ਸੰਸਾਰਕ ਰਾਜਨੀਤੀ ਦਾ ਨੰਗਾ ਸੱਚ: ਗੈਂਗਸਟਰ, ਬੇਜ਼ਮੀਰੇ ਮੁਲਕ ਅਤੇ ਭਾਰਤ ਦਾ ਵਿਸ਼ਵਗੁਰੂ ਭਰਮ
ਸਟੈਨਲੀ ਕਿਊਬ੍ਰਿਕ (1928-1999) ਸਿਨੇਮਾ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ, ਵਿਲੱਖਣ ਅਤੇ ਬੌਧਿਕ ਫਿਲਮ ਨਿਰਦੇਸ਼ਕਾਂ ਵਿੱਚੋਂ ਇੱਕ ਸਨ| ਉਨ੍ਹਾਂ ਨੂੰ ਸਿਰਫ਼ ਇੱਕ ਨਿਰਦੇਸ਼ਕ ਹੀ ਨਹੀਂ, ਸਗੋਂ ਇੱਕ ਪਰਫੈਕਸ਼ਨਿਸਟ ਮੰਨਿਆ ਜਾਂਦਾ ਸੀ, ਜੋ ਆਪਣੀ ਹਰ ਫਿਲਮ ਵਿੱਚ ਤਕਨੀਕੀ ਮੁਹਾਰਤ ਅਤੇ ਗਹਿਰੇ ਮਨੋਵਿਗਿਆਨਕ ਵਿਸ਼ਿਆਂ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕਰਦੇ ਸਨ| ਉਨ੍ਹਾਂ ਦਾ ਇਹ ਕਥਨ-ਮਹਾਨ ਰਾਸ਼ਟਰ ਹਮੇਸ਼ਾ ਗੈਂਗਸਟਰਾਂ ਵਾਂਗ ਅਤੇ ਛੋਟੇ ਰਾਸ਼ਟਰ ਵੇਸਵਾਵਾਂ ਵਾਂਗ ਵਿਵਹਾਰ ਕਰਦੇ ਹਨ-ਅੱਜ ਦੀ ਭੂ-ਰਾਜਨੀਤੀ ਦਾ ਸਭ ਤੋਂ ਕੌੜਾ ਅਤੇ ਨੰਗਾ ਸੱਚ ਹੈ| ਇਹ ਕੋਈ ਕਲਪਨਾ ਨਹੀਂ, ਸਗੋਂ ਅੱਜ ਦੇ ਵਿਸ਼ਵ ਦਾ ਉਹ ਚਿਹਰਾ ਹੈ ਜਿੱਥੇ ਨੈਤਿਕਤਾ ਸਿਰਫ਼ ਕਮਜ਼ੋਰਾਂ ਨੂੰ ਡਰਾਉਣ ਲਈ ਵਰਤੀ ਜਾਂਦੀ ਹੈ ਅਤੇ ਤਾਕਤ ਹੀ ਅੰਤਰਰਾਸ਼ਟਰੀ ਸਬੰਧਾਂ ਦਾ ਇੱਕੋ-ਇੱਕ ਕਾਨੂੰਨ ਬਣ ਚੁੱਕੀ ਹੈ|
ਅੱਜ ਦੇ ਦੌਰ ਵਿੱਚ ਤਾਕਤ ਦੇ ਤਿੰਨ ਕੇਂਦਰ-ਬੈਂਜਾਮਿਨ ਨੇਤਨਯਾਹੂ (ਇਜ਼ਰਾਈਲ), ਡੋਨਾਲਡ ਟਰੰਪ (ਅਮਰੀਕਾ), ਅਤੇ ਸ਼ੀ ਜਿਨਪਿੰਗ (ਚੀਨ)-ਇੱਕ ਅਜਿਹੀ ਤਿਕੜੀ ਵਾਂਗ ਕੰਮ ਕਰ ਰਹੇ ਹਨ ਜੋ ਦੁਨੀਆ ਦੇ ਨਕਸ਼ੇ &rsquoਤੇ ਆਪਣੀ ਮਰਜ਼ੀ ਦੀ ਲਕੀਰ ਖਿੱਚਦੀ ਹੈ| ਇੱਥੇ ਗੈਂਗਸਟਰ ਦਾ ਮਤਲਬ ਸਿਰਫ਼ ਹਥਿਆਰਾਂ ਦੀ ਤਾਕਤ ਨਹੀਂ, ਸਗੋਂ ਉਸ ਬੌਧਿਕ ਅਤੇ ਵਿੱਤੀ ਦਬਦਬੇ ਤੋਂ ਹੈ, ਜਿਸ ਅੱਗੇ ਬਾਕੀ ਦੁਨੀਆ ਨੂੰ ਨਤਮਸਤਕ ਹੋਣਾ ਪੈਂਦਾ ਹੈ| ਇਜ਼ਰਾਈਲ ਦੀ ਮਿਸਾਲ ਸਾਡੇ ਸਾਹਮਣੇ ਹੈ ਜਿਸ ਨੇ ਆਪਣੇ ਬੌਧਿਕ ਅਤੇ ਤਕਨੀਕੀ ਦਬਦਬੇ ਨਾਲ ਅਮਰੀਕਾ ਵਰਗੀ ਮਹਾਂਸ਼ਕਤੀ ਨੂੰ ਆਪਣੀ ਕਠਪੁਤਲੀ ਬਣਾ ਲਿਆ ਹੈ| ਇਹ ਦਰਸਾਉਂਦਾ ਹੈ ਕਿ ਅੱਜ ਦੀ ਗੈਂਗਸਟਰੀ ਗੋਲੀਆਂ ਤੋਂ ਪਹਿਲਾਂ &lsquoਨਕਸ਼ਿਆਂ ਅਤੇ ਖੁਫੀਆ ਜਾਣਕਾਰੀ&rsquo ਦੇ ਜ਼ਰੀਏ ਚੱਲਦੀ ਹੈ|
ਲੇਖਕ ਵੱਲੋਂ ਵਰਤਿਆ ਗਿਆ ਵੇਸਵਾਵਾਂ ਵਾਲਾ ਸ਼ਬਦ ਕਠੋਰ ਲੱਗ ਸਕਦਾ ਹੈ, ਪਰ ਇਹ ਕੌੜਾ ਸੱਚ ਹੈ| ਖਾੜੀ ਦੇ ਦੇਸ਼ਾਂ (ਸਾਊਦੀ, ਕਤਰ, ਯੂਏਈ) ਦੀ ਸਥਿਤੀ ਦੇਖੋ| ਅਰਬਾਂ ਡਾਲਰ ਦੇ ਤੇਲ ਦੇ ਭੰਡਾਰ, ਅਸਮਾਨ ਨੂੰ ਛੂੰਹਦੀਆਂ ਇਮਾਰਤਾਂ, ਪਰ ਆਪਣੀ ਸੁਰੱਖਿਆ ਲਈ ਅਮਰੀਕੀ ਫੌਜੀ ਅੱਡਿਆਂ &rsquoਤੇ ਨਿਰਭਰਤਾ| ਕੀ ਇਹ ਸੌਦੇਬਾਜ਼ੀ ਨਹੀਂ? ਜਦੋਂ ਗਾਜ਼ਾ ਵਰਗੀਆਂ ਥਾਵਾਂ &rsquoਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੋਵੇ ਅਤੇ ਇਹ ਮੁਲਕ ਆਪਣੀ ਚੁੱਪ ਅਤੇ ਸਮਝੌਤਿਆਂ ਰਾਹੀਂ ਆਪਣੀ ਸੁਰੱਖਿਆ ਖਰੀਦ ਰਹੇ ਹੋਣ, ਤਾਂ ਉਹ ਆਪਣੀ ਰਾਜਨੀਤਿਕ ਜ਼ਮੀਰ ਦਾ ਸੌਦਾ ਹੀ ਤਾਂ ਕਰ ਰਹੇ ਹਨ| ਸਭ ਤੋਂ ਤਿੱਖੀ ਚੋਟ ਭਾਰਤ ਦੀ ਨੀਤੀ &rsquoਤੇ ਹੈ| ਛਿਪੰਜਾ ਇੰਚੀ ਸੀਨੇ ਦਾ ਨਾਅਰਾ ਅਤੇ ਵਿਸ਼ਵਗੁਰੂ ਬਣਨ ਦੇ ਸੁਪਨੇ ਦੇਖਣ ਵਾਲੀ ਭਾਰਤੀ ਵਿਦੇਸ਼ ਨੀਤੀ, ਅਸਲ ਵਿੱਚ ਕਿੰਨੀ ਖੋਖਲੀ ਸਾਬਤ ਹੋਈ ਹੈ?
