ਯੂ.ਕੇ. ਦੇ ਫੌਜੀ ਅੱਡੇ ‘ਤੇ ਅਮਰੀਕੀ ਬੰਬਰ ਜਹਾਜ਼ ਉਤਾਰਿਆ

ਕੈਪਸ਼ਨ: ਗਲੋਸਟਰਸ਼ਾਇਰ ਸਥਿਤ ਆਰ.ਏ.ਐਫ. ਫੇਅਰਫੋਰਡ ਹਵਾਈ ਅੱਡੇ ‘ਤੇ ਉਤਰਦਾ ਅਮਰੀਕਾ ਦਾ ਬੀ-1 ਲੈਂਸਰ ਬੰਬਰ ਜਹਾਜ਼, ਜਿਸਨੂੰ ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਦੇ ਮੱਦੇਨਜ਼ਰ ਤੈਨਾਤ ਕੀਤਾ ਗਿਆ ਹੈ।

 

ਲੈਸਟਰ (ਇੰਗਲੈਂਡ), 7 ਮਾਰਚ (ਸੁਖਜਿੰਦਰ ਸਿੰਘ ਢੱਡੇ)- ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਦੇ ਦਰਮਿਆਨ ਅਮਰੀਕਾ ਦਾ ਇਕ ਸ਼ਕਤੀਸ਼ਾਲੀ ਬੰਬਰ ਜਹਾਜ਼ ਬ੍ਰਿਟੇਨ ਦੇ ਗਲੋਸਟਰਸ਼ਾਇਰ ਸਥਿਤ ਆਰ.ਏ.ਐਫ. ਫੇਅਰਫੋਰਡ ਹਵਾਈ ਅੱਡੇ &lsquoਤੇ ਉਤਾਰਿਆ ਗਿਆ ਹੈ। ਇਸ ਕਦਮ ਨੂੰ ਇਰਾਨ ਨਾਲ ਚੱਲ ਰਹੇ ਤਣਾਅ ਦੇ ਸੰਦਰਭ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਜਹਾਜ਼ ਉਸ ਸਮੇਂ ਪਹੁੰਚਿਆ ਹੈ ਜਦੋਂ ਅਮਰੀਕਾ ਵੱਲੋਂ ਇਰਾਨ ਦੇ ਮਿਸ਼ਾਈਲ ਅੱਡਿਆਂ &lsquoਤੇ ਹਮਲਿਆਂ ਵਿੱਚ ਵਾਧਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
ਬੀ-1 ਲੈਂਸਰ ਨਾਮਕ ਇਹ ਅਮਰੀਕੀ ਬੰਬਰ ਜਹਾਜ਼ ਲੰਬੀ ਦੂਰੀ ਤੱਕ ਭਾਰੀ ਹਥਿਆਰ ਲਿਜਾਣ ਦੀ ਸਮਰੱਥਾ ਰੱਖਦਾ ਹੈ। ਰਿਪੋਰਟਾਂ ਮੁਤਾਬਕ ਇਹ ਇਕ ਵਾਰ ਵਿੱਚ ਕਰੀਬ 24 ਕ੍ਰੂਜ਼ ਮਿਸ਼ਾਈਲਾਂ ਅਤੇ ਲਗਭਗ 34 ਟਨ ਤੱਕ ਹਥਿਆਰ ਅਤੇ ਹੋਰ ਸਾਜ਼ੋ-ਸਾਮਾਨ ਲਿਜਾਣ ਦੇ ਯੋਗ ਹੈ। ਇਹ ਜਹਾਜ਼ ਅਮਰੀਕੀ ਹਵਾਈ ਫੌਜ ਦੇ ਸਭ ਤੋਂ ਤੇਜ਼ ਬੰਬਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿਸ ਦੀ ਗਤੀ 900 ਮੀਲ ਪ੍ਰਤੀ ਘੰਟਾ ਤੋਂ ਵੱਧ ਹੋ ਸਕਦੀ ਹੈ। ਆਧੁਨਿਕ ਰਾਡਾਰ ਅਤੇ ਜੀ.ਪੀ.ਐਸ. ਪ੍ਰਣਾਲੀਆਂ ਨਾਲ ਲੈਸ ਇਹ ਜਹਾਜ਼ ਦੂਰ ਦਰਾਜ਼ ਟੀਚਿਆਂ &lsquoਤੇ ਸਟੀਕ ਹਮਲੇ ਕਰਨ ਦੇ ਯੋਗ ਮੰਨਿਆ ਜਾਂਦਾ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਰ ਕੀਅਰ ਸਟਾਰਮਰ ਵੱਲੋਂ ਅਮਰੀਕਾ ਨੂੰ ਬ੍ਰਿਟੇਨ ਦੇ ਕੁਝ ਫੌਜੀ ਅੱਡਿਆਂ ਤੋਂ &ldquoਰੱਖਿਆਤਮਕ ਕਾਰਵਾਈ&rdquo ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਪਹਿਲਾਂ ਇਹ ਵੀ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਬ੍ਰਿਟੇਨ ਨੇ ਅਮਰੀਕਾ ਨੂੰ ਤੁਰੰਤ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ &lsquoਤੇ ਨਾਰਾਜ਼ਗੀ ਵੀ ਜਤਾਈ ਸੀ ਅਤੇ ਕਿਹਾ ਸੀ ਕਿ ਇਸ ਕਾਰਨ ਅਮਰੀਕੀ ਜਹਾਜ਼ਾਂ ਨੂੰ ਵਾਧੂ ਦੂਰੀ ਤੈਅ ਕਰਨੀ ਪਈ। ਬਾਅਦ ਵਿੱਚ ਬ੍ਰਿਟੇਨ ਸਰਕਾਰ ਨੇ ਗਲੋਸਟਰਸ਼ਾਇਰ ਦੇ ਆਰ.ਏ.ਐਫ. ਫੇਅਰਫੋਰਡ ਅਤੇ ਹਿੰਦ ਮਹਾਂਸਾਗਰ ਵਿੱਚ ਸਥਿਤ ਡੀਗੋ ਗਾਰਸੀਆ ਫੌਜੀ ਅੱਡੇ ਦੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ।
ਫੌਜੀ ਮਾਹਿਰਾਂ ਅਨੁਸਾਰ ਆਰ.ਏ.ਐਫ. ਫੇਅਰਫੋਰਡ ਹਵਾਈ ਅੱਡਾ ਪਹਿਲਾਂ ਵੀ ਅਮਰੀਕਾ ਵੱਲੋਂ ਲੰਬੀ ਦੂਰੀ ਵਾਲੀਆਂ ਹਵਾਈ ਕਾਰਵਾਈਆਂ ਲਈ ਵਰਤਿਆ ਜਾਂਦਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪ ਤੋਂ ਮੱਧ-ਪੂਰਬ ਤੱਕ ਉਡਾਣਾਂ ਭਰਨਾ ਅਮਰੀਕਾ ਲਈ ਹੋਰ ਵੀ ਸੌਖਾ ਅਤੇ ਪ੍ਰਭਾਵਸ਼ਾਲੀ ਬਣ ਜਾਂਦਾ ਹੈ।
ਉਧਰ ਮੱਧ-ਪੂਰਬ ਵਿੱਚ ਇਰਾਨ, ਇਸਰਾਈਲ ਅਤੇ ਅਮਰੀਕਾ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਟਕਰਾਅ ਨੂੰ ਲਗਭਗ ਇੱਕ ਹਫ਼ਤਾ ਹੋ ਚੁੱਕਾ ਹੈ। ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਅਤੇ ਖੇਤਰ ਵਿੱਚ ਸੁਰੱਖਿਆ ਹਾਲਾਤ ਤਣਾਅਪੂਰਨ ਬਣੇ ਹੋਏ ਹਨ।
ਇਸਦੇ ਨਾਲ ਹੀ ਬ੍ਰਿਟੇਨ ਵੱਲੋਂ ਮੱਧ-ਪੂਰਬ ਵਿੱਚ ਆਪਣੀ ਫੌਜੀ ਮੌਜੂਦਗੀ ਮਜ਼ਬੂਤ ਕਰਨ ਲਈ ਜੰਗੀ ਜਹਾਜ਼, ਹੈਲੀਕਾਪਟਰ ਅਤੇ ਹਵਾਈ ਜਹਾਜ਼ ਭੇਜਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਇਲ ਨੇਵੀ ਦਾ ਜੰਗੀ ਜਹਾਜ਼ ਵੀ ਖੇਤਰ ਵਿੱਚ ਤੈਨਾਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਉੱਥੇ ਮੌਜੂਦ ਬ੍ਰਿਟਿਸ਼ ਅੱਡਿਆਂ ਅਤੇ ਹਿਤਾਂ ਦੀ ਰੱਖਿਆ ਕੀਤੀ ਜਾ ਸਕੇ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮੱਧ-ਪੂਰਬ ਵਿੱਚ ਚੱਲ ਰਹਾ ਇਹ ਟਕਰਾਅ ਹੋਰ ਵਧਦਾ ਹੈ ਤਾਂ ਇਸ ਦੇ ਅੰਤਰਰਾਸ਼ਟਰੀ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦੇ ਹਨ ਅਤੇ ਕਈ ਦੇਸ਼ ਇਸ ਵਿੱਚ ਸਿੱਧੇ ਜਾਂ ਅਸਿੱਧੇ ਤੌਰ &lsquoਤੇ ਸ਼ਾਮਲ ਹੋ ਸਕਦੇ ਹਨ।