K 2 K, ਕੌਰ ਤੋਂ ਖਾਨ : ਸਿੱਖ ਬੇਟੀਆਂ ਦੀ ਪਹਿਚਾਣ ਅਤੇ ਸੁਰੱਖਿਆ ਸਾਹਮਣੇ ਖੜੀ ਵਿਸ਼ਵ ਚੁਣੌਤੀ

ਪਿਛਲੇ ਕੁਝ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ, ਖ਼ਾਸ ਕਰਕੇ ਬ੍ਰਿਟੇਨ ਅਤੇ ਪਾਕਿਸਤਾਨ ਵਿੱਚ ਸਾਹਮਣੇ ਆ ਰਹੀਆਂ ਕੁਝ ਘਟਨਾਵਾਂ ਨੇ K2K ਅਰਥਾਤ ਕੌਰ ਤੋਂ ਖਾਨ ਦੀ ਚਰਚਾ ਨੂੰ ਮੁੜ ਕੇਂਦਰ ਵਿੱਚ ਲਿਆ ਦਿੱਤਾ ਹੈ। ਮੁਟਿਆਰ ਸਿੱਖ ਕੁੜੀਆਂ ਨੂੰ ਪਹਿਲਾਂ ਪਿਆਰ ਅਤੇ ਭਰੋਸੇ ਦੇ ਜਾਲ ਵਿੱਚ ਫਸਾ ਕੇ, ਗਰੂਮਿੰਗ, ਬਲੈਕਮੇਲ ਅਤੇ ਫਿਰ ਮਨੋਵਿਗਿਆਨਕ ਦਬਾਅ ਅਤੇ ਧਾਰਮਿਕ ਪ੍ਰਭਾਵ ਰਾਹੀਂ ਉਨ੍ਹਾਂ ਦੀ ਪਹਿਚਾਣ ਬਦਲਣ ਦੀ ਕੋਸ਼ਿਸ਼ ਨਾਲ ਜੁੜੇ ਇਹ ਮਾਮਲੇ ਕੇਵਲ ਧਾਰਮਿਕ ਪਹਿਚਾਣ ਹੀ ਨਹੀਂ, ਸਗੋਂ ਮਹਿਲਾ ਸੁਰੱਖਿਆ, ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਨੈਤਿਕਤਾ ਲਈ ਵੀ ਗੰਭੀਰ ਪ੍ਰਸ਼ਨ ਖੜ੍ਹੇ ਕਰ ਰਹੇ ਹਨ।
ਨੌਜਵਾਨ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਥਿਤ ਗਰੂਮਿੰਗ ਗੈਂਗਾਂ ਦੇ ਪਿੱਛੇ ਕੁਝ ਇਸਲਾਮਿਕ ਕੱਟੜਪੰਥੀਆਂ ਦੀ ਭੂਮਿਕਾ ਬਾਰੇ ਸ਼ਨਾਖ਼ਤ ਇੱਕ ਗੰਭੀਰ ਵਿਸ਼ਵ ਪੱਧਰੀ ਚਿੰਤਾ ਦਾ ਵਿਸ਼ਾ ਹੈ।
ਇਹਨਾਂ ਮਾਮਲਿਆਂ ਨੇ ਸਾਨੂੰ ਇੱਕ ਹੋਰ ਗੰਭੀਰ ਸਚਾਈ ਵੱਲ ਧਿਆਨ ਦਿਵਾਇਆ ਹੈ ਕਿ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਨੌਜਵਾਨ ਪੀੜ੍ਹੀ ਸਿਰਫ਼ ਸਮਾਜਕ ਜਾਂ ਧਾਰਮਿਕ ਚੁਨੌਤੀਆਂ ਨਾਲ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਦੀਆਂ ਖ਼ਤਰਨਾਕ ਚਾਲਾਂ ਨਾਲ ਵੀ ਸਾਹਮਣਾ ਕਰ ਰਹੀ ਹੈ।