ਜਦੋਂ ਆਪਰੇਸ਼ਨ ਸਿੰਦੂਰ ਵਰਗੀਆਂ ਘਟਨਾਵਾਂ ਤੋਂ ਬਾਅਦ ਟਰੰਪ ਵਰਗੇ ਗੈਂਗਸਟਰ ਨੇ ਭਾਰਤ ਤੇ ਦਬਾਅ ਪਾਇਆ, ਤਾਂ ਭਾਰਤੀ ਸਤਾ ਦੀ ਸਵੈ-ਮਾਣ ਵਾਲੀ ਵਿਦੇਸ਼ ਨੀਤੀ ਕਿੱਥੇ ਸੀ? ਸੈਨਿਕ ਸਮਰੱਥਾ ਤੋਂ ਲੈ ਕੇ ਵਪਾਰਕ ਫੈਸਲਿਆਂ ਤੱਕ, ਜਦੋਂ ਅਮਰੀਕੀ ਹੁਕਮਾਂ ਦੀ ਪਾਲਣਾ ਕਰਨੀ ਮਜਬੂਰੀ ਬਣ ਜਾਵੇ, ਤਾਂ ਇਹ ਮਹਾਨ ਰਾਸ਼ਟਰ ਹੋਣ ਦਾ ਦਾਅਵਾ ਕਰਨਾ ਮਹਿਜ਼ ਇੱਕ ਰਾਜਨੀਤਿਕ ਡਰਾਮਾ ਰਹਿ ਜਾਂਦਾ ਹੈ| ਇਹੀ ਨੁਕਤੇ ਕਾਂਗਰਸ ਦੇ ਸੁਪਰੀਮੋ ਰਾਹੁਲ ਗਾਂਧੀ ਨੇ ਵੀ ਉਠਾਏ ਹਨ|
ਅੱਜ ਦਾ ਦੁਨੀਆਈ ਮੰਚ ਇੱਕ ਅਜਿਹਾ ਰੰਗਮੰਚ ਹੈ ਜਿੱਥੇ ਸਿਰਫ਼ ਦੋ ਹੀ ਭੂਮਿਕਾਵਾਂ ਹਨ: ਜਾਂ ਤਾਂ ਤੁਸੀਂ ਲਾਠੀ ਚਲਾਉਣ ਵਾਲੇ ਗੈਂਗਸਟਰ ਹੋ, ਜਾਂ ਫਿਰ ਉਸ ਲਾਠੀ ਦੇ ਡਰੋਂ ਆਪਣੀ ਪਛਾਣ ਵੇਚਣ ਵਾਲੇ| ਭਾਰਤ ਵਰਗੇ ਦੇਸ਼ਾਂ ਲਈ ਇਹ ਸਵੈ-ਪੜਚੋਲ ਦਾ ਸਮਾਂ ਹੈ-ਕਿ ਕੀ ਉਹ ਸੱਚਮੁੱਚ ਵਿਸ਼ਵਗੁਰੂ ਬਣ ਰਿਹਾ ਹੈ ਜਾਂ ਉਹ ਵੀ ਉਸੇ &lsquoਕਮਜੋਰਾਂ&rsquo ਵਾਲੀ ਕਤਾਰ ਵਿੱਚ ਖੜਾ ਹਾਂ ਜਿੱਥੇ ਸਿਰਫ ਆਪਣੀ ਸੁਰੱਖਿਆ ਖਾਤਿਰ ਜਮੀਰ ਦਾ ਸੌਦਾ ਕੀਤਾ ਜਾਂਦਾ ਹੈ? ਅੰਤਰਰਾਸ਼ਟਰੀ ਸਬੰਧਾਂ ਵਿੱਚ ਨੈਤਿਕਤਾ ਦਾ ਕੋਈ ਅਸਥਾਨ ਨਹੀਂ, ਇੱਥੇ ਸਿਰਫ &lsquoਤਾਕਤ&rsquo ਅਤੇ &lsquoਗੁਲਾਮੀ&rsquo ਦੇ ਦੋ ਹੀ ਸਿਰੇ ਹਨ|
