ਡਿਟਰਾਇਟ ਨੇੜੇ ਹਮਲਾਵਰ ਸਿਨਾਗੋਗ ''ਚ ਕਾਰ ਸਮੇਤ ਹੋਇਆ ਦਾਖਲ, ਪੁਲਿਸ ਕਾਰਵਾਈ ''ਚ ਢੇਰ

ਅਮਰੀਕਾ ਦੇ Detroit ਨੇੜਲੇ ਇਲਾਕੇ ਵੈਸਟ ਬਲੂਮਫੀਲਡ ਟਾਊਨਸਿ਼ਪ ਵਿੱਚ ਇਕ ਸਿਨਾਗੋਗ ''ਤੇ ਹਮਲੇ ਦੀ ਘਟਨਾ ਵਾਪਰੀ, ਜਿੱਥੇ ਇੱਕ ਹਥਿਆਰਬੰਦ ਵਿਅਕਤੀ ਆਪਣੀ ਕਾਰ ਇਮਾਰਤ ਦੇ ਅੰਦਰ ਦਾਖਲ ਹੋ ਕੇ ਹਮਲਾ ਕਰਨ ਦੀ ਕੋਸਿ਼ਸ਼ ਕਰਦਾ ਹੋਇਆ ਸੁਰੱਖਿਆ ਕਰਮਚਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ।
ਓਕਲੈਂਡ ਕਾਊਂਟੀ ਦੇ ਸ਼ੈਰੀਫ਼ Mike Bouchard ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹਮਲਾਵਰ ਨੇ ਆਪਣੀ ਗੱਡੀ ਨੂੰ ਸਿਨਾਗੋਗ Temple Israel ਦੇ ਦਰਵਾਜਿ਼ਆਂ ਵਿਚੋਂ ਸਿੱਧਾ ਅੰਦਰ ਦਾਖਲ ਕਰ ਦਿੱਤਾ। ਕਾਰ ਇਮਾਰਤ ਦੇ ਹਾਲਵੇ ਵਿੱਚੋਂ ਲੰਘਦੀ ਹੋਈ ਇਕ ਸੁਰੱਖਿਆ ਗਾਰਡ ਨਾਲ ਟਕਰਾ ਗਈ। ਇਸ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ''ਤੇ ਗੋਲੀਬਾਰੀ ਕੀਤੀ। ਪੁਲਿਸ ਮੁਤਾਬਕ ਹਮਲਾਵਰ ਕੋਲ ਰਾਈਫਲ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਸਿਨਾਗੋਗ ਵਿੱਚ ਇੱਕ ਛੋਟਾ ਬੱਚਿਆਂ ਦਾ ਡੇਅ ਕੇਅਰ ਕੇਂਦਰ ਅਤੇ ਸਕੂਲ ਵੀ ਹੈ, ਪਰ ਖੁਸ਼ਕਿਸਮਤੀ ਨਾਲ ਘਟਨਾ ਦੌਰਾਨ ਕੋਈ ਵੀ ਬੱਚਾ ਜਾਂ ਸਟਾਫ਼ ਮੈਂਬਰ ਜ਼ਖ਼ਮੀ ਨਹੀਂ ਹੋਇਆ।
ਸੂਤਰਾਂ ਮੁਤਾਬਕ ਕਾਰ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਸੀ। ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਕਿ ਗੱਡੀ ਦੇ ਡਿੱਬੇ ਵਿੱਚ ਧਮਾਕੇਖੇਜ਼ ਸਮੱਗਰੀ ਵੀ ਮਿਲੀ ਹੈ।
ਸਥਾਨਕ ਮੀਡੀਆ ਨੇ ਦੱਸਿਆ ਕਿ ਗਵਾਹਾਂ ਨੇ ਇੱਕ ਪਿਕਅੱਪ ਟਰੱਕ ਨੂੰ ਪਹਿਲਾਂ ਫੁੱਟਪਾਥ ''ਤੇ ਚੜ੍ਹਦੇ ਅਤੇ ਫਿਰ ਇਮਾਰਤ ਦੇ ਦਰਵਾਜਿ਼ਆਂ ਵਿਚੋਂ ਅੰਦਰ ਦੌੜਦੇ ਦੇਖਿਆ। ਘਟਨਾ ਤੋਂ ਬਾਅਦ ਪੁਲਿਸ ਅਤੇ ਐਮਰਜੈਂਸੀ ਟੀਮਾਂ ਨੇ ਮੌਕੇ ''ਤੇ ਪਹੁੰਚ ਕੇ ਇਮਾਰਤ ਨੂੰ ਖਾਲ੍ਹੀ ਕਰਵਾਇਆ ਅਤੇ ਜਾਂਚ ਸ਼ੁਰੂ ਕਰ ਦਿੱਤੀ।