ਇੱਕ ਘਟਨਾ, ਜੋ ਜਨਵਰੀ 2026 ਵਿੱਚ ਬ੍ਰਿਟੇਨ ਦੇ ਪੱਛਮੀ ਲੰਡਨ ਵਿੱਚ ਵਾਪਰੀ, ਜਿਸ ਨੇ ਇਸ ਚਿੰਤਾ ਨੂੰ ਹੋਰ ਗਹਿਰਾ ਕਰ ਦਿੱਤਾ। ਲਗਭਗ ਦੋ ਸੌ ਬ੍ਰਿਟਿਸ਼ ਸਿੱਖ ਇੱਕ 16 ਸਾਲਾ ਕੁੜੀ ਨੂੰ ਬਚਾਉਣ ਲਈ ਇਕੱਠੇ ਹੋਏ, ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਉਸ ਨੂੰ ਇੱਕ 34 ਸਾਲਾ ਵਿਅਕਤੀ ਨੇ ਹਾਊਨਸਲੋ ਦੇ ਇੱਕ ਫਲੈਟ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ ਅਤੇ ਕਈ ਸਾਲਾਂ ਤੋਂ ਮਨੋਵਿਗਿਆਨਕ ਤਰੀਕਿਆਂ ਨਾਲ ਉਸ &lsquoਤੇ ਧਰਮ ਪਰਿਵਰਤਨ ਲਈ ਦਬਾਅ ਬਣਾਇਆ ਜਾ ਰਿਹਾ ਸੀ।
ਜਿਵੇਂ ਹੀ ਇਸ ਘਟਨਾ ਨਾਲ ਸੰਬੰਧਿਤ ਵੀਡੀਓਜ਼ ਸੋਸ਼ਲ ਮੀਡੀਆ &lsquoਤੇ ਵਾਇਰਲ ਹੋਈਆਂ, K2K ਵਾਲਾ ਮੁੱਦਾ ਮੁੜ ਚਰਮ ਸੀਮਾ &rsquoਤੇ ਆ ਗਿਆ। ਇਹ ਵੀ ਬਹੁਤ ਹੀ ਚਿੰਤਾਜਨਕ ਹੈ ਕਿ ਕਈ ਮੌਕਿਆਂ &lsquoਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਮੇਂ &lsquoਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਫਲ ਰਹੀਆਂ। ਜੇਕਰ ਪੁਲੀਸ ਵੱਲੋਂ ਸਮੇਂ ਸਿਰ ਦਖ਼ਲ ਦਿੱਤਾ ਜਾਂਦਾ ਤਾਂ ਸ਼ਾਇਦ ਸਿੱਖ ਭਾਈਚਾਰੇ ਨੂੰ ਖ਼ੁਦ ਮੈਦਾਨ ਵਿੱਚ ਉਤਰ ਕੇ ਦਖ਼ਲ ਦੇਣ ਦੀ ਲੋੜ ਨਾ ਪੈਂਦੀ।
ਇਹ ਸਿਰਫ਼ ਇਕ ਘਟਨਾ ਨਹੀਂ, ਸਗੋਂ ਇੱਕ ਵੱਡੇ ਪ੍ਰਸ਼ਨ ਵੱਲ ਇਸ਼ਾਰਾ ਕਰਦੀ ਹੈ ਕਿ, ਕੀ ਆਧੁਨਿਕ ਲੋਕਤੰਤਰਿਕ ਸਮਾਜਾਂ ਵਿੱਚ ਘੱਟ ਗਿਣਤੀਆਂ ਦੀਆਂ ਬੇਟੀਆਂ ਸੱਚਮੁੱਚ ਸੁਰੱਖਿਅਤ ਹਨ?
ਬ੍ਰਿਟੇਨ ਵਿੱਚ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ 1997 ਤੋਂ ਹੀ ਦਰਜ ਹੋ ਰਹੀਆਂ ਹਨ। 2010 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਬ੍ਰਿਟੇਨ ਅਤੇ ਯੂਰਪ ਵਿੱਚ ਵੱਸਦੇ ਕੁਝ ਸਿੱਖ ਪਰਿਵਾਰਾਂ ਨੇ ਖ਼ੁਲਾਸਾ ਕੀਤਾ ਕਿ ਕੁਝ ਨੌਜਵਾਨ ਕੁੜੀਆਂ ਨੂੰ ਸੋਸ਼ਲ ਮੀਡੀਆ, ਕਾਲਜਾਂ ਜਾਂ ਦੋਸਤੀ ਦੇ ਰਿਸ਼ਤਿਆਂ ਰਾਹੀਂ ਫਸਾਇਆ ਜਾ ਰਿਹਾ ਹੈ।
ਇਸ ਵਕਤ ਬ੍ਰਿਟੇਨ ਵਿੱਚ ਕੁਝ ਸਿੱਖ ਕਾਰਕੁਨਾਂ ਅਤੇ ਸੰਸਥਾਵਾਂ ਨੇ ਇਸ ਮਸਲੇ ਤੇ ਖੁੱਲ੍ਹੀ ਚਰਚਾ ਸ਼ੁਰੂ ਕੀਤੀ ਅਤੇ ਇਸ ਨੂੰ Grooming Pattern ਦੇ ਰੂਪ ਵਿੱਚ ਵੇਖਣਾ ਸ਼ੁਰੂ ਕੀਤਾ। Sikh Awareness Society ਸਮੇਤ ਕਈ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਥਾਵਾਂ &lsquoਤੇ ਗਰੂਮਿੰਗ ਨੈੱਟਵਰਕ ਨੌਜਵਾਨ ਕੁੜੀਆਂ ਨੂੰ Love Bombing, ਭਾਵਨਾਤਮਕ ਮੈਨਿਪੂਲੇਸ਼ਨ ਅਤੇ ਮਨੋਵਿਗਿਆਨਕ ਦਬਾਅ ਰਾਹੀਂ ਆਪਣੇ ਜਾਲ ਵਿੱਚ ਫਸਾਉਂਦੇ ਹਨ। ਇਹ ਪ੍ਰਕਿਰਿਆ ਹੌਲੀ-ਹੌਲੀ ਅੱਗੇ ਵਧਦੀ ਹੈ&mdashਪਹਿਲਾਂ ਦੋਸਤੀ, ਫਿਰ ਪਿਆਰ ਦਾ ਦਿਖਾਵਾ ਅਤੇ ਆਖ਼ਰ ਵਿੱਚ ਪਹਿਚਾਣ ਅਤੇ ਧਰਮ ਬਦਲਣ ਦਾ ਦਬਾਅ।
ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਹਾਲਾਤ ਬ&zwnj੍ਰਿਟੇਨ ਤੋਂ ਵੀ ਬਦਤਰ ਤੇ ਚਿੰਤਾਜਨਕ ਹੈ, ਜਿੱਥੇ ਘਟ ਗਿਣਤੀਆਂ ਦੀਆਂ ਬੇਟੀਆਂ ਨਾਲ ਜੁੜੀਆਂ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਕਈ ਵਾਰ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ। ਇਸ ਸੰਦਰਭ ਵਿੱਚ ਭਾਰਤੀ ਨਾਗਰਿਕ ਸਰਬਜੀਤ ਕੌਰ ਦਾ ਮਾਮਲਾ ਹਾਲੀਆ ਸਮੇਂ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣਿਆ ਹੈ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਪੰਜਾਬ ਤੋਂ ਗੁਰਦੁਆਰਾ ਦਰਸ਼ਨਾਂ ਲਈ ਪਾਕਿਸਤਾਨ ਗਈ ਸਰਬਜੀਤ ਕੌਰ ਬਾਰੇ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਕੇ &ldquoਨੂਰ&rdquo ਨਾਮ ਰੱਖ ਲਿਆ ਅਤੇ ਪਾਕਿਸਤਾਨੀ ਨਾਗਰਿਕ ਨਾਸਰ ਹੁਸੈਨ ਨਾਲ ਨਿਕਾਹ ਕਰਵਾ ਲਿਆ।
ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਤਿੱਖਾ ਰੋਸ ਪੈਦਾ ਹੋਇਆ। ਕਈ ਲੋਕਾਂ ਨੇ ਇਸ ਨੂੰ ਸਿੱਖ ਪਹਿਚਾਣ ਲਈ ਚਿੰਤਾਜਨਕ ਮੰਨਦਿਆਂ ਸਰਬਜੀਤ ਬਾਰੇ ਕੜੀ ਪ੍ਰਤੀਕਿਰਿਆ ਦਿੱਤੀ।
ਪਰ ਹੁਣ ਸਾਹਮਣੇ ਆ ਰਹੀਆਂ ਜਾਣਕਾਰੀਆਂ ਨੇ ਇਸ ਮਾਮਲੇ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਇਹ ਘਟਨਾ ਹੁਣ ਕਈਆਂ ਲਈ ਕੌਰ ਤੋਂ ਖਾਨ ਦੀ ਪ੍ਰਵਿਰਤੀ ਦਾ ਇੱਕ ਹੋਰ ਉਦਾਹਰਨ ਬਣ ਕੇ ਉੱਭਰ ਰਹੀ ਹੈ। ਸਰਬਜੀਤ ਕੌਰ ਦੇ ਮੁਤਾਬਕ ਨਾਸਰ ਹੁਸੈਨ ਨਾਲ ਉਸ ਦਾ ਰਾਬਤਾ ਸੋਸ਼ਲ ਮੀਡੀਆ ਰਾਹੀਂ ਬਣਿਆ। ਪਹਿਲਾਂ ਦੋਸਤੀ ਅਤੇ ਪਿਆਰ ਦੇ ਨਾਂ ਤੇ ਉਸ ਨਾਲ ਨਜ਼ਦੀਕੀਆਂ ਬਣਾਈਆਂ ਗਈਆਂ ਅਤੇ ਬਾਅਦ ਵਿੱਚ ਉਸ ਦੀਆਂ ਨਿੱਜੀ ਅਤੇ ਅਸ਼ਲੀਲ ਤਸਵੀਰਾਂ ਹਾਸਲ ਕਰ ਲਈਆਂ ਗਈਆਂ।
ਇਨ੍ਹਾਂ ਤਸਵੀਰਾਂ ਦੇ ਆਧਾਰ ਤੇ ਉਸ ਨੂੰ ਬਲੈਕਮੇਲ ਕੀਤਾ ਗਿਆ ਅਤੇ ਦਬਾਅ ਹੇਠ ਪਾਕਿਸਤਾਨ ਬੁਲਾਇਆ ਗਿਆ। ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਬੰਧਕ ਬਣਾ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਨਿਕਾਹਨਾਮੇ &lsquoਤੇ ਦਸਤਖ਼ਤ ਕਰਵਾਏ ਗਏ। ਹਾਲਾਂਕਿ ਇਹ ਮਾਮਲਾ ਇਸ ਵੇਲੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ ਅਤੇ ਅੰਤਿਮ ਫ਼ੈਸਲਾ ਅਦਾਲਤ ਵੱਲੋਂ ਹੀ ਹੋਵੇਗਾ, ਪਰ ਇਹ ਘਟਨਾ ਇੱਕ ਵੱਡੇ ਸਮਾਜਕ ਸਵਾਲ ਨੂੰ ਜ਼ਰੂਰ ਜਨਮ ਦਿੰਦੀ ਹੈ।
ਜੇਕਰ ਕਿਸੇ ਨੌਜਵਾਨ ਕੁੜੀ ਨੂੰ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਫਸਾਇਆ ਜਾਵੇ, ਫਿਰ ਨਿੱਜੀ ਜਾਣਕਾਰੀ ਜਾਂ ਤਸਵੀਰਾਂ ਦੇ ਆਧਾਰ ਤੇ ਬਲੈਕਮੇਲ ਕਰਕੇ ਉਸ ਦੀ ਪਹਿਚਾਣ ਅਤੇ ਧਰਮ ਬਦਲਣ ਲਈ ਮਜਬੂਰ ਕੀਤਾ ਜਾਵੇ, ਤਾਂ ਇਹ ਸਿਰਫ਼ ਇਕ ਵਿਅਕਤੀ ਦੀ ਤਰਾਸਦੀ ਨਹੀਂ ਰਹਿੰਦੀ&mdashਇਹ ਪੂਰੇ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ।
