ਗਲਾਸਗੋ ‘ਚ 175 ਸਾਲ ਪੁਰਾਣੀ ਇਤਿਹਾਸਕ ਇਮਾਰਤ ਅੱਗ ਨਾਲ ਸੜ ਕੇ ਸੁਆਹ

 ਗਲਾਸਗੋ, (ਹਰਜੀਤ  ਦੁਸਾਂਝ ਪੁਆਦੜਾ)-ਗਲਾਸਗੋ ਦੇ ਸੈਂਟਰ 'ਚ ਯੂਨੀਅਨ ਸਟਰੀਟ ਤੇ ਗੋਰਡਨ ਸਟਰੀਟ ਦੇ ਕੋਨੇ 'ਤੇ 175 ਸਾਲਾਂ ਤੋਂ ਵੱਧ ਸਮੇਂ ਤੋਂ ਪੁਰਾਣੀ ਇਮਾਰਤ ਅੱਗ 'ਚ ਝੁਲਸ ਕੇ ਤਬਾਹ ਹੋ ਗਈ | ਇਸ ਇਮਾਰਤ ਦੀ ਗਰਾਊਾਡ ਫ਼ਲੋਰ 'ਤੇ ਇਕ ਵੇਪ ਸ਼ਾਪ 'ਚ ਲੱਗੀ ਤੇ ਪਲਾਂ 'ਚ ਇਸ ਵਿਸ਼ਾਲ ਇਮਾਰਤ ਦੀ ਸਿਖਰਲੀ ਮੰਜ਼ਿਲ ਤੱਕ ਫੈਲ ਗਈ | ਅੱਗ ਬੁਝਾਊ ਦਸਤੇ ਅੱਗ 'ਤੇ ਕਾਬੂ ਪਾਉਣ ਲਈ ਰਾਤ ਭਰ ਜੂਝਦੇ ਰਹੇ | ਇਸ ਦੌਰਾਨ ਸਕਾਟਲੈਂਡ ਦੇ ਸਭ ਤੋਂ ਵਿਅਸਤ ਰੇਲਵੇ ਸਟੇਸ਼ਨ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ | ਅੱਗ ਏਨੀ ਭਿਆਨਕ ਸੀ ਕਿ ਫਾਇਰ ਬਿ੍ਗੇਡ ਦੀਆਂ 18 ਗੱਡੀਆਂ ਤੇ 250 ਕਾਮਿਆਂ ਨੇ ਸਾਰੀ ਰਾਤ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਗਲਾਸਗੋ ਦੇ ਸੈਂਟਰਲ ਰੇਲਵੇ ਸਟੇਸ਼ਨ ਨਾਲ ਇੰਨਾ ਨੇੜਿਓਾ ਜੁੜੀ ਹੋਈ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਰੇਲਵੇ ਸਟੇਸ਼ਨ ਨੂੰ ਹੀ ਅੱਗ ਲੱਗ ਗਈ | 1851 'ਚ ਉਸਾਰੀ ਗਈ ਇਹ ਵਿਰਾਸਤੀ ਇਮਾਰਤ ਨੂੰ ਵਿਕਟੋਰੀਆ ਬਿਲਡਿੰਗ ਕਿਹਾ ਜਾਂਦਾ ਸੀ ਜੋ ਕਿ ਮਹਾਰਾਣੀ ਵਿਕਟੋਰੀਅਨ ਯੁੱਗ ਦਾ ਨਿਰਮਾਣ ਸੀ | ਇਹ ਗਲਾਸਗੋ ਰੇਲਵੇ ਸਟੇਸ਼ਨ ਦੇ ਨਿਰਮਾਣ ਤੋਂ ਲਗਭਗ ਤਿੰਨ ਦਹਾਕੇ ਪਹਿਲਾਂ ਬਣੀ ਸੀ ਤੇ ਇਸਨੂੰ ਬ੍ਰਾਊਨ ਤੇ ਕੈਰਿਕ ਦੇ ਆਰਕੀਟੈਕਟ ਜੇਮਜ਼ ਬ੍ਰਾਊਨ ਵਲੋਂ ਡਿਜ਼ਾਈਨ ਕੀਤਾ ਗਿਆ ਸੀ | ਇਹ ਇਮਾਰਤ ਗਲਾਸਗੋ ਦੇ ਲੋਕਾਂ ਦਾ ਇਕ ਮੁੱਖ ਹਿੱਸਾ ਸੀ | ਲੋਕ ਰੇਲਵੇ ਸਟੇਸ਼ਨ ਨੂੰ ਇਸ ਦੀ ਅੱਗਿਓ ਹੋ ਕੇ ਜਾਂਦੇ ਤੇ ਇਸ 'ਚ ਬਹੁਤ ਸਾਰੇ ਕਾਰੋਬਾਰਾਂ ਚੱਲ ਰਹੇ ਸਨ ਜੋ ਕਿ ਇਹ ਇਕ ਵੱਡਾ ਨੁਕਸਾਨ ਹੈ | ਇਸ ਹਾਦਸੇ 'ਚ ਕਿਸੇ ਦੇ ਜ਼ਖ਼ਮੀ ਜਾਂ ਫੱਟੜ ਹੋਣ ਦੀ ਖ਼ਬਰ ਨਹੀਂ ਹੈ, ਕਿਉਂਕਿ ਸਮੇਂ ਸਿਰ ਲੋਕਾਂ ਨੂੰ ਇਮਾਰਤ 'ਚ ਬਾਹਰ ਕੱਢ ਲਿਆ ਗਿਆ | ਘਟਨਾ ਸਥਾਨ 'ਤੇ ਸਕਾਟਲੈਂਡ ਦੇ ਪਹਿਲੇ ਮੰਤਰੀ ਜੌਹਨ ਸਵਿੰਨੀ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਗਲਾਸਗੋ ਕੌਂਸਲ ਨੂੰ ਨੁਕਸਾਨ ਦੀ ਭਰਪਾਈ ਕਰਨ ਲਈ ਵਾਅਦਾ ਕੀਤਾ ਤੇ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ |