ਕ੍ਰਿਕਟਰ ਕੁਲਦੀਪ ਯਾਦਵ ਨੇ ਵਿਆਹ ਕਰਵਾਇਆ

ਭਾਰਤੀ ਕ੍ਰਿਕਟਰ ਕੁਲਦੀਪ ਯਾਦਵ ਨੇ ਆਪਣੀ ਮੰਗੇਤਰ ਵੰਸ਼ਿਕਾ ਸਿੰਘ ਨਾਲ ਖ਼ੂਬਸੂਰਤ ਪਹਾੜੀ ਕਸਬੇ ਮਸੂਰੀ ਵਿੱਚ ਨਿੱਜੀ ਪਰ ਸਿਤਾਰਿਆਂ ਨਾਲ ਭਰੇ ਸਮਾਗਮ ਦੌਰਾਨ ਵਿਆਹ ਕੀਤਾ। ਵਿਆਹ ਸਮਾਗਮ ਵਿੱਚ ਕ੍ਰਿਕਟ ਜਗਤ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਤਿਲਕ ਵਰਮਾ, ਰਿੰਕੂ ਸਿੰਘ, ਯੁਜ਼ਵੇਂਦਰ ਚਾਹਲ, ਮੁਹੰਮਦ ਕੈਫ਼, ਆਰ ਪੀ ਸਿੰਘ ਅਤੇ ਸੁਰੇਸ਼ ਰੈਨਾ ਸ਼ਾਮਲ ਸਨ। ਇਹ ਸਾਰੀਆਂ ਹਸਤੀਆਂ ਭਾਰਤੀ ਸਪਿੰਨਰ ਦੇ ਇਸ ਖਾਸ ਮੌਕੇ ਦਾ ਜਸ਼ਨ ਮਨਾਉਣ ਲਈ ਇਕੱਠੀਆਂ ਹੋਈਆਂ। ਵਿਆਹ ਦੀਆਂ ਰਸਮਾਂ ਜੋ ਹਫ਼ਤੇ ਦੇ ਸ਼ੁਰੂ ਵਿੱਚ ਸ਼ੁਰੂ ਹੋਈਆਂ ਸਨ, ਸ਼ਨਿਚਰਵਾਰ ਦੇਰ ਰਾਤ ਤੱਕ ਚੱਲੀਆਂ। ਇਹ ਰਸਮਾਂ ਇਸ ਮਸ਼ਹੂਰ ਸੈਰ-ਸਪਾਟਾ ਸਥਾਨ ਦੇ ਇੱਕ ਮਸ਼ਹੂਰ ਹੋਟਲ ਵਿੱਚ ਕੀਤੀਆਂ ਗਈਆਂ। ਸਮਾਰੋਹ ਲਈ ਹੋਟਲ ਨੂੰ ਵਿਸ਼ੇਸ਼ ਤੌਰ &rsquoਤੇ ਸਜਾਇਆ ਗਿਆ ਸੀ। ਬਾਗੇਸ਼ਵਰ ਧਾਮ ਦੇ ਅਧਿਆਤਮਕ ਗੁਰੂ ਧੀਰੇਂਦਰ ਸ਼ਾਸਤਰੀ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸੱਜ-ਵਿਆਹੇ ਜੋੜੇ ਨੂੰ ਆਪਣਾ ਆਸ਼ੀਰਵਾਦ ਦਿੱਤਾ।