ਵੀਓਮਿੰਗ ਵਿੱਚ ਅੰਗਰੇਜੀ ਨਾ ਬੋਲਣ ਵਾਲੇ ਟਰੱਕ ਡਰਾਈਵਰਾਂ ਦੀ ਸ਼ਾਮਤ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕੀ ਰਾਜ ਵੀਓਮਿੰਗ ਵਿਚ ਗਵਰਨਰ ਮਾਰਕ ਗੋਰਡਨ ਨੇ ਹਾਊਸ ਬਿੱਲ 32 ਉਪਰ ਦਸਤਖਤ ਕਰ ਦਿੱਤੇ ਹਨ ਜੋ ਕਾਨੂੰਨ ਅੰਗਰੇਜੀ ਨਾ ਬੋਲਣ ਵਾਲੇ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਸ਼ਾਮਤ ਦਾ ਕਾਰਨ ਬਣੇਗਾ। ਇਸ ਕਾਨੂੰਨ ਤਹਿਤ ਪੁਲਿਸ ਅੰਗਰੇਜੀ ਨਾ ਜਾਣਨ ਵਾਲੇ ਡਰਾਈਵਰਾਂ ਨੂੰ ਜੁਰਮਾਨਾ ਕਰ ਸਕਦੀ ਹੈ ਤੇ ਜੇਲ ਵਿਚ ਬੰਦ ਕਰ ਸਕਦੀ ਹੈ। ਵੀਓਮਿੰਗ ਵਿਚ ਕੋਈ ਵੀ ਵਿਅਕਤੀ ਜਿਸ ਨੂੰ ਅੰਗਰੇਜੀ ਨਹੀਂ ਆਉਂਦੀ ਉਹ ਟਰੱਕ ਨਹੀਂ ਚਲਾ ਸਕੇਗਾ। ਸ਼ੁਰੂ ਵਿੱਚ ਅਜਿਹੇ ਡਰਾਈਵਰ ਨੂੰ 1000 ਡਾਲਰ ਜੁਰਮਾਨਾ ਤੇ ਉਸ ਉਪਰ ਕਰਮਰਸ਼ੀਅਲ ਵਾਹਣ ਚਲਾਉਣ ਉਪਰ ਤੁਰੰਤ ਪਾਬੰਦੀ ਲਾਈ ਜਾਵੇਗੀ। ਇਹ ਪਾਬੰਦੀ ਓਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਹ ਅੰਗਰੇਜੀ ਬੋਲਣ ਵਿੱਚ ਆਪਣੀ ਮੁਹਾਰਤ ਸਿੱਧ ਨਹੀਂ ਕਰ ਦਿੰਦਾ। ਜੇਕਰ ਅਜਿਹਾ ਡਰਾਈਵਰ ਮੁੜ ਕਮਰਸ਼ੀਅਲ ਵਾਹਣ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਉਪਰ 1000 ਡਾਲਰ ਦਾ ਹੋਰ ਜੁਰਮਾਨਾ ਲਾਇਆ ਜਾਵੇਗਾ ਤੇ ਉਸ ਨੂੰ 90 ਦਿਨ ਜੇਲ ਵਿਚ ਰਖਿਆ ਜਾਵੇਗਾ।