ਸੋਸ਼ਲ ਮੀਡੀਆ ’ਤੇ ਪਰੋਸੀ ਜਾ ਰਹੀ ਅਸ਼ਲੀਲਤਾ ਬੱਚਿਆਂ ਲਈ ਖ਼ਤਰਨਾਕ: ਹਰਭਜਨ ਸਿੰਘ

ਸਾਬਕਾ ਭਾਰਤੀ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸਦਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ, ਖ਼ਾਸ ਕਰਕੇ ਇੰਸਟਾਗ੍ਰਾਮ &rsquoਤੇ ਬੱਚਿਆਂ ਨੂੰ ਪਰੋਸੀ ਜਾ ਰਹੀ ਅਸ਼ਲੀਲ ਸਮੱਗਰੀ (Obscene Content) &rsquoਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਵੀਰਵਾਰ ਨੂੰ ਰਾਜ ਸਭਾ ਵਿੱਚ ਇੱਕ ਚਰਚਾ ਦੌਰਾਨ ਬੋਲਦਿਆਂ ਸਿੰਘ ਨੇ ਕਿਹਾ ਕਿ ਡਿਜੀਟਲ ਪਲੇਟਫਾਰਮਾਂ ਦੀ ਦੁਰਵਰਤੋਂ ਬੱਚਿਆਂ ਦੇ ਭਵਿੱਖ ਲਈ ਵੱਡਾ ਖ਼ਤਰਾ ਬਣ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਤੁਰੰਤ ਸਖ਼ਤ ਕਾਨੂੰਨਾਂ ਦੀ ਲੋੜ ਹੈ।

ਹਰਭਜਨ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਇੰਸਟਾਗ੍ਰਾਮ ਵਰਗੀਆਂ ਐਪਸ &rsquoਤੇ ਅਜਿਹਾ ਕੰਟੈਂਟ ਪਾਇਆ ਜਾ ਰਿਹਾ ਹੈ ਜੋ &lsquoਸੌਫਟ ਪੋਰਨੋਗ੍ਰਾਫੀ&rsquo (Soft Pornography) ਦੇ ਬਰਾਬਰ ਹੈ ਅਤੇ ਇਹ 12-13 ਸਾਲ ਦੇ ਬੱਚਿਆਂ ਦੀ ਪਹੁੰਚ ਵਿੱਚ ਸਿਰਫ਼ ਇੱਕ &lsquoਕਲਿੱਕ&rsquo ਦੀ ਦੂਰੀ &rsquoਤੇ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹੀ ਸਮੱਗਰੀ ਨਾ ਸਿਰਫ਼ ਬੱਚਿਆਂ ਦੀ ਮਾਨਸਿਕਤਾ &rsquoਤੇ ਮਾੜਾ ਅਸਰ ਪਾ ਰਹੀ ਹੈ, ਸਗੋਂ ਔਰਤਾਂ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਵੀ ਵਿਗਾੜ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਔਰਤਾਂ ਨੂੰ ਸਿਰਫ਼ ਇੱਕ ਵਸਤੂ ਵਜੋਂ ਦੇਖਣ ਦੀ ਰੁਚੀ ਵਧ ਸਕਦੀ ਹੈ, ਜੋ ਸਮਾਜਿਕ ਨਿਘਾਰ ਦਾ ਕਾਰਨ ਬਣੇਗੀ।

ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਵੈੱਬਸਾਈਟਾਂ ਅਤੇ ਪਲੇਟਫਾਰਮਾਂ ਨੂੰ ਨਿਯਮਤ ਕਰਨ ਲਈ ਸਖ਼ਤ ਡਿਜੀਟਲ ਸੁਰੱਖਿਆ ਨਿਯਮ ਬਣਾਏ ਜਾਣ। ਉਨ੍ਹਾਂ ਮੰਗ ਕੀਤੀ ਕਿ ਅਸ਼ਲੀਲ ਸਮੱਗਰੀ ਪਰੋਸਣ ਵਾਲੀਆਂ ਵੈੱਬਸਾਈਟਾਂ &rsquoਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਕਿਉਂਕਿ ਅਜਿਹਾ ਕੰਟੈਂਟ ਸਮਾਜ ਨੂੰ ਕੋਈ ਫਾਇਦਾ ਨਹੀਂ ਦਿੰਦਾ, ਸਗੋਂ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਕਰਦਾ ਹੈ।