ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਵਧੀਆਂ ਮੁਸ਼ਕਲਾਂ

ਫਤਿਹਗੜ੍ਹ ਸਾਹਿਬ : ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਫਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਇੱਕ ਮਾਣਹਾਨੀ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਸੰਮਨ ਜਾਰੀ ਕਰਨ ਦੇ ਹੁਕਮ ਦਿੱਤੇ। ਹੁਣ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤ ਲੈਣੀ ਪਵੇਗੀ। ਇਸ ਮਾਮਲੇ ਦੀ ਅਗਲੀ ਸੁਣਵਾਈ 24 ਮਾਰਚ ਨੂੰ ਹੋਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਰੰਧਾਵਾ ਦੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਸਾਲ 2019 ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਉਹਨਾਂ ਦੇ ਪਿਤਾ ਹਰੀ ਸਿੰਘ ਰੰਧਾਵਾ ਬਾਰੇ ਅਪਮਾਨਜਨਕ ਸ਼ਬਦ ਬੋਲੇ ਸਨ। ਇਸ ਤੋਂ ਬਾਅਦ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਹੇਠਲੀ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ।
ਐਡਵੋਕੇਟ ਧਾਰਨੀ ਮੁਤਾਬਕ ਇਹ ਮਾਮਲਾ ਕਾਫੀ ਸਮੇਂ ਤੋਂ ਹੇਠਲੀ ਅਦਾਲਤ ਵਿੱਚ ਚੱਲ ਰਿਹਾ ਸੀ। ਪਰ ਕੇਸ ਦੀ ਪੈਰਵੀ ਤੋਂ ਅਸੰਤੁਸ਼ਟ ਹੋ ਕੇ ਸਾਲ 2021 ਵਿੱਚ ਇਸ ਮਾਮਲੇ ਸਬੰਧੀ ਫਤਹਿਗੜ੍ਹ ਸਾਹਿਬ ਦੀ ਸੈਸ਼ਨ ਅਦਾਲਤ ਵਿੱਚ ਇੱਕ ਰੀਵੀਜ਼ਨ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਵਿੱਚ ਅਦਾਲਤ ਕੋਲ ਮਾਮਲੇ ਦੀ ਕਾਰਵਾਈ &rsquoਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਰੀਵੀਜ਼ਨ ਪਟੀਸ਼ਨ &rsquoਤੇ ਸੁਣਵਾਈ ਕਰਦਿਆਂ ਸੈਸ਼ਨ ਅਦਾਲਤ ਫਤਹਿਗੜ੍ਹ ਸਾਹਿਬ ਨੇ ਅਹਿਮ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਆਦੇਸ਼ ਦਿੱਤਾ ਹੈ ਕਿ ਹੇਠਲੀ ਅਦਾਲਤ ਵਿੱਚ ਚੱਲ ਰਹੇ ਮਾਮਲੇ ਵਿੱਚ ਸੰਬੰਧਤ ਧਿਰ ਨੂੰ ਸੰਮਨ ਜਾਰੀ ਕੀਤੇ ਜਾਣ ਅਤੇ ਸੁਣਵਾਈ ਨੂੰ ਅੱਗੇ ਵਧਾਇਆ ਜਾਵੇ।