ਇਸ ਤੋਂ ਪਹਿਲਾਂ 2019 ਵਿੱਚ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਨਾਬਾਲਗ ਧੀ ਜਗਜੀਤ ਕੌਰ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਉਸ ਦਾ ਨਾਮ ਆਇਸ਼ਾ ਰੱਖ ਕੇ ਮੁਹੰਮਦ ਹਸਨ ਨਾਲ ਨਿਕਾਹ ਕਰਾਇਆ ਗਿਆ। ਇਸ ਮਾਮਲੇ ਨੇ ਵਿਸ਼ਵ ਪੱਧਰ &lsquoਤੇ ਚਿੰਤਾ ਪੈਦਾ ਕੀਤੀ ਸੀ।ਇਸ ਤੋਂ ਬਾਅਦ ਹਸਨ ਅਬਦਾਲ ਦੇ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ ਨਾਬਾਲਗ ਧੀ ਬੁਲਬੁਲ ਕੌਰ ਦੇ ਅਗਵਾ ਹੋਣ ਦੀ ਘਟਨਾ ਨੇ ਵੀ ਸਿੱਖ ਭਾਈਚਾਰੇ ਨੂੰ ਗਹਿਰੇ ਝਟਕੇ ਦਿੱਤੇ ਸਨ।
ਪਾਕਿਸਤਾਨ ਦਾ ਨਿਜ਼ਾਮ ਧਰਮ ਪਰਿਵਰਤਨ ਦੇ ਮਾਮਲਿਆਂ ਪ੍ਰਤੀ ਬੇਬਸ ਅਤੇ ਲਾਚਾਰ ਦਿੱਖ ਰਿਹਾ ਹੈ । ਜਿਸ ਕਾਰਨ ਘਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ &rsquoਚ ਪੂਰੀ ਤਰਾਂ ਨਾਕਾਮ ਹੋ ਚੁੱਕਿਆ ਹੈ। ਪਾਕਿਸਤਾਨ ਚ 18 ਸਾਲ ਤੋਂ ਘਟ ਉਮਰ ਵਾਲਿਆਂ ਦੇ ਧਰਮ ਪਰਿਵਰਤਨ ਨੂੰ ਗੈਰ ਕਾਨੂੰਨੀ ਠਹਿਰਾਉਣ ਦੇ ਮਕਸਦ ਨਾਲ ਬਣਾਏ ਗਏ &rsquoਧਰਮ ਪਰਵਰਤਨ ਵਿਰੋਧੀ ਕਾਨੂੰਨ ਬਿੱਲ&rsquo ਨੂੰ ਵਿਸ਼ੇਸ਼ ਸੰਸਦੀ ਕਮੇਟੀ ਨੇ ਕੁਝ ਸਾਲ ਪਹਿਲਾਂ ਮੌਲਵੀਆਂ, ਕੱਟੜਪੰਥੀਆਂ ਅਤੇ ਧਾਰਮਿਕ ਮਾਮਲਿਆਂ ਬਾਰੇ ਮੰਤਰਾਲੇ ਦੇ ਵਿਰੋਧ ਕਾਰਨ ਰੱਦ ਕਰਦਿਆਂ ਘਟ ਗਿਣਤੀਆਂ ਨੂੰ ਪੂਰੀ ਤਰਾਂ ਖੂੰਜੇ ਲਗਾ ਦਿੱਤਾ ਸੀ। ਇਸ ਨਾਲ ਘਟ ਗਿਣਤੀਆਂ ਦੇ ਮਨੁੱਖੀ ਅਤੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਦਾ ਕੌਮਾਂਤਰੀ ਪੱਧਰ &rsquoਤੇ ਝੂਠਾ ਰਾਗ ਅਲਾਪਣ ਵਾਲੇ ਪਾਕਿਸਤਾਨ ਦੀ ਸਾਰੀ ਸਚਾਈ ਸਾਹਮਣੇ ਆ ਗਈ ਸੀ।
