ਕੀ ਤੀਜਾ ਮੋਰਚਾ ਬਣੇਗਾ? ਇੰਡੀਆ ਬਲਾਕ ਵਿੱਚ ਫੁੱਟ ਪੈਣ ਲਗੀ

*ਰਾਹੁਲ ਗਾਂਧੀ ਬੈਕਫੁੱਟ 'ਤੇ, ਮਮਤਾ-ਸਟਾਲਿਨ ਲੀਡਰਸ਼ਿਪ ਦੀ ਜੰਗ ਛਿੜੀ
*ਇੰਡੀਆ ਬਲਾਕ ਦੀ ਲੀਡਰਸ਼ਿਪ ਸੰਕਟ: ਕਾਂਗਰਸ ਨੂੰ ਚੈਲਿੰਜ, ਰੀਜਨਲ ਪਾਰਟੀਆਂ ਬਗਾਵਤੀ ਮੂਡ ਵਿੱਚ!
*ਮਮਤਾ ਦਾ ਚੋਣ ਕਮਿਸ਼ਨ 'ਤੇ ਹਮਲਾ: ਵੋਟਰ ਲਿਸਟ ਵਿਚ ਗੜਬੜੀ ਦਾ ਰੌਲਾ, ਧਰਨੇ-ਸੁਪਰੀਮ ਕੋਰਟ ਤੱਕ ਜੰਗ!
ਭਾਰਤੀ ਰਾਜਨੀਤੀ ਹੁਣ ਦੋ ਧਰੁਵਾਂ ਵਾਲੀ ਹੋ ਗਈ ਹੈ। ਇੱਕ ਪਾਸੇ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਹੈ ਅਤੇ ਦੂਜੇ ਪਾਸੇ ਇੰਡੀਆ ਬਲਾਕ ਹੈ, ਜਿਸ ਵਿੱਚ ਅਜੇ ਵੀ ਲੀਡਰਸ਼ਿਪ ਦੀ ਸਮੱਸਿਆ ਹੈ। ਇੰਡੀਆ ਬਲਾਕ ਵਿੱਚ ਕੋਈ ਰਸਮੀ ਚੇਅਰਮੈਨ ਜਾਂ ਕਨਵੀਨਰ ਨਹੀਂ ਹੈ ਅਤੇ ਨਾ ਹੀ ਕੋਈ ਸੈਕਰੇਟੇਰੀਏਟ ਬਣਿਆ ਹੈ। ਇਸ ਨੂੰ ਲੈ ਕੇ ਬਲਾਕ ਵਿੱਚ ਸ਼ਾਮਲ ਪਾਰਟੀਆਂ ਵਿੱਚ ਅੰਦਰੂਨੀ ਲੜਾਈ ਚੱਲ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਇੰਡੀਆ ਬਲਾਕ ਵਿੱਚ ਫੁਟ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਤੀਜੇ ਮੋਰਚੇ ਦੇ ਬਣਨ ਦੀ ਸੰਭਾਵਨਾ ਵੀ ਵਧ ਰਹੀ ਹੈ।
ਯਾਦ ਰਹੇ ਕਿ ਫਰਵਰੀ 2026 ਵਿੱਚ ਸ਼ਿਵ ਸੈਨਾ (ਯੂਬੀਟੀ) ਨੇ ਇੰਡੀਆ ਬਲਾਕ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਜਾਗ ਜਾਵੇ ਅਤੇ ਅਗਲੇ ਵਿਧਾਨ ਸਭਾ ਚੋਣਾਂ ਲਈ ਲੀਡਰਸ਼ਿਪ ਦਾ ਫੈਸਲਾ ਕਰੇ ਤੇ ਸਿਆਸੀ ਮੁਹਿੰਮ ਤੇਜ਼ ਕਰੇ। ਉਨ੍ਹਾਂ ਨੇ ਮਮਤਾ ਬੈਨਰਜੀ ਜਾਂ ਐੱਮਕੇ ਸਟਾਲਿਨ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਅੱਗੇ ਵਧਾਉਣ ਦੀ ਗੱਲ ਕੀਤੀ ਸੀ। ਇਹ ਸੰਕੇਤ ਦਿੰਦਾ ਹੈ ਕਿ ਬਲਾਕ ਵਿੱਚ ਅੰਦਰੂਨੀ ਅਸਹਿਮਤੀ ਵਧ ਰਹੀ ਹੈ। ਤਾਮਿਲਨਾਡੂ ਵਿੱਚ ਡੀਐੱਮਕੇ ਅਤੇ ਕਾਂਗਰਸ ਵਿੱਚ ਫੁਟ ਵਧ ਰਹੀ ਹੈ। ਡੀਐੱਮਕੇ ਨੇ ਪੁਡੂਚੇਰੀ ਵਿੱਚ ਗਠਜੋੜ ਗੱਲਬਾਤ ਕੀਤੀ ਪਰ ਕਾਂਗਰਸ ਨੂੰ ਸੱਦਾ ਨਹੀਂ ਦਿੱਤਾ ਗਿਆ। ਇਸ ਨਾਲ ਬਲਾਕ ਵਿੱਚ ਤਣਾਅ ਵਧ ਗਿਆ ਹੈ। ਰਾਹੁਲ ਗਾਂਧੀ ਨੇ ਐੱਮਕੇ ਸਟਾਲਿਨ ਨੂੰ ਜਨਮਦਿਨ ਦੀ ਵਧਾਈ ਨਹੀਂ ਦਿੱਤੀ, ਜਿਸ ਨੂੰ ਫੁਟ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਕਾਂਗਰਸ ਡੀਐੱਮਕੇ ਦੇ 25 ਸੀਟਾਂ ਦੇ ਪ੍ਰਸਤਾਵ ਨੂੰ ਅਸਵੀਕਾਰ ਕਰ ਚੁਕੀ ਹੈ ਅਤੇ ਵਧੇਰੇ ਸੀਟਾਂ ਮੰਗੀਆਂ ਸਨ। ਬਿਹਾਰ ਵਿੱਚ ਵੀ ਕਾਂਗਰਸ ਅਤੇ ਆਰਜੇਡੀ ਵਿੱਚ ਝਗੜੇ ਵਧੇ ਹਨ, ਜਿਸ ਨਾਲ ਮਹਾਗਠਬੰਧਨ ਦੀ ਭਵਿੱਖ ਅਨਿਸ਼ਚਿਤ ਹੈ।
ਇੰਡੀਆ ਬਲਾਕ ਵਿੱਚ ਫੁਟ ਦੇ ਕਈ ਕਾਰਨ ਹਨ। ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਬਲਾਕ ਦਾ ਲੀਡਰ ਮੰਨਿਆ ਜਾਂਦਾ ਹੈ ਪਰ ਕਈ ਰੀਜਨਲ ਪਾਰਟੀਆਂ ਇਸ ਨਾਲ ਸਹਿਮਤ ਨਹੀਂ ਹਨ। ਉਹ ਚਾਹੁੰਦੀਆਂ ਹਨ ਕਿ ਕਾਂਗਰਸ ਨੂੰ ਮਜ਼ਬੂਤ ਨਾ ਹੋਣ ਦਿੱਤਾ ਜਾਵੇ ਕਿਉਂਕਿ ਇਹ ਉਨ੍ਹਾਂ ਦੇ ਰਾਜ ਵਿੱਚ ਰੀਜਨਲ ਪਾਰਟੀਆਂ ਨੂੰ ਨੁਕਸਾਨ ਪਹੁੰਚਾਏਗੀ।
ਤੀਜੇ ਮੋਰਚੇ ਦੀ ਸੰਭਾਵਨਾ ਵੀ ਵਧ ਰਹੀ ਹੈ। ਜੇਕਰ ਕਾਂਗਰਸ ਨੇ ਕਿਸੇ ਹੋਰ ਪਾਰਟੀ ਦੇ ਲੀਡਰ ਨੂੰ ਸਵੀਕਾਰ ਨਾ ਕੀਤਾ ਤਾਂ ਤੀਜਾ ਮੋਰਚਾ ਬਣ ਸਕਦਾ ਹੈ। ਮਮਤਾ ਬੈਨਰਜੀ ਭਾਜਪਾ ਵਿਰੋਧੀ ਚਿਹਰੇ ਵਜੋਂ ਅੱਗੇ ਵਧ ਰਹੀ ਹੈ ਅਤੇ ਉਨ੍ਹਾਂ ਨੂੰ ਹੋਰ ਪਾਰਟੀਆਂ ਦਾ ਸਮਰਥਨ ਮਿਲ ਸਕਦਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਤੀਜੇ ਮੋਰਚੇ ਦੀ ਗੱਲ ਚੱਲ ਰਹੀ ਹੈ ਜਿੱਥੇ ਕਾਂਗਰਸ ਅਤੇ ਭਾਜਪਾ ਵਿੱਚ ਅਸੰਤੁਸ਼ਟ ਨੇਤਾ ਨਵਾਂ ਮੋਰਚਾ ਬਣਾ ਰਹੇ ਹਨ। ਓਡੀਸ਼ਾ ਵਿੱਚ ਵੀ ਨਵੇਂ ਬਦਲ ਫਰੰਟ ਬਣਨ ਦੀ ਚਰਚਾ ਹੈ ਜੋ ਬੀਜੇਡੀ ਅਤੇ ਕਾਂਗਰਸ ਦੇ ਵੋਟ ਵੰਡੇਗੀ। ਰਾਸ਼ਟਰੀ ਪੱਧਰ ਤੇ ਤੀਜਾ ਮੋਰਚਾ ਬਣਨ ਦੀ ਸੰਭਾਵਨਾ ਹੈ ਜੇਕਰ ਇੰਡੀਆ ਬਲਾਕ ਵਿੱਚ ਫੁਟ ਵਧਦੀ ਹੈ। ਇਤਿਹਾਸ ਵਿੱਚ ਤੀਜੇ ਮੋਰਚੇ ਨੇ ਕਈ ਵਾਰ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਈਆ। ਪਰ ਹੁਣ ਸਥਿਤੀ ਵੱਖਰੀ ਹੈ ਕਿਉਂਕਿ ਰੀਜਨਲ ਪਾਰਟੀਆਂ ਭਾਜਪਾ ਨੂੰ ਰੋਕਣ ਲਈ ਇੱਕਜੁੱਟ ਹੋ ਸਕਦੀਆਂ ਹਨ।
ਭਾਜਪਾ ਅਤੇ ਐੱਨਡੀਏ ਦੀ ਹਾਲਤ ਮਜ਼ਬੂਤ ਹੈ। ਮਾਰਚ 2026 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਵਿੱਚ ਐੱਨਡੀਏ ਦੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐੱਨਡੀਏ ਨੂੰ 5 ਸਾਲਾਂ ਲਈ ਮੌਕਾ ਦੇਣ। ਐੱਨਡੀਏ ਨੇ ਕੇਰਲ ਵਿੱਚ ਵੱਡੀ ਰੈਲੀ ਕੀਤੀ ਸੀ ਅਤੇ ਵਿਕਸਿਤ ਕੇਰਲਾ ਦਾ ਨਾਅਰਾ ਦਿੱਤਾ ਸੀ। ਰਾਜ ਸਭਾ ਵਿੱਚ ਐੱਨਡੀਏ ਦੀ ਤਾਕਤ ਵਧ ਰਹੀ ਹੈ ਅਤੇ 2026 ਵਿੱਚ ਉਹ 145 ਸੀਟਾਂ ਤੱਕ ਪਹੁੰਚ ਸਕਦੀ ਹੈ। ਐੱਨਡੀਏ ਕਈ ਰਾਜਾਂ ਵਿੱਚ ਸੱਤਾ ਵਿੱਚ ਹੈ ਜਿਵੇਂ ਅਸਮ, ਬਿਹਾਰ ਅਤੇ ਹੋਰ। ਭਾਜਪਾ ਨੂੰ ਅਗਲੇ ਚੋਣਾਂ ਵਿੱਚ ਵੀ ਮਜ਼ਬੂਤ ਸਥਿਤੀ ਵਿੱਚ ਵੇਖਿਆ ਜਾ ਰਿਹਾ ਹੈ।
ਕੀ ਇੰਡੀਆ ਬਲਾਕ ਇੱਕਜੁੱਟ ਹੋ ਕੇ ਉਹ ਭਾਜਪਾ ਨੂੰ ਹਰਾ ਸਕਦਾ ਹੈ?