ਪੰਜਾਬ ਦਾ ਸੰਕਟ - ਬਜਟ ਦੇ ਸੁਪਨਿਆਂ ਅਤੇ ਜ਼ਮੀਨੀ ਹਕੀਕਤ ਵਿਚਲਾ ਖ਼ੌਫ਼ਨਾਕ ਪਾੜਾ
ਪੰਜਾਬ ਇਸ ਵੇਲੇ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ ਜਿੱਥੇ ਸਰਕਾਰੀ ਦਾਅਵੇ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਦੋ ਵੱਖ-ਵੱਖ ਦਿਸ਼ਾਵਾਂ ਵਿੱਚ ਚੱਲ ਰਹੇ ਹਨ| ਹਾਲ ਹੀ ਵਿੱਚ ਪੇਸ਼ ਕੀਤਾ ਗਿਆ 2026-27 ਦਾ ਬਜਟ, ਜਿਸ ਨੂੰ ਸਰਕਾਰ ਨੇ ਮਾਵਾਂ-ਧੀਆਂ ਨੂੰ ਸਮਰਪਿਤ ਕੀਤਾ ਹੈ, ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ| ਪਰ ਜੇਕਰ ਅਸੀਂ ਇਸ ਬਜਟ ਦੀ ਚਮਕ-ਦਮਕ ਤੋਂ ਪਰੇ ਦੇਖੀਏ, ਤਾਂ ਵਿਰੋਧੀ ਧਿਰ ਵੱਲੋਂ ਉਠਾਏ ਗਏ ਸਵਾਲ ਪੰਜਾਬ ਦੇ ਭਵਿੱਖ ਬਾਰੇ ਕਈ ਗੰਭੀਰ ਚਿੰਤਾਵਾਂ ਪੈਦਾ ਕਰਦੇ ਹਨ|
ਪੰਜਾਬ ਦੇ ਜ਼ਖਮਾਂ &rsquoਤੇ ਸਭ ਤੋਂ ਵੱਡਾ ਮਲ੍ਹਮ ਇਨਸਾਫ਼ ਸੀ| ਆਪ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਰਗਾੜੀ ਅਤੇ ਬਹਿਬਲ ਕਲਾਂ ਦੇ ਪੀੜਤਾਂ ਨਾਲ ਇਨਸਾਫ਼ ਦਾ ਵੱਡਾ ਵਾਅਦਾ ਕਰਕੇ ਆਈ ਸੀ| ਅੱਜ ਚਾਰ ਸਾਲ ਬੀਤ ਜਾਣ ਤੋਂ ਬਾਅਦ, ਵਿਰੋਧੀ ਧਿਰ ਦਾ ਇਹ ਇਲਜ਼ਾਮ ਕਿ ਸਰਕਾਰ ਨੇ ਸਿਰਫ਼ ਸਮਾਂ ਟਪਾਇਆ ਹੈ, ਬਹੁਤ ਦਰਦਨਾਕ ਹੈ| ਐਸ.ਆਈ.ਟੀ.  