ਭਰਿਆ ਮੇਲਾ ਛੱਡਣਾ ਚੰਗਾ ਕਿਉਂ ਹੁੰਦਾ ਐ?

ਭਰੇ ਭਕੁੰਨੇ ਪ੍ਰਵਾਰ ਵਿੱਚੋਂ ਕਿਸੇ ਸਿਆਣੇ ਦੇ ਅਕਾਲ ਚਲਾਣਾ ਕਰ ਜਾਣ &lsquoਤੇ ਘਰ ਦੇ ਜੀਆਂ ਨੂੰ ਆਂਢ ਗੁਆਂਢ ਵਾਲ਼ੇ ਧਰਵਾਸ ਦਿੰਦਿਆਂ ਅਕਸਰ ਕਹਿੰਦੇ ਨੇ-&lsquoਕੋਈ ਨਾ ਭਾਈ,ਭਰਿਆ ਮੇਲਾ ਛੱਡ ਕੇ ਗਿਆ ਐ!&rsquo ਇੱਕ ਵਾਰ ਇਸ ਮੁਹਾਵਰੇ ਦਾ ਅਮਲੀ ਰੂਪ ਦੇਖਣ ਬਾਅਦ ਹੀ ਮੈਨੂੰ ਅਨੁਭਵ ਹੋਇਆ ਕਿ ਵਾਕਿਆ ਹੀ ਭਰਿਆ ਮੇਲਾ ਛੱਡਣਾ ਕਿੰਨਾਂ ਬਿਹਤਰ ਹੁੰਦਾ ਹੈ|
ਹੋਇਆ ਇੰਜ ਕਿ ਬਾਦਲ ਦਲ ਨਾਲ ਸਮਝੌਤੇ ਤੋਂ ਬਾਅਦ ਟੌਹੜਾ ਸਾਹਬ ਨੇ ਸ਼੍ਰੋਮਣੀ ਕਮੇਟੀ ਦਾ ਮੁੜ ਪ੍ਰਧਾਨ ਬਣਨ &lsquoਤੇ ਮੈਨੂੰ ਸ੍ਰੀ ਅਨੰਦ ਪੁਰ ਸਾਹਬ ਦੇ ਗੁਰਦੁਆਰਿਆਂ ਦੀ ਜਾਇਦਾਦ-ਸਬ ਕਮੇਟੀ ਦਾ ਵੀ ਮੈਂਬਰ ਨਿਯਤ ਕਰ ਦਿੱਤਾ| 
ਹੋਲਾ ਮਹੱਲਾ ਤਾਂ ਵੈਸੇ ਆਪਾਂ ਪਹਿਲਾਂ ਵੀ ਲਗਭਗ ਬਿਨਾਂ ਨਾਗਾ ਹੀ ਦੇਖਦੇ ਰਹੇ ਹਾਂ ਪਰ ਇਕ ਸਾਲ ਸਬ-ਕਮੇਟੀ ਦਾ ਮੈਂਬਰ ਹੋਣ ਸਦਕਾ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਹਿਤ ਮੈਂ ਪੰਜ ਛੇ ਦਿਨ ਸ੍ਰੀ ਅਨੰਦ ਪੁਰ ਸਾਹਬ ਜੋੜ-ਮੇਲੇ ਵਿਚ ਘੁੰਮਦਾ ਫਿਰਦਾ ਰਿਹਾ| ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਦਾ ਖੁਦ ਅੰਗ ਬਣਕੇ ਪੰਥਕ ਜਾਹੋ ਜਲਾਲ ਦਾ ਖੂਬ ਅਨੰਦ ਮਾਣਦਾ ਰਿਹਾ!
