ਈਰਾਨ ਨਾਲ ਜੰਗ ਛੇਤੀ ਖਤਮ ਹੋਵੇਗੀ- ਟਰੰਪ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਜੰਗ ਤਕਰੀਬਨ ਮੁਕੰਮਲ ਹੋ ਗਈ ਹੈ ਤੇ ਇਹ ਛੇਤੀ ਖਤਮ ਹੋਵੇਗੀ। ਹਾਲਾਂ ਕਿ ਉਨਾਂ ਨੇ ਜੰਗ ਖਤਮ ਹੋਣ ਦਾ ਸਮਾਂ ਨਹੀਂ ਦਸਿਆ। ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਫੋਨ ਉਪਰ ਗੱਲਬਾਤ ਕੀਤੀ ਜਿਸ ਦੌਰਾਨ ਉਨਾਂ ਨੇ ਮੱਧ ਪੂਰਬ ਤੇ ਯੁਕਰੇਨ ਵਿਚ ਚੱਲ ਰਹੇ ਟਕਰਾਅ ਬਾਰੇ ਚਰਚਾ ਕੀਤੀ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਗ ਲੰਬੀ ਨਹੀਂ ਚੱਲੇਗੀ ਤੇ ਬਹੁਤ ਛੇਤੀ ਖਤਮ ਹੋ ਰਹੀ ਹੈ। ਜਦੋਂ ਟਰੰਪ ਨੂੰ ਪੁੱਛਿਆ ਕਿ ਜੰਗ ਖਤਮ ਹੋਣ ਨੂੰ ਇਕ ਹਫਤਾ ਲੱਗੇਗਾ ਜਾਂ ਇਸ ਤੋਂ ਵਧ ਸਮਾਂ ਲੱਗੇਗਾ ਤਾਂ ਉਨਾਂ ਕਿਹਾ ਨਹੀਂ ਪਰੰਤੂ ਬਹੁਤ ਛੇਤੀ ਖਤਮ ਹੋਵੇਗੀ। ਇਸੇ ਦੌਰਾਨ ਪੈਂਟਾਗਨ ਨੇ ਈਰਾਨ ਜੰਗ ਵਿਚ ਮਾਰੇ ਗਏ ਆਪਣੇ ਸਤਵੇਂ ਫੌਜੀ ਦੀ ਪਛਾਣ ਜਨਤਿਕ ਕਰ ਦਿੱਤੀ ਹੈ ਤੇ ਕਿਹਾ ਹੈ ਕਿ ਸਾਊਦੀ ਅਰਬ ਵਿੱਚ ਪ੍ਰਿੰਸ ਸੁਲਤਾਨ ਏਅਰ ਬੇਸ ਤੇ
ਈਰਾਨ ਦੇ ਹਮਲੇ ਵਿੱਚ 26 ਸਾਲਾ ਸਾਰਜੈਂਟ ਬੈਨਜਾਮਿਨ ਪੈਨਿੰਗਟਨ ਸ਼ਹੀਦ ਹੋ ਗਿਆ ਹੈ। ਅਮਰੀਕਾ ਅਨੁਸਾਰ ਹੁਣ ਤੱਕ ਉਸ ਦੇ 7 ਫੌਜੀ ਸ਼ਹੀਦ ਹੋਏ ਹਨ ਜਦ ਕਿ ਘੱਟੋ ਘੱਟ 1230 ਈਰਾਨੀਆਂ ਦੀ ਮੌਤ ਹੋਈ ਹੈ। ਇਜ਼ਰਾਈਲ ਵਿਚ 11 ਤੇ ਲੈਬਨਾਨ ਵਿੱਚ ਤਕਰੀਬਨ 400 ਲੋਕ ਮਾਰੇ ਗਏ ਹਨ।