ਦੀਆਂ ਰਿਪੋਰਟਾਂ ਸਦਨ ਵਿੱਚ ਪੇਸ਼ ਨਾ ਕਰਨਾ ਅਤੇ ਕੇਸਾਂ ਦਾ ਦੂਜੇ ਰਾਜਾਂ ਵਿੱਚ ਤਬਦੀਲ ਹੋਣਾ, ਇਹ ਸਾਬਤ ਕਰਦਾ ਹੈ ਕਿ ਸਰਕਾਰ ਇਨਸਾਫ਼ ਦੇਣ ਦੀ ਬਜਾਏ ਮੁੱਦੇ ਨੂੰ ਸਿਆਸੀ ਫਾਇਦੇ ਲਈ ਵਰਤ ਰਹੀ ਹੈ| ਵਿੱਤ ਮੰਤਰੀ ਨੇ 2,60,437 ਕਰੋੜ ਰੁਪਏ ਦਾ ਬਜਟ ਪੇਸ਼ ਤਾਂ ਕਰ ਦਿੱਤਾ, ਪਰ ਮਾਹਰਾਂ ਅਤੇ ਵਿਰੋਧੀ ਧਿਰ ਦਾ ਸਵਾਲ ਬਿਲਕੁਲ ਜਾਇਜ਼ ਹੈ: ਪੈਸਾ ਕਿੱਥੋਂ ਆਵੇਗਾ?
ਜਦੋਂ ਸੂਬੇ ਦਾ ਕਰਜ਼ਾ 4.59 ਲੱਖ ਕਰੋੜ ਰੁਪਏ ਨੂੰ ਪਾਰ ਕਰ ਚੁੱਕਾ ਹੋਵੇ ਅਤੇ ਅਗਲੇ ਸਾਲ 5 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੋਵੇ, ਤਾਂ ਮੁਫ਼ਤ ਵਾਲੀਆਂ ਸਕੀਮਾਂ ਆਰਥਿਕ ਆਤਮਘਾਤ ਵਰਗੀਆਂ ਹਨ| ਇਹ ਬਜਟ ਵਿਕਾਸਮਈ ਨਹੀਂ, ਸਗੋਂ ਵੋਟ-ਬਟੋਰੂ ਨਜ਼ਰ ਆਉਂਦਾ ਹੈ| ਆਮਦਨ ਦੇ ਨਵੇਂ ਸਾਧਨ ਪੈਦਾ ਕਰਨ ਦੀ ਬਜਾਏ, ਸਰਕਾਰ ਸਿਰਫ਼ ਕਰਜ਼ਾ ਚੁੱਕ ਕੇ ਖਰਚ ਕਰ ਰਹੀ ਹੈ, ਜਿਸ ਦਾ ਭਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁੱਕਣਾ ਪਵੇਗਾ| ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਜੋ ਤਸਵੀਰ ਪੇਸ਼ ਕੀਤੀ ਹੈ, ਉਹ ਡਰਾਉਣੀ ਹੈ| ਜਦੋਂ ਇੱਕ ਜ਼ਿਲ੍ਹੇ ਦੇ ਐਸ.ਐਸ.ਪੀ. ਦੀ ਰਿਹਾਇਸ਼ ਦੇ ਨੇੜੇ ਡਕੈਤੀ ਹੋ ਸਕਦੀ ਹੈ, ਤਾਂ ਆਮ ਆਦਮੀ ਕਿੰਨਾ ਸੁਰੱਖਿਅਤ ਹੈ?