ਦੂਸਰੇ ਚਾਰ-ਪੰਜ ਸਾਥੀ ਮੈਂਬਰ ਸਾਹਿਬਾਨ ਮਹੱਲੇ ਵਾਲੇ ਦਿਨ ਹੀ ਘਰੋ ਘਰੀਂ ਵਾਪਸ ਮੁੜ ਗਏ| ਮੈਨੇਜ਼ਰ ਨੇ ਮੈਨੂੰ ਜੋਰ ਪਾ ਕੇ ਕਿਹਾ ਕਿ ਮੈਂਬਰ ਸਾਹਬ ਮਿਹਰਬਾਨੀ ਕਰਕੇ ਤੁਸੀਂ ਜਰੂਰ ਰੁਕ ਜਾਉ ਕਿਉਂ ਕਿ ਗੋਲ੍ਹਕਾਂ ਦੀ ਗਿਣਤੀ ਤੋਂ ਇਲਾਵਾ ਹੋਰ ਕਈ ਦਫਤਰੀ ਕਾਗਜ਼-ਪੱਤਰਾਂ &rsquoਤੇ ਮੈਂਬਰ ਦੀ ਹਾਜ਼ਰੀ/ ਸਾਈਨ ਜਰੂਰੀ ਹੁੰਦੇ ਹਨ|
ਲਉ ਜੀ ਹੋਲੇ ਦੀ ਆਖਰੀ ਸ਼ਾਨ ਮਹੱਲੇ ਤੋਂ ਦੂਜੇ ਜਾਂ ਤੀਜੇ ਦਿਨ ਸ਼ਾਮ ਨੂੰ ਵਾਪਸੀ ਮੌਕੇ ਜਦ ਮੈਂ ਤਖਤ ਸਾਹਿਬ &rsquoਤੇ ਮੱਥਾ ਟੇਕਣ ਗਿਆ ਤਾਂ ਜੋੜ-ਮੇਲੇ ਦੌਰਾਨ ਸੰਗਤਾਂ ਦੇ ਹੜ੍ਹ ਦੀ ਥਾਂਹ ਉੱਥੇ ਇੱਕਾ-ਦੁੱਕਾ ਮਾਈ ਭਾਈ ਫਿਰਦੇ ਦੇਖ ਕੇ ਮੈਂ ਭੁਚੱਕਾ ਜਿਹਾ ਹੀ ਰਹਿ ਗਿਆ! ਫਿਰ ਜਦ ਤਖਤ ਸਾਹਿਬ ਵਾਲ਼ੀ ਘਾਟੀ ਉੱਤਰ ਕੇ ਬੱਸ ਅੱਡੇ ਵੱਲ੍ਹ ਨੂੰ ਤੁਰਿਆ ਉੱਥੇ ਨੀਲੀਆਂ ਪੀਲ਼ੀਆਂ ਦਸਤਾਰਾਂ ਦੁਮਾਲਿਆਂ ਅਤੇ ਰੰਗ ਬਰੰਗੀਆਂ ਚੁੰਨੀਆਂ ਪਹਿਨੀਂ ਠਾਠਾਂ ਮਾਰਦੀ ਸੰਗਤ ਨਦਾਰਦ! ਸੁੰਨੀਆਂ ਸੜ੍ਹਕਾਂ ਅਤੇ ਚਾਟ-ਭੱਲੇ ਤੇ ਗੋਲ਼ ਗੱਪਿਆਂ ਵਾਲ਼ਿਆਂ ਵਲੋਂ ਸੁੱਟੀਆਂ ਲਿੱਬੜੀਆਂ-ਤਿਬੜੀਆਂ ਅਖਬਾਰਾਂ ਨੂੰ ਸੁੰਘਦੇ-ਚੱਟਦੇ ਫਿਰਦੇ ਕੁੱਤੇ ਦੇਖ ਕੇ ਮੈਂ ਬੇਚੈਨ ਹੀ ਹੋ ਗਿਆ!
