ਯੂਰਪ ਅਤੇ ਉੱਤਰੀ ਅਮਰੀਕਾ ਲਈ ਚਲਾਏਗੀ 36 ਵਾਧੂ ਉਡਾਣਾਂ

ਏਅਰ ਇੰਡੀਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ 19 ਮਾਰਚ ਤੋਂ 28 ਮਾਰਚ ਦਰਮਿਆਨ ਉੱਤਰੀ ਅਮਰੀਕਾ ਅਤੇ ਯੂਰਪ ਦੇ ਪੰਜ ਮੁੱਖ ਰੂਟਾਂ 'ਤੇ 36 ਵਾਧੂ ਉਡਾਣਾਂ ਚਲਾਏਗੀ। ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਚੱਲ ਰਹੇ ਤਣਾਅ ਅਤੇ ਸੰਘਰਸ਼ ਕਾਰਨ ਅੰਤਰਰਾਸ਼ਟਰੀ ਯਾਤਰਾ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਉਡਾਣਾਂ ਨਾਲ ਕੁੱਲ 10,012 ਸੀਟਾਂ ਦਾ ਵਾਧਾ ਹੋਵੇਗਾ, ਜਿਸ ਨਾਲ ਸੀਮਤ ਯਾਤਰਾ ਵਿਕਲਪਾਂ ਦੇ ਦੌਰ ਵਿੱਚ ਮੁਸਾਫਰਾਂ ਨੂੰ ਰਾਹਤ ਮਿਲੇਗੀ।

ਏਅਰ ਇੰਡੀਆ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਵਾਧੂ ਸੇਵਾਵਾਂ ਦਿੱਲੀ-ਲੰਡਨ (ਹੀਥਰੋ), ਮੁੰਬਈ-ਲੰਡਨ (ਹੀਥਰੋ), ਦਿੱਲੀ-ਫਰੈਂਕਫਰਟ, ਦਿੱਲੀ-ਜ਼ਿਊਰਿਖ ਅਤੇ ਦਿੱਲੀ-ਟੋਰਾਂਟੋ ਦੇ ਰੂਟਾਂ 'ਤੇ ਉਪਲਬਧ ਹੋਣਗੀਆਂ। ਇਸ ਤੋਂ ਪਹਿਲਾਂ ਵੀ ਏਅਰ ਇੰਡੀਆ ਨੇ 10 ਤੋਂ 18 ਮਾਰਚ ਦਰਮਿਆਨ ਨੌਂ ਰੂਟਾਂ 'ਤੇ 78 ਵਾਧੂ ਉਡਾਣਾਂ ਚਲਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ, ਏਅਰ ਇੰਡੀਆ ਐਕਸਪ੍ਰੈਸ ਨੇ ਪੱਛਮੀ ਏਸ਼ੀਆ ਖੇਤਰ ਲਈ 48 ਹੋਰ ਉਡਾਣਾਂ ਦਾ ਸੰਚਾਲਨ ਵੀ ਜਾਰੀ ਰੱਖਿਆ ਹੈ।