ਨਸ਼ਿਆਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਸਰਕਾਰ ਦੇ ਦਾਅਵੇ ਖੋਖਲੇ ਲੱਗਦੇ ਹਨ| ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜ਼ਮ ਦੇ ਪੁੱਤਰ ਦੀ ਨਸ਼ੇ ਕਾਰਨ ਮੌਤ, ਸਿਸਟਮ ਦੀ ਅਸਫਲਤਾ ਦਾ ਸਭ ਤੋਂ ਵੱਡਾ ਸਬੂਤ ਹੈ| ਸਰਕਾਰ &lsquoਮੁਹਿੰਮ&rsquo ਚਲਾਉਣ ਦੀ ਗੱਲ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਸ਼ਾ ਅਜੇ ਵੀ ਗਲੀ-ਮੁਹੱਲਿਆਂ ਵਿੱਚ ਆਸਾਨੀ ਨਾਲ ਉਪਲਬਧ ਹੈ| ਪੰਜਾਬ ਨੂੰ ਇਸ ਵੇਲੇ ਨਾਅਰਿਆਂ ਦੀ ਨਹੀਂ, ਸਗੋਂ ਠੋਸ ਨੀਤੀਆਂ ਦੀ ਲੋੜ ਹੈ| ਵਿਰੋਧੀ ਧਿਰ ਵੱਲੋਂ ਉਠਾਏ ਗਏ ਮੁੱਦਿਆਂ ਤੋਂ ਸਪੱਸ਼ਟ ਹੈ ਕਿ ਪੰਜਾਬ ਦਾ ਅਸਲ ਏਜੰਡਾ ਹੇਠ ਲਿਖੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ|
ਮੁਫ਼ਤ ਸਕੀਮਾਂ ਦੀ ਬਜਾਏ, ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ| ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਡਰ-ਮੁਕਤ ਮਾਹੌਲ ਦੇਣਾ| ਸਿਰਫ਼ ਬਿਆਨਬਾਜ਼ੀ ਨਹੀਂ, ਸਗੋਂ ਨਸ਼ਾ ਤਸਕਰਾਂ ਦੇ ਵੱਡੇ ਨੈੱਟਵਰਕ ਨੂੰ ਤੋੜਨਾ| ਫ਼ਸਲੀ ਵਿਭਿੰਨਤਾ ਨੂੰ ਸਿਰਫ਼ ਪਾਇਲਟ ਪ੍ਰਾਜੈਕਟਾਂ ਤੱਕ ਸੀਮਤ ਨਾ ਰੱਖ ਕੇ, ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨਾ, ਖੇਤੀ ਇੰਡਸਟਰੀ ਸਿਰਜਣਾ ਅਤੇ ਕਿਸਾਨਾਂ ਲਈ ਮੁਨਾਫ਼ੇ ਵਾਲੀ ਖੇਤੀ ਯਕੀਨੀ ਬਣਾਉਣਾ| ਸਿਰਫ਼ ਸਕੀਮਾਂ ਦਾ ਐਲਾਨ ਨਹੀਂ, ਬਲਕਿ ਬੁਨਿਆਦੀ ਢਾਂਚੇ ਵਿੱਚ ਗੁਣਾਤਮਕ ਸੁਧਾਰ|
ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦਾ ਵਿਧਾਨ ਸਭਾ ਦੇ ਬਾਹਰ ਅਤੇ ਅੰਦਰ ਆਹਮੋ-ਸਾਹਮਣੇ ਹੋਣਾ ਇਹ ਦਰਸਾਉਂਦਾ ਹੈ ਕਿ ਸਿਆਸੀ ਲੜਾਈ ਤਾਂ ਚੱਲ ਰਹੀ ਹੈ, ਪਰ ਇਸ ਲੜਾਈ ਵਿੱਚ ਪੰਜਾਬ ਹਾਰ ਰਿਹਾ ਹੈ| ਜੇਕਰ ਸਰਕਾਰ ਨੇ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਵੋਟ ਬੈਂਕ ਦੀ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਨਾ ਕੀਤਾ, ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਆਰਥਿਕ ਅਤੇ ਸਮਾਜਿਕ ਸੰਕਟ ਹੋਰ ਡੂੰਘਾ ਹੋ ਜਾਵੇਗਾ|
-ਰਜਿੰਦਰ ਸਿੰਘ ਪੁਰੇਵਾਲ