ਮਨ-ਚਿੱਤ ਨੂੰ ਖਾਲਸਈ ਹੁਲਾਸ ਨਾਲ ਭਰਨ ਵਾਲ਼ੀਆਂ ਸੰਗਤਾਂ ਦਾ ਸਮੁੰਦਰ ਅੱਜ ਕਿੱਧਰ ਵਗ ਗਿਆ? ਸ੍ਰੀ ਕੇਸ ਗੜ੍ਹ ਸਾਹਿਬ ਦੇ ਚੌਗਿਰਦੇ ਵਿਚ ਗੂੰਜਦੀਆਂ ਢੱਡ-ਸਾਰੰਗੀਆਂ ਅਤੇ ਕੰਨੀਂ ਪੈਂਦੀਆਂ ਜੋਸ਼ੀਲੀਆਂ ਵਾਰਾਂ ਦਾ ਵਿਸਮਾਦੀ ਗਾਇਨ ਸਭ ਅਲੋਪ ! ਗਰਮਾਂ ਗਰਮ ਪਕੌੜੇ, ਦੇਸੀ ਘਿਉ ਦੀਆਂ ਜਲੇਬਾਂ ਅਤੇ ਕੜ੍ਹੀ-ਚੌਲ਼ ਛਕੋ ਜੀ ਦੇ ਸੱਦੇ ਵੀ ਖਾਮੋਸ਼ ਹੋ ਚੁੱਕੇ ਸਨ|
ਸਰੋਵਰ ਦੇ ਮੋਹਰਲੇ ਗਰਾਊਂਡ ਵਿਚ ਲਿਬੜੇ ਤਿਬੜੇ ਪਾਟੇ ਲਿਫਾਫੇ ਅਤੇ ਰੱਦੀ ਕਾਗਜ਼,ਚੱਲ ਰਹੀ ਉਦਾਸ ਹਵਾ ਕਾਰਨ ਉੜਦੇ ਹੋਏ ਦੇਖ ਕੇ ਮੈਂ ਹੋਰ ਉਦਾਸ ਹੋ ਗਿਆ|
ਮੇਲੇ ਦੌਰਾਨ ਪੰਜ ਛੇ ਦਿਨ ਏਧਰ ਓਧਰ ਘੁੰਮਦਿਆਂ ਕਿੱਥੇ ਮੈਨੂੰ ਜਾਣਦੇ ਪਛਾਣਦੇ ਸੱਜਣ ਉਡ ਉਡ ਮਿਲ਼ਦੇ ਰਹੇ...ਗੱਜ ਵੱਜ ਫਤਹਿ ਬੁਲਾਉਂਦੇ ਗਲਵਕੜੀਆਂ ਪਾਉਂਦੇ ਰਹੇ ਤੇ ਕਿੱਥੇ ਅੱਜ ਮੈਂ ਉਸੇ ਅਨੰਦ ਪੁਰ ਸਾਹਬ ਦੀ ਸੜ੍ਹਕ ਉੱਤੇ ਸੁੰਨ੍ਹ-ਵੱਟਾ ਜਿਹਾ ਬਣਿਆਂ ਇਕੱਲਾ ਹੀ ਤੁਰਿਆ ਜਾ ਰਿਹਾ ਸਾਂ!
ਅਖੀਰ ਆਪਣੇ ਭਾਈਆ ਜੀ ਵਲੋਂ ਮਿਲ਼ੀ ਹੋਈ ਸਿੱਖਿਆ ਮੁਤਾਬਕ ਮੈਂ ਬੱਸ ਅੱਡੇ ਪਹੁੰਚ ਪਿੱਛੇ ਨੂੰ ਘੁੰਮਿਆਂ|ਦੋਏ ਹੱਥ ਜੋੜ ਕੇ ਸ੍ਰੀ ਕੇਸ ਗੜ੍ਹ ਸਾਹਿਬ ਦੇ ਝੂਲਦੇ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦਿਆਂ ਵਿਦਾਇਗੀ ਵਾਲ਼ੀ ਫਤਹਿ ਬੁਲਾਈ ਅਤੇ ਮਨ ਹੀ ਮਨ ਸੋਚਿਆ ਕਿ ਅੱਗੇ ਤੋਂ ਭਰਿਆ ਮੇਲਾ ਛੱਡ ਕੇ ਹੀ ਘਰ ਨੂੰ ਵਾਪਸੀ ਕਰਿਆ ਕਰਨੀ ਹੈ !
ਉਦਾਸੀ ਤੇ ਵੈਰਾਗ ਨਾਲ ਮੁਰਝਾਇਆ ਚਿਹਰਾ ਲੈ ਕੇ ਮੈਂ ਗੜ੍ਹਸ਼ੰਕਰ ਜਾਣ ਵਾਲ਼ੀ ਬੱਸ ਵਿਚ ਦੱਸ ਬਾਰਾਂ ਕੁ ਹੋਰ ਸਵਾਰੀਆਂ ਨਾਲ ਜਾ ਬੈਠਿਆ!
ਤਰਲੋਚਨ ਸਿੰਘ ਦੁਪਾਲ ਪੁਰ