿਫ਼ਤਾਰੀਆਂ ਸਵੇਰੇ ਕਰੀਬ 1 ਵਜੇ ਬਾਰਨੇਟ ਅਤੇ ਵਾਟਫੋਰਡ ਖੇਤਰਾਂ ਵਿੱਚ ਕੀਤੀਆਂ ਗਈਆਂ। ਗ੍ਰਿਫ਼ਤਾਰ ਹੋਣ ਵਾਲਿਆਂ ਵਿੱਚ ਇੱਕ ਇਰਾਨੀ ਨਾਗਰਿਕ ਅਤੇ ਤਿੰਨ ਦੋਹਰੇ ਬ੍ਰਿਟਿਸ਼-ਇਰਾਨੀ ਨਾਗਰਿਕ ਸ਼ਾਮਲ ਹਨ।
ਪੁਲਿਸ ਮੁਤਾਬਕ 40 ਸਾਲਾ ਅਤੇ 55 ਸਾਲਾ ਦੋ ਵਿਅਕਤੀਆਂ ਨੂੰ ਬਾਰਨੇਟ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 52 ਸਾਲਾ ਇਕ ਹੋਰ ਵਿਅਕਤੀ ਨੂੰ ਵਾਟਫੋਰਡ ਵਿੱਚੋਂ ਕਾਬੂ ਕੀਤਾ ਗਿਆ। ਚੌਥੇ ਸ਼ੱਕੀ 22 ਸਾਲਾ ਨੌਜਵਾਨ ਨੂੰ ਹੈਰੋ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਵੱਲੋਂ ਬਾਰਨੇਟ ਅਤੇ ਵੇਮਬਲੀ ਸਮੇਤ ਕਈ ਥਾਵਾਂ &lsquoਤੇ ਤਲਾਸ਼ੀ ਮੁਹਿੰਮ ਵੀ ਜਾਰੀ ਹੈ। ਇਸ ਕਾਰਵਾਈ ਦੌਰਾਨ ਹੋਰ ਛੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ &lsquoਤੇ ਇੱਕ ਅਪਰਾਧੀ ਦੀ ਮਦਦ ਕਰਨ ਦੇ ਦੋਸ਼ ਹਨ। ਇਸ ਤਰ੍ਹਾਂ ਕੁੱਲ 10 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ &lsquoਤੇ ਨੈਸ਼ਨਲ ਸਿਕਿਉਰਿਟੀ ਐਕਟ 2023 ਦੇ ਤਹਿਤ ਵਿਦੇਸ਼ੀ ਖੁਫੀਆ ਏਜੰਸੀ ਦੀ ਮਦਦ ਕਰਨ ਦੇ ਸ਼ੱਕ ਵਿੱਚ ਕਾਰਵਾਈ ਕੀਤੀ ਗਈ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਯਹੂਦੀ ਭਾਈਚਾਰੇ ਨਾਲ ਸੰਬੰਧਤ ਥਾਵਾਂ ਅਤੇ ਵਿਅਕਤੀਆਂ &lsquoਤੇ ਕੀਤੀ ਜਾ ਰਹੀ ਸੰਭਾਵਿਤ ਨਿਗਰਾਨੀ ਨਾਲ ਜੁੜਿਆ ਹੋਇਆ ਹੈ।
ਕਾਊਂਟਰ ਟੈਰਰਿਜ਼ਮ ਪੁਲਿਸ ਦੀ ਮੁਖੀ ਕਮਾਂਡਰ ਹੈਲਨ ਫਲੈਨੇਗਨ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਇਕ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਦਾ ਹਿੱਸਾ ਹਨ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ।
ਉਧਰ ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਮੂਦ ਨੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਸਰਕਾਰ ਹਰ ਤਰ੍ਹਾਂ ਦੀ ਕਾਰਵਾਈ ਕਰਨ ਲਈ ਤਿਆਰ ਹੈ ਅਤੇ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਏ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ!