ਫਿਲਮ ਧੁਰੰਦਰ 2 ਵਿਚ ਦਸਤਾਰਧਾਰੀ ਸਿੱਖ ਪਾਤਰ ਦੇ ਨਸ਼ੇ ਵਾਲੇ ਦ੍ਰਿਸ਼ ਬਦਲੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਵਿਰੋਧ ਪ੍ਰਦਰਸ਼ਨ: ਗੁਰਮੀਤ ਸਿੰਘ ਸ਼ੰਟੀ 👉 ਫਿਲਮ ਸੇੰਸਰ ਬੋਰਡ ਨੂੰ ਪੱਤਰ ਲਿਖ ਕੀਤੀ ਗਈ ਮੰਗ 👉 ਦਿੱਲੀ ਕਮੇਟੀ ਵਲੋਂ ਇਸ ਮਾਮਲੇ ਤੇ ਚੁੱਪ ਰਹਿਣਾ ਨਮੋਸ਼ੀਜਨਕ

 ਨਵੀਂ ਦਿੱਲੀ 14 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਇੱਕ ਦਸਤਾਰਧਾਰੀ ਸਿੱਖ ਪਾਤਰ ਨੂੰ ਸਿਗਰਟ ਪੀਂਦੇ ਜਾਂ ਹੱਥ ਵਿੱਚ ਫੜੇ ਹੋਏ ਦਿਖਾਉਣਾ ਸਿੱਖ ਧਰਮ ਦੀਆਂ ਮਰਿਯਾਦਾਵਾਂ ਅਤੇ ਸਿਧਾਂਤਾਂ ਦੇ ਪੂਰੀ ਤਰ੍ਹਾਂ ਉਲਟ ਹੈ। ਸਿੱਖ ਰਹਿਤ ਮਰਿਯਾਦਾ ਵਿੱਚ ਤੰਬਾਕੂ (ਜਗਤ ਜੂਠ) ਦਾ ਸੇਵਨ "ਬੱਜਰ ਕੁਰਹਿਤਾਂ" ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੈਸ਼ਨਲ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਰਾਸ਼ਟਰੀ ਬੁਲਾਰੇ ਅਤੇ ਸਾਬਕਾ ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਕਿਹਾ ਕਿ ਫਿਲਮ ਧੁਰੰਦਰ 2 ਵਿਚ ਦਿਖਾਏ ਜਾ ਰਹੇ ਸਿੱਖ ਕਿਰਦਾਰ ਦੇ ਦ੍ਰਿਸ਼ਾ ਰਾਹੀਂ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਕਿ ਨਾਬਰਦਾਸ਼ਤ ਯੋਗ ਹੈ। ਉਨ੍ਹਾਂ ਕਿਹਾ ਸਿੱਖ ਧਰਮ ਵਿੱਚ ਕੇਸ ਅਤੇ ਦਸਤਾਰ ਗੁਰੂ ਦੀ ਬਖਸ਼ਿਸ਼ ਅਤੇ ਪਵਿੱਤਰਤਾ ਦਾ ਪ੍ਰਤੀਕ ਹਨ। ਦਸਤਾਰਧਾਰੀ ਵਿਅਕਤੀ ਦਾ ਸਿਗਰਟ ਪੀਣਾ ਸਿੱਖੀ ਦੀਆਂ ਮੂਲ ਕਦਰਾਂ- ਕੀਮਤਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਇਸ ਲਈ ਅਜਿਹੇ ਦ੍ਰਿਸ਼ ਸਿੱਖ ਭਾਈਚਾਰੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾ ਸਕਦਾ ਹੈ ਅਤੇ ਇਸ ਨੂੰ ਧਰਮ ਦੀ ਬੇਅਦਬੀ ਵਜੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਜੇਕਰ ਫਿਲਮ ਅੰਦਰ ਕਹਾਣੀ ਦੀ ਮੰਗ ਅਨੁਸਾਰ ਕਿਸੇ ਪਾਤਰ ਦੀਆਂ ਬੁਰਾਈਆਂ ਦਿਖਾਉਣੀਆਂ ਹੋਣ, ਤਾਂ ਆਮ ਤੌਰ 'ਤੇ ਉਸ ਨੂੰ ਦਸਤਾਰਧਾਰੀ ਜਾਂ ਅੰਮ੍ਰਿਤਧਾਰੀ ਰੂਪ ਵਿੱਚ ਨਹੀਂ ਦਿਖਾਇਆ ਜਾਂਦਾ, ਕਿਉਂਕਿ ਦਸਤਾਰ ਇੱਕ ਉੱਚੇ ਇਖ਼ਲਾਕੀ ਜੀਵਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਇਸ ਲਈ ਅਸੀਂ ਸੇੰਸਰ ਬੋਰਡ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਫਿਲਮ ਉਪਰ ਤੁਰੰਤ ਕਾਰਵਾਈ ਕਰਦਿਆਂ ਸਿੱਖ ਪਾਤਰ ਦੇ ਹੱਥਾਂ ਵਿਚ ਦਿਖਾਈ ਜਾ ਰਹੀ ਨਸ਼ੇ ਦੀ ਸਮਗਰੀ ਵਾਲੇ ਦ੍ਰਿਸ਼ ਹਟਵਾਏ ਜਾਣ ਜ਼ੇਕਰ ਫਿਲਮ ਨਿਰਮਾਤਾ ਨਹੀਂ ਮੰਨਦਾ ਤਾਂ ਫਿਲਮ ਨੂੰ ਬੈਨ ਕੀਤਾ ਜਾਏ। ਉਨ੍ਹਾਂ ਲਿਖਿਆ ਜ਼ੇਕਰ ਤੁਸੀਂ ਇਸ ਵਿਚ ਅਸਫਲ ਹੁੰਦੇ ਹੋ ਤਾਂ ਫਿਲਮ ਵਿਰੁੱਧ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਸਕਦੇ ਹਨ ਜਿਸ ਕਰਕੇ ਇਸਨੂੰ ਸਿਨੇਮਾ ਹਾਲ ਵਾਲੇ ਪ੍ਰਦਰਸ਼ਿਤ ਹੋਣ ਤੇ ਰੋਕ ਸਕਦੇ ਹਨ । ਇਸਦੇ ਨਾਲ ਹੀ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਫਿਲਮ ਨਿਰਮਾਤਾ ਵਿਰੁੱਧ ਸਿੱਖ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਣ ਕਰਕੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਅਤੇ ਅਕਾਲ ਤਖਤ ਸਾਹਿਬ ਤੇ ਵੀ ਇਸ ਬਾਰੇ ਸ਼ਿਕਾਇਤ ਕੀਤੀ ਜਾਏਗੀ। ਉਨ੍ਹਾਂ ਦਸਿਆ ਇਸ ਪੱਤਰ ਦੀ ਕਾਪੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਐਸਜੀਪੀਸੀ ਪ੍ਰਧਾਨ, ਅਤੇ ਦਿੱਲੀ ਪੁਲਿਸ ਦੇ ਅਪਰਾਧ ਸ਼ਾਖਾ ਦੇ ਜੋਇੰਟ ਕਮਿਸ਼ਨਰ ਨੂੰ ਬਣਦੀ ਕਾਰਵਾਈ ਲਈ ਭੇਜੀ ਜਾਏਗੀ । ਅੰਤ ਵਿਚ ਉਨ੍ਹਾਂ ਕਿਹਾ ਇਸ ਕੰਮ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਅਤੇ ਧਰਮ ਪ੍ਰਚਾਰ ਵਿੰਗ ਦੇ ਮੁੱਖੀ ਨੂੰ ਇਸ ਮਾਮਲੇ ਵਿਚ ਤੁਰੰਤ ਅੱਗੇ ਆਣਾ ਚਾਹੀਦਾ ਸੀ ਪਰ ਉਨ੍ਹਾਂ ਦੀ ਹਰ ਖੇਤਰ ਵਿਚ ਕਾਰਗੁਜਾਰੀ ਜੀਰੋ ਹੋਣ ਕਰਕੇ ਇਸ ਮਾਮਲੇ ਵਿਚ ਚੁੱਪ ਰਹਿਣਾ ਨਮੋਸ਼ੀਜਨਕ ਹੈ ।