ਹਿਮਾਚਲ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਜੀਨਜ਼ ਤੇ ਟੀ-ਸ਼ਰਟ ਨਾ ਪਹਿਨਣ ਦਾ ਹੁਕਮ ਕੀਤਾ ਜਾਰੀ

ਸਿ਼ਮਲਾ: ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਡਰੈੱਸ ਕੋਡ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਸੰਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪਰਸੋਨਲ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ''ਚ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਦਫ਼ਤਰ ''ਚ ਸਾਫ਼-ਸੁਥਰਾ, ਸਲੀਕੇਦਾਰ ਅਤੇ ਰਸਮੀ ਪਹਿਰਾਵਾ ਪਹਿਨਣਾ ਚਾਹੀਦਾ ਹੈ।
ਪੁਰਸ਼ ਕਰਮਚਾਰੀਆਂ ਨੂੰ ਕਮੀਜ਼ਾਂ ਅਤੇ ਪੈਂਟਾਂ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ, ਅਤੇ ਮਹਿਲਾ ਕਰਮਚਾਰੀਆਂ ਨੂੰ ਸਾੜੀਆਂ, ਸੂਟ ਜਾਂ ਹੋਰ ਰਸਮੀ ਪਹਿਰਾਵਾ ਪਹਿਨਣ ਦੀ ਸਲਾਹ ਦਿੱਤੀ ਹੈ। ਜੀਨਜ਼ ਅਤੇ ਟੀ-ਸ਼ਰਟਾਂ ਵਰਗੇ ਗੈਰ-ਰਸਮੀ ਪਹਿਰਾਵੇ ਤੋਂ ਬਚਣ ਦੀ ਸਲਾਹ ਦਿੱਤੀ ਹੈ। 3 ਅਗਸਤ, 2017 ਨੂੰ ਜਾਰੀ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ਸਰਕਾਰੀ ਆਦੇਸ਼ &lsquoਚ ਕਿਹਾ ਗਿਆ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਹਮੇਸ਼ਾ ਰਸਮੀ, ਸਾਫ਼-ਸੁਥਰਾ ਅਤੇ ਸਾਦੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਅਦਾਲਤ &lsquoਚ ਪੇਸ਼ ਹੋਣ ਜਾਂ ਦਫ਼ਤਰ ਜਾਣ ਵੇਲੇ ਆਮ ਜਾਂ ਪਾਰਟੀ ਪਹਿਰਾਵੇ ਤੋਂ ਸਖ਼ਤੀ ਨਾਲ ਪਰਹੇਜ਼ ਕਰਨਾ ਚਾਹੀਦਾ ਹੈ। ਆਦੇਸ਼ &lsquoਚ ਕਿਹਾ ਗਿਆ ਹੈ ਕਿ ਸਰਕਾਰੀ ਕਰਮਚਾਰੀ ਦਾ ਪਹਿਰਾਵਾ ਉਨ੍ਹਾਂ ਦੇ ਪੇਸ਼ੇਵਰ ਆਚਰਣ ਅਤੇ ਕੰਮ ਵਾਲੀ ਥਾਂ ਦੀ ਸ਼ਾਨ ਨੂੰ ਦਰਸਾਉਂਦਾ ਹੈ।
ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ''ਤੇ ਅਨੁਸ਼ਾਸਨ ਬਣਾਈ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਆਦੇਸ਼ &lsquoਚ ਕਿਹਾ ਗਿਆ ਹੈ ਕਿ ਕੋਈ ਵੀ ਕਰਮਚਾਰੀ ਨਿੱਜੀ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਸਰਕਾਰੀ ਨੀਤੀਆਂ, ਫੈਸਲਿਆਂ, ਜਾਂ ਰਾਜਨੀਤਿਕ/ਧਾਰਮਿਕ ਮੁੱਦਿਆਂ &lsquoਤੇ ਟਿੱਪਣੀ ਨਹੀਂ ਕਰੇਗਾ। ਇਸ ਤੋਂ ਇਲਾਵਾ, ਬਿਨਾਂ ਇਜਾਜ਼ਤ ਦੇ ਕਿਸੇ ਵੀ ਅਧਿਕਾਰਤ ਜਾਣਕਾਰੀ ਦਾ ਜਨਤਕ ਖੁਲਾਸਾ ਕਰਨ ਦੀ ਮਨਾਹੀ ਹੈ।
ਪਰਸੋਨਲ ਵਿਭਾਗ ਦੇ ਨਿਰਦੇਸ਼ਾਂ &lsquoਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਬਿਨਾਂ ਇਜਾਜ਼ਤ ਦੇ ਕੋਈ ਵੀ ਅਧਿਕਾਰਤ ਦਸਤਾਵੇਜ਼ ਜਾਂ ਜਾਣਕਾਰੀ ਜਨਤਕ ਨਹੀਂ ਕਰੇਗਾ। ਜੇਕਰ ਕੋਈ ਕਰਮਚਾਰੀ ਕਿਸੇ ਵੀ ਜਨਤਕ ਪਲੇਟਫਾਰਮ ਜਾਂ ਮੀਡੀਆ &lsquoਚ ਆਪਣੀ ਰਾਏ ਪ੍ਰਗਟ ਕਰਦਾ ਹੈ, ਤਾਂ ਉਸਨੂੰ ਸਪੱਸ਼ਟ ਕਰਨਾ ਪਵੇਗਾ ਕਿ ਇਹ ਉਸਦੇ ਨਿੱਜੀ ਵਿਚਾਰ ਹਨ, ਸਰਕਾਰ ਦੇ ਨਹੀਂ।