ਤਰਨਜੀਤ ਸਿੰਘ ਸੰਧੂ ਬਣੇ ਦਿੱਲੀ ਦੇ 23ਵੇਂ ਉਪ-ਰਾਜਪਾਲ

ਦਿੱਲੀ ਦੇ ਨਵ-ਨਿਯੁਕਤ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦੁਪਹਿਰ 1:30 ਵਜੇ ਲੋਕ ਨਿਵਾਸ ਵਿਖੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਨੇ ਸਹੁੰ ਚੁਕਾਈ। ਤਰਨਜੀਤ ਸੰਧੂ ਨੂੰ ਵੀ. ਕੇ. ਸਕਸੈਨਾ ਦੀ ਥਾਂ ਉਪ ਰਾਜਪਾਲ ਵੱਜੋਂ ਨਿਯੁਕਤ ਕੀਤਾ ਗਿਆ ਹੈ। ਵੀਕੇ ਸਕਸੈਨਾ ਨੂੰ ਲੱਦਾਖ ਭੇਜਿਆ ਗਿਆ ਹੈ। ਸੰਧੂ ਵੱਲੋਂ ਆਪਣੀ ਵਿਦੇਸ਼ਾਂ ਵਿੱਚ ਨੌਕਰੀ ਦੌਰਾਨ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ ਸਨ। ਉਨ੍ਹਾਂ ਦੀ ਉਪ ਰਾਜਪਾਲ ਵੱਜੋਂ ਦਿੱਲੀ ਵਿੱਚ ਕੀਤੀ ਗਈ ਨਿਯੁਕਤੀ ਤੋਂ ਕੌਮੀ ਰਾਜਧਾਨੀ ਦੇ ਸਿੱਖ ਹਲਕਿਆਂ ਵਿੱਚ ਉਤਸ਼ਾਹ ਪਾਇਆ ਗਿਆ ਹੈ ਕਿਉਂਕਿ ਦਿੱਲੀ ਵਿੱਚ ਉਪ ਰਾਜਪਾਲ ਕੋਲ ਹੀ ਦਿੱਲੀ ਸਰਕਾਰ ਨੂੰ ਚਲਾਉਣ ਦੇ ਵੱਧ ਅਧਿਕਾਰ ਹਨ। ਕੌਮੀ ਰਾਜਧਾਨੀ ਦਿੱਲੀ ਨੂੰ ਸਭ ਤੋਂ ਵੱਧ ਸਿੱਖਾਂ ਵਾਲੇ ਸ਼ਹਿਰ ਹੋਣ ਦਾ ਮਾਣ ਹਾਸਲ ਹੈ।

ਆਪਣੀ ਨਿਯੁਕਤੀ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਦਿੱਲੀ ਉਨ੍ਹਾਂ ਦੀ 'ਕਰਮ ਭੂਮੀ' ਰਹੀ ਹੈ। ਇਹ ਸਾਡਾ ਫਰਜ਼ ਹੈ ਕਿ ਦਿੱਲੀ ਦੇ ਵਿਕਾਸ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਭਾਵੇਂ ਪਾਰਟੀ ਕੋਈ ਵੀ ਹੋਵੇ, ਵੱਖ-ਵੱਖ ਸਮੱਸਿਆਵਾਂ ਦੇ ਹੱਲ ਲੱਭਣ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ।