ਸੱਤਵਾਂ ਦਰਿਆ - ਭੇਸਧਾਰੀਆਂ ਦਾ....!

ਸੰਦੀਪ ਕੁਮਾਰ

ਪੰਜਾਬ, ਪੰਜ ਦਰਿਆਵਾਂ ਦੀ ਧਰਤੀ, ਜਿਸ ਦੀ ਮਿੱਟੀ ਵਿੱਚ ਸਦੀਆਂ ਤੋਂ ਬਹਾਦਰੀ, ਸਾਹਸ ਅਤੇ ਸੱਚਾਈ ਦੀਆਂ ਕਹਾਣੀਆਂ ਸਮਾਈਆਂ ਹੋਈਆਂ ਹਨ। ਇਹ ਉਹ ਧਰਤੀ ਹੈ ਜਿਸ ਨੇ ਮਾਂ ਦੀ ਇੱਜ਼ਤ ਲਈ ਸਿਰ ਕਟਾਉਣ ਵਾਲੇ, ਧਰਮ ਦੀ ਰਾਖੀ ਲਈ ਸਬਕ ਸਿਖਾਉਣ ਵਾਲੇ ਅਤੇ ਦੇਸ਼ ਦੀ ਹਿਫਾਜ਼ਤ ਲਈ ਛਾਤੀ ਤਾਣ ਕੇ ਖੜ੍ਹੇ ਹੋਣ ਵਾਲੇ ਸੂਰਮੇ ਪੈਦਾ ਕੀਤੇ। ਪਰ ਸਮਾਂ ਬਦਲਦਾ ਹੈ ਅਤੇ ਇਸ ਦੇ ਨਾਲ ਹੀ ਸਾਡੀ ਇਹ ਪਵਿੱਤਰ ਧਰਤੀ ਵੀ ਆਪਣੇ ਆਪ ਨੂੰ ਬਦਲਦੇ ਹੋਏ ਮਹਿਸੂਸ ਕਰ ਰਹੀ ਹੈ। ਜਿੱਥੇ ਇੱਕ ਸਮੇਂ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਦੇ ਪਾਣੀ ਪੰਜਾਬ ਦੀ ਰੂਹ ਨੂੰ ਸਿੰਜਦੇ ਸਨ, ਉੱਥੇ ਹੀ ਪਿਛਲੇ ਕੁਝ ਦਹਾਕਿਆਂ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਣ ਲੱਗ ਪਿਆ, ਜਿਸ ਨੇ ਸਾਡੀ ਜਵਾਨੀ ਦੀ ਜੜ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਅਤੇ ਹੁਣ, ਇਸ ਤੋਂ ਵੀ ਅੱਗੇ, ਇੱਕ ਸੱਤਵਾਂ ਦਰਿਆ ਉੱਭਰ ਆਇਆ ਹੈ-ਭੇਸਧਾਰੀਆਂ ਦਾ ਦਰਿਆ। ਇਹ ਵਿਸ਼ਾ ਕਿਸੇ ਨੂੰ ਠੇਸ ਪਹੁੰਚਾਉਣ ਲਈ ਨਹੀਂ, ਸਗੋਂ ਸਮਾਜ ਦੀ ਬਦਲਦੀ ਤਸਵੀਰ ਅਤੇ ਚਰਿੱਤਰਕ ਪਤਨ ਦੀ ਦਰਦਨਾਕ ਹਕੀਕਤ ਨੂੰ ਉਜਾਗਰ ਕਰਨ ਲਈ ਲਿਖਿਆ ਗਿਆ ਹੈ।

ਇੱਕ ਸਮਾਂ ਸੀ ਜਦੋਂ ਪੰਜਾਬ ਦਾ ਨੌਜਵਾਨ ਆਪਣੀ ਮਾਂ ਦੀ ਇੱਜਤ ਦੀ ਲਾਜ ਰੱਖਣ ਲਈ ਬਾਜ਼ਾਂ ਵਾਂਗ ਉੱਡਦਾ ਸੀ। ਉਸ ਦੇ ਅੰਦਰ ਇੱਕ ਅਜਿਹੀ ਤਾਕਤ ਸੀ, ਜੋ ਨਾ ਸਿਰਫ਼ ਆਪਣੇ ਘਰ-ਪਰਿਵਾਰ, ਸਗੋਂ ਪੂਰੇ ਦੇਸ਼ ਦੀ ਸੁਰੱਖਿਆ ਲਈ ਖੜ੍ਹੀ ਹੋ ਜਾਂਦੀ ਸੀ। ਪਰ ਅੱਜ ਦਾ ਨੌਜਵਾਨ ਇੱਕ ਅਜਿਹੀ ਦਿਸ਼ਾ ਵੱਲ ਲਿਜਾਇਆ ਜਾ ਰਿਹਾ ਹੈ, ਜਿੱਥੇ ਉਹ ਨਾ ਤਾਂ ਆਪਣੀ ਪੁਰਾਣੀ ਪਛਾਣ ਨੂੰ ਬਰਕਰਾਰ ਰੱਖ ਸਕਿਆ ਹੈ ਅਤੇ ਨਾ ਹੀ ਕੋਈ ਨਵੀਂ ਪਛਾਣ ਨੂੰ ਸਥਾਪਤ ਕਰ ਸਕਿਆ ਹੈ। ਸਮਾਜ ਵਿੱਚ ਅਜਿਹੀ ਨੌਜਵਾਨੀ ਵਧਦੀ ਜਾ ਰਹੀ ਹੈ, ਜੋ ਨਾ ਮੁੰਡਾ ਰਿਹਾ ਅਤੇ ਨਾ ਹੀ ਕੁੜੀ। ਸੋਸ਼ਲ ਮੀਡੀਆ ਦੇ ਦੌਰ ਵਿੱਚ ਇਹ ਨੌਜਵਾਨ ਆਪਣੇ ਆਪ ਨੂੰ ਮਿਡ-ਕਰੈਕਟਰ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ ਭਾਵ ਨਾ ਤਾਂ ਉਹ ਪੁਰਸ਼ੀ ਗੁਣਾਂ ਦੀ ਪਛਾਣ ਰੱਖਦੇ ਹਨ ਅਤੇ ਨਾ ਹੀ ਇਸਤਰੀ ਸੰਵੇਦਨਾਵਾਂ ਦੇ ਮਾਪਦੰਡਾਂ 'ਤੇ ਖਰੇ ਉਤਰਦੇ ਹਨ। ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਸੰਪੂਰਨ ਹੋਣ ਦੇ ਬਾਵਜੂਦ, ਉਹ ਆਪਣੇ ਆਪ ਨੂੰ ਕਿਸੇ ਹੋਰ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਸਮਾਜ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਜੇਕਰ ਕੋਈ ਵਿਅਕਤੀ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਜਨਮ ਤੋਂ ਹੀ ਦੂਜੇ ਲਿੰਗ ਦੇ ਲੱਛਣਾਂ ਨਾਲ ਪੈਦਾ ਹੁੰਦਾ ਹੈ, ਤਾਂ ਇਹ ਇੱਕ ਅਲੱਗ ਮਾਮਲਾ ਹੈ। ਅਜਿਹੇ ਲੋਕਾਂ ਦੀ ਜ਼ਿੰਦਗੀ ਹਰ ਪਲ ਇੱਕ ਸੰਘਰਸ਼ ਹੁੰਦੀ ਹੈ। ਉਨ੍ਹਾਂ ਦੀਆਂ ਮੁਸ਼ਕਿਲਾਂ, ਸਮਾਜਕ ਦਬਾਅ ਅਤੇ ਅੰਦਰੂਨੀ ਤਣਾਅ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਨੂੰ ਇੱਜ਼ਤ ਅਤੇ ਹਮਦਰਦੀ ਦੀ ਨਜ਼ਰ ਨਾਲ ਦੇਖਣਾ ਸਾਡਾ ਫ਼ਰਜ਼ ਹੈ। ਪਰ ਜੋ ਲੋਕ ਸਰੀਰਕ ਤੌਰ 'ਤੇ ਬਿਲਕੁਲ ਠੀਕ ਹਨ ਅਤੇ ਸਿਰਫ਼ ਪੈਸੇ, ਮਸ਼ਹੂਰੀ ਜਾਂ ਸੋਸ਼ਲ ਮੀਡੀਆ ਤੇ ਧਿਆਨ ਖਿੱਚਣ ਦੇ ਲਾਲਚ ਵਿੱਚ ਆਪਣੇ ਆਪ ਨੂੰ ਮਿਡ-ਕਰੈਕਟਰ ਦੇ ਰੂਪ ਵਿੱਚ ਪੇਸ਼ ਕਰਦੇ ਹਨ, ਉਹ ਇੱਕ ਅਜਿਹੀ ਖੇਡ ਖੇਡ ਰਹੇ ਹਨ, ਜੋ ਸਮਾਜ ਦੀਆਂ ਨੀਹਾਂ ਨੂੰ ਹਿਲਾ ਰਹੀ ਹੈ। ਇਸ ਸਾਰੇ ਮਾਮਲੇ ਦੀ ਜੜ੍ਹ ਪੈਸੇ ਅਤੇ ਪ੍ਰਸਿੱਧੀ ਦੀ ਭੁੱਖ ਹੈ। ਸੋਸ਼ਲ ਮੀਡੀਆ ਨੇ ਇੱਕ ਅਜਿਹਾ ਪਲੇਟਫਾਰਮ ਮੁਹੱਈਆ ਕਰਵਾ ਦਿੱਤਾ ਹੈ, ਜਿੱਥੇ ਇਨਸਾਨ ਆਪਣੇ ਅਸਲੀ ਰੂਪ ਨੂੰ ਤਿਆਗ ਕੇ ਇੱਕ ਨਕਲੀ ਸ਼ਖਸੀਅਤ ਬਣਾ ਸਕਦਾ ਹੈ। ਅੱਜ ਦੇ ਦੌਰ ਵਿੱਚ ਕੁੜੀਆਂ ਮੁੰਡਿਆਂ ਵਾਲੀ ਜ਼ਿੰਦਗੀ ਜੀ ਰਹੀਆਂ ਹਨ ਅਤੇ ਮੁੰਡੇ ਕੁੜੀਆਂ ਵਾਲੀ। ਉਨ੍ਹਾਂ ਦੀਆਂ ਰੀਲਾਂ, ਉਨ੍ਹਾਂ ਦੇ ਭੇਸ, ਉਨ੍ਹਾਂ ਦੀਆਂ ਗੱਲਾਂ, ਸਭ ਕੁਝ ਚਰਿੱਤਰ ਦੀਆਂ ਸੀਮਾਵਾਂ ਤੋਂ ਪਰੇ ਜਾ ਚੁੱਕਾ ਹੈ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਅਜਿਹੇ ਚਰਿੱਤਰ ਦੇ ਲੋਕ ਸਿਰਫ ਫੇਮ,ਪੈਸੇ ਦੀ ਲਾਲਸਾ ਅਤੇ ਆਪਣੇ ਆਪਣੇ ਨੂੰ ਸਮਾਜ ਤੋਂ ਅਲੱਗ ਦਿਖਾਉਣ ਦੇ ਇਸ ਟਰੈਂਡ ਦੇ ਪਿੱਛੇ ਭੱਜ ਰਹੇ ਹਨ। ਅਜਿਹੇ ਚਰਿੱਤਰ ਦੇ ਮਾਲਕ ਲੋਕਾਂ ਨੂੰ ਇਸ ਗੱਲ ਦਾ ਵੀ ਕੋਈ ਅਸਰ ਨਹੀਂ ਹੁੰਦਾ ਕਿ ਸਮਾਜ ਵਿੱਚ ਇਹਨਾਂ ਦੇ ਇਸ ਵਰਤਾਰੇ ਕਰਕੇ ਲੋਕ ਇਹਨਾਂ ਨੂੰ ਟੈਂਪੂ, ਸਟੂਲਾ, ਮਿੱਠਾ ਅਤੇ ਕਈ ਹੋਰ ਅਜਿਹੀ ਭੱਦੀ ਸ਼ਬਦਾਬਲੀ ਵਾਲੇ ਨਾਵਾਂ ਦੀ ਵਰਤੋਂ ਕਰਦੇ ਹੋਏ ਤੰਜ ਕੱਸਦੇ ਹਨ।

