ਯੂਕਰੇਨ ਦੇ ਜੰਗੀ ਹਾਲਾਤਾਂ ਲਈ ਗੁਰਦੁਆਰਾ ਬਾਬਾ ਵਡਭਾਗ ਸਿੰਘ ਕੁਵੈਟਰੀ ਵੱਲੋਂ ਯੂਕਰੇਨ ਚ ਭੇਜੀ ਗਈ ਐਂਬੂਲੈਂਸ * ਨਿਸ਼ਾਨ ਸਾਹਿਬ ’ਤੇ ਨਵਾਂ ਚੋਲਾ ਸਾਹਿਬ ਚੜਾਉਣ ਦੀ ਕੀਤੀ ਗਈ ਸੇਵਾ * ਸਹਿਯੋਗ ਦੇਣ ਵਾਲੇ ਸੇਵਾਦਾਰਾਂ ਅਤੇ ਹੇਰ ਪ੍ਰਮੁੱਖ ਸਖਸੀਅਤਾ ਦਾ ਕੀਤਾ ਗਿਆ ਸਨਮਾਨ

ਸਹਿਯੋਗੀਆ ਅਤੇ ਹੋਰ ਪ੍ਰਮੁੱਖ ਸਖਸੀਅਤਾ ਦਾ ਸਨਮਾਨ ਕਰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਅਤੇ ਹੋਰ!

 

ਲੈਸਟਰ (ਇੰਗਲੈਂਡ), 8 ਮਾਰਚ (ਸੁਖਜਿੰਦਰ ਸਿੰਘ ਢੱਡੇ)- ਗੁਰਦੁਆਰਾ ਬਾਬਾ ਵਡਭਾਗ ਸਿੰਘ, ਕੁਵੈਟਰੀ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨੁੱਖਤਾ ਦੀ ਭਲਾਈ ਲਈ ਜੰਗ ਪ੍ਰਭਾਵਿਤ ਦੇਸ਼ ਯੂਕਰੇਨ ਲਈ ਇੱਕ ਐਂਬੂਲੈਂਸ ਭੇਜੀ ਗਈ ਹੈ। ਇਸ ਮੌਕੇ ਗੁਰੂ ਘਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਨਿਸ਼ਾਨ ਸਾਹਿਬ ਉੱਪਰ ਨਵਾਂ ਚੋਲਾ ਸਾਹਿਬ ਚੜ੍ਹਾਉਣ ਦੀ ਸੇਵਾ ਵੀ ਸ਼ਰਧਾ ਭਾਵ ਨਾਲ ਕੀਤੀ ਗਈ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰਦਿਆਂ ਇਸ ਪਵਿੱਤਰ ਸੇਵਾ ਵਿੱਚ ਭਾਗ ਲਿਆ ਅਤੇ ਗੁਰੂ ਸਾਹਿਬ ਦੀ ਬਾਣੀ ਦਾ ਕੀਰਤਨ ਸੁਣ ਕੇ ਆਤਮਕ ਅਨੰਦ ਪ੍ਰਾਪਤ ਕੀਤਾ।
ਇਸ ਮੌਕੇ ਬੋਲਦਿਆਂ ਬਾਬਾ ਕੁਲਵਿੰਦਰ ਸਿੰਘ ਨੇ ਕਿਹਾ ਕਿ ਯੂਕਰੇਨ ਵਿੱਚ ਚੱਲ ਰਹੇ ਜੰਗੀ ਹਾਲਾਤਾਂ ਕਾਰਨ ਬੇਸ਼ੁਮਾਰ ਲੋਕ ਜ਼ਖ਼ਮੀ ਹੋ ਰਹੇ ਹਨ ਅਤੇ ਕਈ ਪਰਿਵਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਮਨੁੱਖਤਾ ਦੇ ਨਾਤੇ ਸਹਾਇਤਾ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਸਿੱਖ ਕੌਮ ਹਮੇਸ਼ਾਂ ਦੁੱਖੀ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਂਦੀ ਰਹੀ ਹੈ ਅਤੇ ਇਸੇ ਪ੍ਰੇਰਣਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਇਹ ਐਂਬੂਲੈਂਸ ਉਥੇ ਭੇਜਣ ਦਾ ਉਪਰਾਲਾ ਕੀਤਾ ਗਿਆ ਹੈ, ਤਾਂ ਜੋ ਜ਼ਖ਼ਮੀ ਅਤੇ ਬੀਮਾਰ ਲੋਕਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਐਂਬੂਲੈਂਸ ਵਿੱਚ ਲੋੜੀਂਦਾ ਮੈਡੀਕਲ ਸਾਜੋ-ਸਾਮਾਨ ਅਤੇ ਜਰੂਰੀ ਸਹੂਲਤਾਂ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਜੰਗ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਖ਼ਮੀ ਲੋਕਾਂ ਨੂੰ ਜਲਦੀ ਤੋਂ ਜਲਦੀ ਹਸਪਤਾਲਾਂ ਤੱਕ ਪਹੁੰਚਾਇਆ ਜਾ ਸਕੇ। ਇਸ ਸੇਵਾ ਕਾਰਜ ਲਈ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਖੁੱਲ੍ਹੇ ਦਿਲ ਨਾਲ ਦਾਨ ਅਤੇ ਸਹਿਯੋਗ ਦਿੱਤਾ, ਜਿਸ ਕਾਰਨ ਇਹ ਉਪਰਾਲਾ ਸੰਭਵ ਹੋ ਸਕਿਆ।
ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ &lsquoਤੇ ਸ਼ਿਰਕਤ ਕੀਤੀ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਤੋਂ ਹੋ ਰਹੇ ਇਸ ਤਰ੍ਹਾਂ ਦੇ ਸੇਵਾ ਕਾਰਜ ਸਾਰੀ ਦੁਨੀਆ ਲਈ ਪ੍ਰੇਰਣਾ ਸਰੂਪ ਹਨ ਅਤੇ ਸਾਨੂੰ ਸਭ ਨੂੰ ਮਨੁੱਖਤਾ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸੇਵਾ ਵਿੱਚ ਸਹਿਯੋਗ ਦੇਣ ਵਾਲੇ ਸੇਵਾਦਾਰਾਂ ਅਤੇ ਸੰਗਤਾਂ ਨੂੰ ਸਿਰੋਪੇ ਦੇ ਕੇ ਵਿਸ਼ੇਸ਼ ਤੌਰ &lsquoਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਮਨੁੱਖਤਾ ਭਲਾਈ ਲਈ ਕੀਤੀ ਸੇਵਾ ਦੀ ਭਰਪੂਰ ਸਰਾਹਨਾ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸੰਗਤਾਂ ਨੇ ਮਿਲ ਬੈਠ ਕੇ ਲੰਗਰ ਦਾ ਪ੍ਰਸਾਦ ਛਕਿਆ।