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਲਾਕ ਨੂੰ ਜ਼ਮੀਨੀ ਪੱਧਰ ਤੇ ਸੰਗਠਨ ਅਤੇ ਚੋਣ ਨੈਰੇਟਿਵ ਬਣਾਉਣ ਲਈ ਵਧੇਰੇ ਮਿਹਨਤ ਕਰਨੀ ਪਵੇਗੀ। ਜੇਕਰ ਬਲਾਕ ਇੱਕਜੁੱਟ ਰਹੇ ਤਾਂ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਪਰ ਅੰਦਰੂਨੀ ਫੁਟ ਨਾਲ ਕਮਜ਼ੋਰ ਹੈ। ਪਿਛਲੇ ਚੋਣਾਂ ਵਿੱਚ ਮਮਤਾ ਬੈਨਰਜੀ ਨੇ ਵੱਖਰੇ ਲੜ ਕੇ ਭਾਜਪਾ ਨੂੰ ਰੋਕਿਆ ਸੀ। ਜੇਕਰ ਰੀਜਨਲ ਪਾਰਟੀਆਂ ਮੋਰਚਾ ਬਣਾ ਕੇ ਲੜਨ ਤਾਂ ਆਪਣੇ ਰਾਜਾਂ ਵਿੱਚ ਭਾਜਪਾ ਨੂੰ ਰੋਕ ਸਕਦੀਆਂ ਹਨ। ਪਰ ਕਾਂਗਰਸ ਨੂੰ ਲੀਡਰਸ਼ਿਪ ਬਣਾਈ ਰੱਖਣ ਲਈ ਕੇਰਲ, ਅਸਮ ਅਤੇ ਹੋਰ ਰਾਜਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ 2029 ਦੇ ਚੋਣਾਂ ਵਿੱਚ ਲੀਡਰਸ਼ਿਪ ਕਾਂਗਰਸ ਦੇ ਹੱਥੋਂ ਨਿਕਲ ਸਕਦੀ ਹੈ ਜਾਂ ਤੀਜਾ ਮੋਰਚਾ ਬਣ ਸਕਦਾ ਹੈ।fa4974
ਹੁਣ ਗੱਲ ਕਰੀਏ ਮਮਤਾ ਬੈਨਰਜੀ ਵੱਲੋਂ ਚੋਣ ਕਮਿਸ਼ਨ ਵਿਰੁੱਧ ਮੋਰਚੇ ਦੀ। ਮਮਤਾ ਨੇ ਚੋਣ ਕਮਿਸ਼ਨ ਤੇ ਆਰੋਪ ਲਾਇਆ ਕਿ ਉਹ ਵੋਟਰ ਸੂਚੀ ਵਿੱਚ ਗੜਬੜੀ ਕਰ ਰਹੇ ਹਨ। ਸਪੈਸ਼ਲ ਇੰਟੈੰਸਿਵ ਰਿਵੀਜ਼ਨ (ਐੱਸਆਈਆਰ) ਨੂੰ ਲੈ ਕੇ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਕੇਸ ਕੀਤਾ ਸੀ ਅਤੇ ਸੜਕਾਂ ਤੇ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ 60 ਲੱਖ ਨਾਂ ਕੱਟੇ ਗਏ ਅਤੇ ਹੋਰ 60 ਲੱਖ ਨੂੰ ਵਿਚਾਰ ਅਧੀਨ ਰੱਖਿਆ ਗਿਆ ਹੈ। ਮਮਤਾ ਨੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਥਰੈਟ ਕਰਨ ਵਾਲਾ ਕਿਹਾ ਅਤੇ ਉਨ੍ਹਾਂ ਨੂੰ ਹਟਾਉਣ ਲਈ ਪਾਰਲੀਮੈਂਟ ਵਿੱਚ ਪ੍ਰਸਤਾਵ ਲਿਆਉਣ ਦੀ ਤਿਆਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਐੱਸਆਈਆਰ ਨਾਲ ਬੰਗਾਲ ਵਿੱਚ 1.23 ਕਰੋੜ ਨਾਂ ਕੱਟੇ ਜਾ ਸਕਦੇ ਹਨ ਅਤੇ ਇਹ ਭਾਜਪਾ ਦੀ ਸਾਜ਼ਿਸ਼ ਹੈ। ਸੁਪਰੀਮ ਕੋਰਟ ਨੇ ਵੀ ਬੰਗਾਲ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਚੇਤਾਵਨੀ ਦਿੱਤੀ ਕਿ ਉਹ ਅਪੀਲਾਂ ਨੂੰ ਸਹੀ ਤਰੀਕੇ ਨਾਲ ਨਿਪਟਾਉਣ। ਮਮਤਾ ਨੇ ਖੁਦ ਅਦਾਲਤ ਵਿੱਚ ਬਹਿਸ ਕੀਤੀ ਅਤੇ ਧਰਨੇ ਵੀ ਦਿਤੇ। ਉਨ੍ਹਾਂ ਨੇ ਕਿਹਾ ਕਿ ਇਹ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਾਜ਼ਿਸ਼ ਹੈ ਅਤੇ ਬੰਗਾਲ ਨੂੰ ਵੰਡਣ ਦੀ ਕੋਸ਼ਿਸ਼ ਹੈ।
ਇਸ ਸਾਲ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹਨ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਰਾਜਨੀਤੀ ਵਿੱਚ ਵੱਡਾ ਬਦਲਾਅ ਆ ਸਕਦਾ ਹੈ। ਜੇਕਰ ਪੱਛਮੀ ਬੰਗਾਲ ਵਿੱਚ ਮਮਤਾ ਜਿੱਤ ਜਾਂਦੀ ਹੈ ਅਤੇ ਕੇਰਲ ਵਿੱਚ ਕਾਂਗਰਸ ਨਹੀਂ ਜਿੱਤਦੀ ਤਾਂ ਮਮਤਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਅੱਗੇ ਵਧਾਉਣ ਦੀ ਮੰਗ ਵਧੇਗੀ ਅਤੇ ਕਾਂਗਰਸ ਦਾ ਸਿਆਸੀ ਆਧਾਰ ਡਿੱਗੇਗਾ। ਤਾਮਿਲਨਾਡੂ ਵਿੱਚ ਡੀਐੱਮਕੇ ਅਤੇ ਕਾਂਗਰਸ ਦੇ ਰਿਸ਼ਤੇ ਪ੍ਰਭਾਵਿਤ ਹੋਣਗੇ। ਕਾਂਗਰਸ ਨੇ ਡੀਐੱਮਕੇ ਤੇ ਦਬਾਅ ਬਣਾਇਆ ਜਿਸ ਨਾਲ ਅਵਿਸ਼ਵਾਸ ਵਧਿਆ। ਅਗਲੇ ਸਾਲ ਪੰਜਾਬ ਵਿੱਚ ਚੋਣਾਂ ਹਨ ਜਿੱਥੇ ਆਮ ਆਦਮੀ ਪਾਰਟੀ ਦੂਜੀ ਵਾਰ ਜਿੱਤਣ ਦੀ ਕੋਸ਼ਿਸ਼ ਕਰੇਗੀ। ਗੋਆ, ਹਿਮਾਚਲ ਅਤੇ ਗੁਜਰਾਤ ਵਿੱਚ ਵੀ ਚੋਣਾਂ ਹਨ ਜਿੱਥੇ ਕਾਂਗਰਸ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਜੇਕਰ ਕਾਂਗਰਸ ਕਮਜ਼ੋਰ ਰਹੀ ਤਾਂ 2029 ਵਿੱਚ ਬਲਾਕ ਦੀ ਲੀਡਰਸ਼ਿਪ ਉਸ ਦੇ ਹੱਥੋਂ ਨਿਕਲ ਸਕਦੀ ਹੈ।
ਕੀ ਤੀਜਾ ਮੋਰਚਾ ਭਾਜਪਾ ਲਈ ਚੈਲਿੰਜ ਬਣੇਗਾ ਜਾਂ ਨਹੀਂ?
