ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਨਵਜੰਮਿਆ ਬੱਚਾ ਅਗਵਾ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਪ੍ਰਸਿੱਧ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬੇਬੇ ਨਾਨਕੀ ਵਾਰਡ ਵਿੱਚੋਂ ਤਿੰਨ ਦਿਨਾਂ ਦਾ ਨਵਜੰਮਿਆ ਬੱਚਾ ਅਗਵਾ ਹੋ ਗਿਆ। ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਵਿੱਚ ਹੜਕੰਪ ਮਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚਾ ਬੇਬੇ ਨਾਨਕੀ ਵਾਰਡ ਵਿੱਚ ਆਪਣੀ ਮਾਂ ਦੇ ਕੋਲ ਸੀ। ਇਸ ਦੌਰਾਨ ਇੱਕ ਅਣਪਛਾਤੀ ਮਹਿਲਾ, ਜੋ ਪਿਛਲੇ ਕੁਝ ਦਿਨਾਂ ਤੋਂ ਪਰਿਵਾਰ ਨਾਲ ਗੱਲਬਾਤ ਕਰ ਰਹੀ ਸੀ, ਬੱਚੇ ਨੂੰ ਲੈ ਕੇ ਫਰਾਰ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮਹਿਲਾ ਤਿੰਨ-ਚਾਰ ਦਿਨਾਂ ਤੋਂ ਹਸਪਤਾਲ ਵਿੱਚ ਆ ਕੇ ਉਨ੍ਹਾਂ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਅਤੇ ਪਰਿਵਾਰ ਨੂੰ ਲੱਗਿਆ ਕਿ ਉਹ ਕਿਸੇ ਜਾਣ-ਪਛਾਣ ਵਾਲੇ ਦੀ ਰਿਸ਼ਤੇਦਾਰ ਹੋਵੇਗੀ।
ਘਟਨਾ ਵਾਲੇ ਦਿਨ ਮਹਿਲਾ ਨੇ ਬੱਚੇ ਨੂੰ ਬਾਹਰ ਲੈ ਜਾਣ ਲਈ ਕਿਹਾ ਅਤੇ ਬੱਚਾ ਆਪਣੇ ਕੋਲ ਫੜ ਲਿਆ। ਕੁਝ ਸਮੇਂ ਬਾਅਦ ਜਦੋਂ ਪਰਿਵਾਰ ਬਾਹਰ ਆਇਆ ਤਾਂ ਮਹਿਲਾ ਬੱਚੇ ਸਮੇਤ ਗਾਇਬ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਤੁਰੰਤ ਮੌਕੇ &lsquoਤੇ ਪਹੁੰਚੀ ਅਤੇ ਹਸਪਤਾਲ ਦੇ ਸੀਸੀਟੀਵੀ ਕੈਮਰੇ ਖੰਗਾਲ ਕੇ ਮਹਿਲਾ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚਾ ਪਰਿਵਾਰ ਵੱਲੋਂ ਖੁਦ ਮਹਿਲਾ ਨੂੰ ਫੜਾਇਆ ਗਿਆ ਸੀ ਅਤੇ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਮਹਿਲਾ ਕੌਣ ਸੀ ਅਤੇ ਬੱਚੇ ਨੂੰ ਕਿੱਥੇ ਲੈ ਕੇ ਗਈ। ਇਸ ਮਾਮਲੇ ਵਿੱਚ ਹਸਪਤਾਲ ਦੀ ਸੁਰੱਖਿਆ ਪ੍ਰਣਾਲੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।