ਇਹ ਟਰੈਂਡ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਨੌਜਵਾਨ ਆਪਣੀ ਅਸਲੀ ਪਛਾਣ ਨੂੰ ਭੁੱਲਦੇ ਜਾ ਰਹੇ ਹਨ। ਉਹ ਭੇਸਧਾਰੀ ਸੰਸਕ੍ਰਿਤੀ ਲਾਲਸਾ ਦੇ ਜਾਲ ਵਿੱਚ ਫਸ ਰਹੇ ਹਨ, ਜਿੱਥੇ ਉਨ੍ਹਾਂ ਦਾ ਇੱਕੋ-ਇੱਕ ਟੀਚਾ ਲਾਈਕਸ ਅਤੇ ਫਾਲੋਅਰਜ਼ ਬਣ ਗਿਆ ਹੈ। ਜਿਹੜੇ ਨੌਜਵਾਨ ਆਉਣ ਵਾਲੀ ਪੀੜ੍ਹੀ ਲਈ ਮਿਸਾਲ ਬਣਨੇ ਸਨ, ਉਹ ਅੱਜ ਆਪਣੇ ਆਪ ਵਿੱਚ ਇੱਕ ਤਮਾਸ਼ਾ ਬਣ ਗਏ ਹਨ। ਉਹ ਸੋਚਦੇ ਹਨ ਕਿ ਉਹ ਟ੍ਰੈਂਡਿੰਗ ਵਿੱਚ ਹਨ, ਪਰ ਅਸਲ ਵਿੱਚ ਉਨ੍ਹਾਂ ਦੀ ਚਰਿੱਤਰਕ ਮੌਤ ਹੋ ਚੁੱਕੀ ਹੈ। ਸਮਾਜ ਵਿੱਚ ਜਦੋਂ ਅਜਿਹੇ ਲੋਕਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਜਾਂਦਾ ਹੈ, ਤਾਂ ਸਵਾਲ ਉੱਠਦਾ ਹੈ, ਕਿਸ ਅਧਾਰ ਤੇ? ਕੀ ਆਪਣੇ ਚਰਿੱਤਰ ਨਾਲ ਸਮਝੌਤਾ ਕਰਨਾ ਅਤੇ ਆਤਮਾ ਨੂੰ ਮਾਰ ਕੇ ਲਾਈਕਸ ਇਕੱਠੇ ਕਰਨਾ ਹੁਣ ਸਮਾਜ ਵਿੱਚ ਇੱਜ਼ਤ ਦਾ ਮਾਪਦੰਡ ਬਣ ਗਿਆ ਹੈ? ਜੇਕਰ ਅਜਿਹਾ ਹੀ ਚੱਲਦਾ ਰਿਹਾ, ਤਾਂ ਅਸੀਂ ਆਪਣੀ ਅਗਲੀ ਪੀੜ੍ਹੀ ਲਈ ਕਿਹੋ ਜਿਹੀ ਮਿਸਾਲ ਛੱਡਾਂਗੇ? ਇਸ ਦੇ ਨਾਲ ਹੀ ਇੱਕ ਹੋਰ ਖ਼ਤਰਨਾਕ ਰੁਝਾਨ ਵੀ ਸਾਹਮਣੇ ਰਿਹਾ ਹੈ। ਮੁੰਡੇ ਆਪਸ ਵਿੱਚ ਰਿਸ਼ਤੇ ਬਣਾ ਰਹੇ ਹਨ ਅਤੇ ਕੁੜੀਆਂ, ਕੁੜੀਆਂ ਨਾਲ ਵਿਆਹ ਦੀ ਗੱਲ ਕਰ ਰਹੀਆਂ ਹਨ। ਇਹ ਸਿਰਫ਼ ਨੈਤਿਕ ਮੁੱਲਾਂ ਦੀ ਉਲੰਘਣਾ ਹੀ ਨਹੀਂ, ਸਗੋਂ ਸਮਾਜਕ ਸੰਸਕਾਰਾਂ ਦੀ ਤੌਹੀਨ ਵੀ ਹੈ। ਇਹ ਪ੍ਰਵਿਰਤੀ ਸਾਡੀ ਸਭਿਆਚਾਰਕ ਜੜ੍ਹਾਂ ਨੂੰ ਕਮਜ਼ੋਰ ਕਰ ਰਹੀ ਹੈ। ਜੇਕਰ ਅਸੀਂ ਅੱਜ ਚੁੱਪ ਰਹੇ, ਤਾਂ ਕੱਲ੍ਹ ਨੂੰ ਇਹੀ ਲੋਕ ਸਮਾਜ ਨੂੰ ਰਾਹ ਦਿਖਾਉਣ ਵਾਲੇ ਬਣ ਜਾਣਗੇ। ਫਿਰ ਅਸੀਂ ਆਪਣੇ ਬੱਚਿਆਂ ਨੂੰ ਸੱਚ ਅਤੇ ਝੂਠ ਦੀ ਪਛਾਣ ਕਿਵੇਂ ਸਿਖਾਵਾਂਗੇ? ਅਜਿਹੇ ਸਮੇਂ ਵਿੱਚ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ।

ਇਹ ਸੱਤਵਾਂ ਦਰਿਆ- ਭੇਸਧਾਰੀਆਂ ਦਾ ਦਰਿਆ, ਨਸ਼ਿਆਂ ਦੇ ਦਰਿਆ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਨਸ਼ੇ ਸਰੀਰ ਨੂੰ ਖੋਖਲਾ ਕਰਦੇ ਹਨ, ਪਰ ਇਹ ਭੇਸਧਾਰੀ ਸੰਸਕ੍ਰਿਤੀ, ਮਨ, ਚਰਿੱਤਰ ਅਤੇ ਆਤਮਾ ਨੂੰ ਤਬਾਹ ਕਰ ਰਹੀ ਹੈ। ਜੋ ਲੋਕ ਸੋਸ਼ਲ ਮੀਡੀਆ 'ਤੇ ਆਪਣੇ ਆਪ ਨੂੰ ਦਇਆ ਦੇ ਪਾਤਰ ਬਣਾ ਕੇ ਮਸ਼ਹੂਰੀ ਹਾਸਲ ਕਰਦੇ ਹਨ, ਉਹ ਉਨ੍ਹਾਂ ਸੱਚੇ ਲੋਕਾਂ ਦੀ ਬੇਇੱਜ਼ਤੀ ਕਰ ਰਹੇ ਹਨ, ਜੋ ਪ੍ਰਕਿਰਤੀ ਦੇ ਭਾਣੇ ਅਨੁਸਾਰ ਅਜਿਹੇ ਰੂਪ ਵਿੱਚ ਜਨਮ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਇੱਜ਼ਤ ਨਾਲ ਜੀਉਂਦੇ ਹਨ। ਇਹ ਉਨ੍ਹਾਂ ਲਈ ਇੱਕ ਤੰਜ ਬਣ ਜਾਂਦਾ ਹੈ, ਜਿਨ੍ਹਾਂ ਨੇ ਸਮਾਜਕ ਤਾਣੇ-ਬਾਣੇ ਵਿੱਚ ਰਹਿੰਦਿਆਂ ਆਪਣੀ ਲੜਾਈ ਲੜੀ। ਸਾਡੀ ਸਭਿਆਚਾਰਕ ਵਿਰਾਸਤ, ਸਾਡੀ ਮਾਂ-ਬੋਲੀ, ਸਾਡੇ ਧਰਮ ਅਤੇ ਸੱਭਿਆਚਾਰ, ਸਭ ਕੁਝ ਇਸ ਨਕਲੀ ਦਿੱਖ ਅਤੇ ਚਰਿੱਤਰਕ ਘਾਟ ਦੇ ਹੇਠਾਂ ਦੱਬਦਾ ਜਾ ਰਿਹਾ ਹੈ। ਪੰਜਾਬ, ਜੋ ਸਦਾ ਹੀ ਧਰਮ, ਬਹਾਦਰੀ ਅਤੇ ਸੱਚਾਈ ਦੀ ਪਛਾਣ ਰਿਹਾ, ਅੱਜ ਇਸ ਸੱਤਵੇਂ ਦਰਿਆ ਦੇ ਵਹਾਅ ਕਾਰਨ ਆਪਣੀ ਪਛਾਣ ਗੁਆਉਂਦਾ ਨਜ਼ਰ ਰਿਹਾ ਹੈ। ਇਸ ਦਾ ਅਸਰ ਸਿਰਫ਼ ਅੱਜ ਦੀ ਪੀੜ੍ਹੀ ਤੇ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਤੇ ਵੀ ਪਵੇਗਾ। ਜੇਕਰ ਅਸੀਂ ਹੁਣ ਨਾ ਜਾਗੇ, ਤਾਂ ਕੱਲ੍ਹ ਨੂੰ ਸਾਡੇ ਬੱਚੇ ਇਹਨਾਂ ਭੇਸਧਾਰੀਆਂ ਦੇ ਨਕਲੀ ਸੰਸਾਰ ਨੂੰ ਹੀ ਸੱਚ ਮੰਨ ਲੈਣਗੇ।

ਇਸ ਸਮੱਸਿਆ ਦਾ ਹੱਲ ਸਿਰਫ਼ ਸਰਕਾਰ ਜਾਂ ਕਾਨੂੰਨ ਦੇ ਹੱਥ ਵਿੱਚ ਨਹੀਂ ਹੈ। ਸਮਾਜ ਦੇ ਹਰ ਹਿੱਸੇ ਭਾਵ ਸਿੱਖਿਆ ਵਿਭਾਗ, ਧਾਰਮਿਕ ਸੰਸਥਾਵਾਂ, ਪਰਿਵਾਰ ਅਤੇ ਮੀਡੀਆ ਨੂੰ ਮਿਲ ਕੇ ਇਸ ਪ੍ਰਵਿਰਤੀ ਨੂੰ ਰੋਕਣ ਲਈ ਕਦਮ ਚੁੱਕਣੇ ਪੈਣਗੇ। ਸਿੱਖਿਆ ਰਾਹੀਂ ਨੌਜਵਾਨਾਂ ਨੂੰ ਆਪਣੀ ਅਸਲੀ ਪਛਾਣ ਦੀ ਕੀਮਤ ਸਮਝਾਉਣ ਦੀ ਲੋੜ ਹੈ। ਧਾਰਮਿਕ ਸਥਾਨਾਂ ਤੇ ਚਰਿੱਤਰ ਅਤੇ ਨੈਤਿਕਤਾ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਪਰਿਵਾਰਾਂ ਨੂੰ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨੀ ਪਵੇਗੀ, ਤਾਂ ਜੋ ਉਹ ਸੋਸ਼ਲ ਮੀਡੀਆ ਦੇ ਇਸ ਭੰਵਰ ਵਿੱਚ ਨਾ ਫਸਣ ਅਤੇ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਮਹਿਮਾਨ ਬਣਾਉਣ ਦੀ ਬਜਾਏ ਸਮਾਜ ਦੇ ਅਸਲੀ ਨਾਇਕਾਂ ਨੂੰ ਅੱਗੇ ਲਿਆਵੇ।

ਸਮਾਪਤੀ ਵਜੋਂ ਇਹੀ ਕਹਿਣਾ ਚਾਹਾਂਗਾ ਕਿ ਮਸ਼ਹੂਰੀ ਦੇ ਨਸ਼ੇ ਅਤੇ ਪੈਸੇ ਦੀ ਲਾਲਸਾ ਵਿੱਚ ਅਸੀਂ ਆਪਣਾ ਚਰਿੱਤਰ ਗੁਆ ਬੈਠੇ, ਤਾਂ ਸਾਡੇ ਕੋਲ ਬਚੀ-ਖੁਚੀ ਇੱਜ਼ਤ ਵੀ ਨਹੀਂ ਰਹੇਗੀ। ਇਹ ਭੇਸਧਾਰੀਆਂ ਦਾ ਦਰਿਆ ਅਜੇ ਵੀ ਰੁਕ ਸਕਦਾ ਹੈ, ਬਸ਼ਰਤੇ ਅਸੀਂ ਹੌਂਸਲਾ, ਸੱਚ ਦੀ ਪਛਾਣ ਅਤੇ ਸਮਝਦਾਰੀ ਨਾਲ ਕੰਮ ਲਈਏ। ਪੰਜਾਬ ਦੀ ਆਪਣੀ ਪੁਰਾਣੀ ਸ਼ਾਨ ਵਾਪਸ ਲਿਆਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ, ਨਹੀਂ ਤਾਂ ਇਹ ਸੱਤਵਾਂ ਦਰਿਆ ਸਾਡੀ ਸਭਿਆਚਾਰਕ ਵਿਰਾਸਤ ਨੂੰ ਬਹਾ ਕੇ ਲੈ ਜਾਵੇਗਾ।

ਸੰਦੀਪ ਕੁਮਾਰ