ਈਰਾਨ ਜੰਗ ਮਾਮਲੇ ‘ਚ ਬ੍ਰਿਟੇਨ ਤਿਆਰ, ਕਤਰ ‘ਚ ਹੋਰ ਟਾਈਫੂਨ ਲੜਾਕੂ ਜਹਾਜ਼ ਭੇਜੇ ਜਾਣਗੇ – ਸਟਾਰਮਰ

 ਲੈਸਟਰ (ਇੰਗਲੈਂਡ), 6 ਮਾਰਚ (ਸੁਖਜਿੰਦਰ ਸਿੰਘ ਢੱਡੇ)- ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਅਤੇ ਈਰਾਨ ਨਾਲ ਜੰਗੀ ਹਾਲਾਤਾਂ ਦਰਮਿਆਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਨੇ ਕਿਹਾ ਹੈ ਕਿ ਬ੍ਰਿਟੇਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ ਅਤੇ ਸਰਕਾਰ ਮਜ਼ਬੂਤੀ ਨਾਲ ਆਪਣੇ ਫੈਸਲਿਆਂ &lsquoਤੇ ਕਾਇਮ ਹੈ।
ਇਕ ਪ੍ਰੈਸ ਕਾਨਫਰੰਸ ਦੌਰਾਨ ਸਟਾਰਮਰ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਕੋਬਰਾ ਐਮਰਜੈਂਸੀ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿੱਚ ਮੱਧ ਪੂਰਬ ਦੀ ਸਥਿਤੀ ਅਤੇ ਬ੍ਰਿਟੇਨ ਦੀ ਤਿਆਰੀ ਬਾਰੇ ਵਿਸਥਾਰ ਨਾਲ ਚਰਚਾ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਸ਼ਾਂਤ ਅਤੇ ਸੰਤੁਲਿਤ ਨੇਤ੍ਰਿਤਵ ਦੇ ਨਾਲ ਦੇਸ਼ ਦੇ ਹਿਤਾਂ ਦੀ ਰੱਖਿਆ ਕਰਨਾ ਹੈ।
ਸਟਾਰਮਰ ਨੇ ਦੱਸਿਆ ਕਿ ਬ੍ਰਿਟੇਨ ਕਤਰ ਵਿੱਚ ਆਪਣੀਆਂ ਫੌਜੀ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਚਾਰ ਹੋਰ ਟਾਈਫੂਨ ਲੜਾਕੂ ਜਹਾਜ਼ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਨੇ ਜੰਗ ਦੀ ਸੰਭਾਵਨਾ ਨੂੰ ਦੇਖਦਿਆਂ ਪਹਿਲਾਂ ਹੀ ਜਨਵਰੀ ਅਤੇ ਫਰਵਰੀ ਮਹੀਨੇ ਵਿੱਚ ਸਾਈਪ੍ਰਸ ਅਤੇ ਕਤਰ ਵਿੱਚ ਸੈਨਿਕ ਤਾਇਨਾਤੀਆਂ ਕਰ ਦਿੱਤੀਆਂ ਸਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਹੈ ਕਿ ਕਈ ਲੋਕ ਮੱਧ ਪੂਰਬ ਵਿੱਚ ਫਸੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਚਿੰਤਤ ਹਨ ਅਤੇ ਇਸ ਜੰਗ ਦੇ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਵੀ ਲੋਕਾਂ ਵਿੱਚ ਡਰ ਹੈ। ਇਸ ਲਈ ਸਰਕਾਰ ਹਰ ਪੱਖੋਂ ਸਥਿਤੀ &lsquoਤੇ ਨਜ਼ਰ ਰੱਖ ਰਹੀ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਓਮਾਨ ਤੋਂ ਬ੍ਰਿਟਿਸ਼ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪਹਿਲੀ ਸਰਕਾਰੀ ਚਾਰਟਰ ਉਡਾਣ ਤਕਨੀਕੀ ਸਮੱਸਿਆਵਾਂ ਕਾਰਨ ਦੇਰੀ ਨਾਲ ਰਵਾਨਾ ਹੋਈ ਪਰ ਹੁਣ ਇਹ ਉਡਾਣ ਰਵਾਨਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ &lsquoਤੇ ਹੋਰ ਉਡਾਣਾਂ ਵੀ ਚਲਾਈਆਂ ਜਾਣਗੀਆਂ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਪੁੱਛੇ ਗਏ ਸਵਾਲ &lsquoਤੇ ਸਟਾਰਮਰ ਨੇ ਕਿਹਾ ਕਿ ਬ੍ਰਿਟੇਨ ਅਤੇ ਅਮਰੀਕਾ ਦਰਮਿਆਨ &ldquoਖਾਸ ਰਿਸ਼ਤਾ&rdquo ਅਜੇ ਵੀ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਹਰ ਦੇਸ਼ ਆਪਣੇ ਕੌਮੀ ਹਿਤਾਂ ਦੇ ਅਨੁਸਾਰ ਫੈਸਲੇ ਕਰਦਾ ਹੈ ਅਤੇ ਉਹ ਅਮਰੀਕੀ ਰਾਸ਼ਟਰਪਤੀ ਦੇ ਫੈਸਲਿਆਂ ਦਾ ਸਤਿਕਾਰ ਕਰਦੇ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਸਰਕਾਰ ਨੂੰ ਅਮਰੀਕਾ ਵੱਲੋਂ ਆਪਣੇ ਫੌਜੀ ਅੱਡਿਆਂ ਦੀ ਵਰਤੋਂ ਲਈ ਬੇਨਤੀ ਸ਼ਨੀਵਾਰ ਦੁਪਹਿਰ ਨੂੰ ਮਿਲੀ ਸੀ ਅਤੇ ਉਸ ਤੋਂ ਬਾਅਦ ਹੀ ਇਸ ਬਾਰੇ ਵਿਚਾਰ-ਵਿਮਰਸ਼ ਕਰਕੇ ਐਤਵਾਰ ਸ਼ਾਮ ਨੂੰ ਫੈਸਲਾ ਕੀਤਾ ਗਿਆ।
ਸਟਾਰਮਰ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਸਰਕਾਰ ਨੂੰ ਯਕੀਨ ਹੈ ਕਿ ਬ੍ਰਿਟੇਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਸਮਰੱਥ ਹੈ ਅਤੇ ਖੇਤਰ ਵਿੱਚ ਵਧ ਰਹੇ ਤਣਾਅ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਸੰਭਾਵਨਾਵਾਂ ਲਈ ਤਿਆਰੀ ਕੀਤੀ ਜਾ ਰਹੀ ਹੈ।