ਇਹ ਵੀ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ। ਪਿਛਲੀ ਵਾਰ ਮਮਤਾ ਨੇ ਵੱਖਰੇ ਤੌਰ ਉਪਰ ਲੜ ਕੇ ਭਾਜਪਾ ਨੂੰ ਰੋਕਿਆ ਸੀ। ਜੇਕਰ ਰੀਜਨਲ ਪਾਰਟੀਆਂ ਮੋਰਚਾ ਬਣਾ ਕੇ ਲੜਨ ਤਾਂ ਆਪਣੇ ਪ੍ਰਭਾਵ ਵਾਲੇ ਰਾਜਾਂ ਵਿੱਚ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਪਰ ਇੰਡੀਆ ਬਲਾਕ ਨੂੰ ਇੱਕਜੁੱਟ ਰਹਿਣ ਲਈ ਵੱਡੀ ਮਿਹਨਤ ਕਰਨੀ ਪਵੇਗੀ। ਰਾਹੁਲ ਗਾਂਧੀ ਨੂੰ ਲੀਡਰ ਵਜੋਂ ਸਵੀਕਾਰ ਕਰਨ ਲਈ ਕਾਂਗਰਸ ਨੂੰ ਚੰਗੇ ਨਤੀਜੇ ਚਾਹੀਦੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬਲਾਕ ਇੱਕਜੁੱਟ ਨਾ ਰਿਹਾ ਤਾਂ ਤੀਜਾ ਮੋਰਚਾ ਬਣਨਾ ਯਕੀਨੀ ਹੈ ਅਤੇ ਭਾਜਪਾ ਨੂੰ ਫਾਇਦਾ ਹੋਵੇਗਾ।
ਭਾਰਤੀ ਰਾਜਨੀਤੀ ਵਿੱਚ 2026 ਇੱਕ ਅਹਿਮ ਸਾਲ ਹੈ ਜਿੱਥੇ ਚੋਣਾਂ ਨਹੀਂ ਸਿਰਫ਼ ਸੱਤਾ ਲਈ ਲੜੀਆਂ ਜਾਣਗੀਆਂ ਬਲਕਿ ਰਾਜਨੀਤਿਕ ਬਚਾਅ ਲਈ ਵੀ। ਭਾਜਪਾ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਮੌਕਾ ਵੇਖ ਰਹੀ ਹੈ ਜਦਕਿ ਵਿਰੋਧੀ ਧਿਰ ਫੁਟ ਦੀ ਸ਼ਿਕਾਰ ਹੈ। ਮੋਦੀ ਸਰਕਾਰ ਨੇ 2026 ਤੱਕ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਅਤੇ ਬੰਗਾਲ ਚੋਣਾਂ ਵੀ ਚੁਣੌਤੀਪੂਰਨ ਹਨ। ਰਾਜਨੀਤੀ ਵਿੱਚ ਅਨੇਕਾਂ ਸੰਭਾਵਨਾਵਾਂ ਹਨ ਅਤੇ ਅਗਲੇ ਮਹੀਨੇ ਵੱਡੇ ਬਦਲਾਅ ਆ ਸਕਦੇ ਹਨ।ਭਾਜਪਾ ਦੀ ਮਜ਼ਬੂਤੀ ਅਤੇ ਵਿਰੋਧੀ ਧਿਰ ਦੀ ਕਮਜ਼ੋਰੀ ਨੂੰ ਵੇਖਦੇ ਹੋਏ ਅਗਲੇ ਚੋਣਾਂ ਵਿੱਚ ਵੱਡੇ ਉਲਟਫੇਰ ਹੋ ਸਕਦੇ ਹਨ। ਮਮਤਾ ਬੈਨਰਜੀ ਵੱਲੋਂ ਚੋਣ ਕਮਿਸ਼ਨ ਵਿਰੁੱਧ ਲੜਾਈ ਨੇ ਵੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿੱਚ ਵੱਡੇ ਘਟਨਾਕ੍ਰਮ ਵਾਪਰ ਸਕਦੇ ਹਨ ਜੋ ਭਾਰਤੀ ਰਾਜਨੀਤੀ ਨੂੰ ਨਵਾਂ ਮੋੜ ਦੇਣਗੇ