ਉਕਤ ਸੰਸਦੀ ਮੀਟਿੰਗ ਦੌਰਾਨ ਘਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਹਿੰਦੂ ਸਿੱਖ ਸੰਸਦ ਮੈਂਬਰਾਂ ਦਾ ਪੱਖ ਤਾਂ ਸੁਣਿਆ ਨਹੀਂ ਗਿਆ ਪਰ ਸਿੰਧ ਚ ਜਬਰੀ ਧਰਮ ਪਰਿਵਰਤਨ ਲਈ ਦੋਸ਼ੀ ਮੌਲਵੀ ਨੂੰ ਬ੍ਰੀਫਿੰਗ ਲਈ ਉਚੇਚਾ ਸੱਦਿਆ ਗਿਆ। ਜਿਨ੍ਹਾਂ ਲਈ ਧਰਾਤਲ ਨਾ ਕੇਵਲ ਨਾਗਵਾਰ ਹੈ, ਸਗੋਂ ਇਸ ਵਿਸ਼ੇ &rsquoਤੇ ਕਾਨੂੰਨ ਬਣਾਉਣਾ ਇਸਲਾਮ ਅਤੇ ਸ਼ਰੀਅਤ ਦੇ ਵਿਰੁੱਧ ਕਰਾਰ ਦਿੱਤਾ ਗਿਆ। ਹਿੰਦੂਆਂ ਪ੍ਰਤੀ ਅਜਿਹਾ ਨਕਾਰਾਤਮਿਕ ਵਤੀਰਾ ਇਹ ਦੱਸਦਾ ਹੈ ਕਿ ਉਨ੍ਹਾਂ ਲਈ ਘਟ ਗਿਣਤੀਆਂ ਦੀ ਸੁਰੱਖਿਆ ਕੋਈ ਗੰਭੀਰ ਮੁੱਦਾ ਨਹੀਂ ।
ਘਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਇਸੇ ਤਰਾਂ ਦਾ ਬਿੱਲ 2013 ਤੇ 2016 ਚ ਸੂਬਾ ਸਿੰਧ ਦੀ ਅਸੈਂਬਲੀ &rsquoਚ ਲਿਆਂਦਾ ਗਿਆ, ਫਿਰ 2019 &rsquoਚ ਤਾਂ ਇਸ ਨੂੰ ਪਾਸ ਤਕ ਕੀਤਾ ਗਿਆ ਪਰ ਤੁਰੰਤ ਬਾਅਦ ਹੀ ਸੂਬਾ ਗਵਰਨਰ ਵੱਲੋਂ ਇਹ ਕਹਿੰਦਿਆਂ ਰੱਦ ਕਰ ਦਿੱਤਾ ਗਿਆ ਕਿ ਇਸਲਾਮ &rsquoਚ ਧਰਮ ਪਰਵਰਤਨ ਕਰਾਉਣਾ ਗੁਨਾਹ ਨਹੀਂ ਸਗੋਂ ਸਵਾਬ ਭਾਵ ਪੁੰਨ ਦਾ ਕੰਮ ਹੈ । ਧਰਮ ਪਰਿਵਰਤਨ ਲਈ ਜੋ ਧੱਕਾ ਕੀਤਾ ਜਾ ਰਿਹਾ ਹੈ ਉਹ ਇਸਲਾਮ ਦੀ &rsquoਸੇਵਾ&rsquo ਹਨ।
ਸਿੱਖ ਧਰਮ ਵਿੱਚ ਕੌਰ ਸਿਰਫ਼ ਇੱਕ ਨਾਮ ਨਹੀਂ, ਸਗੋਂ ਇੱਕ ਆਦਰਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਦਿਆਂ ਸਿੱਖ ਮਹਿਲਾ ਨੂੰ ਕੌਰ ਦਾ ਸਨਮਾਨ ਦਿੱਤਾ, ਜੋ ਸਮਾਨਤਾ, ਆਤਮ-ਗੌਰਵ, ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ।
ਇਸ ਲਈ ਜਦੋਂ ਕਿਸੇ ਸਿੱਖ ਬੇਟੀ ਦੀ ਪਹਿਚਾਣ ਨੂੰ ਧੋਖੇ, ਦਬਾਅ ਜਾਂ ਜ਼ਬਰ ਰਾਹੀਂ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਇਹ ਸਿਰਫ਼ ਇੱਕ ਵਿਅਕਤੀ ਦਾ ਮਸਲਾ ਨਹੀਂ ਰਹਿੰਦਾ&mdashਇਹ ਸਮਾਜਕ ਮਰਿਆਦਾ, ਸਭਿਆਚਾਰਕ ਅਸਤਿਤਵ ਅਤੇ ਧਾਰਮਿਕ ਪਹਿਚਾਣ ਨਾਲ ਜੁੜਿਆ ਮਾਮਲਾ ਬਣ ਜਾਂਦਾ ਹੈ।
ਪਰ K2K ਦੀ ਚਰਚਾ ਨੂੰ ਕੇਵਲ ਧਾਰਮਿਕ ਟਕਰਾਅ ਦੇ ਤੌਰ &lsquoਤੇ ਵੀ ਨਹੀਂ ਦੇਖਣਾ ਚਾਹੀਦਾ। ਜੇ ਕਿਸੇ ਨਾਬਾਲਗ ਜਾਂ ਨੌਜਵਾਨ ਕੁੜੀ ਨੂੰ ਗਰੂਮਿੰਗ, ਧੋਖੇ, ਮਨੋਵਿਗਿਆਨਕ ਦਬਾਅ ਜਾਂ ਬਲੈਕਮੇਲ ਰਾਹੀਂ ਪ੍ਰਭਾਵਿਤ ਕੀਤਾ ਜਾਂਦਾ ਹੈ, ਤਾਂ ਇਹ ਸਿੱਧਾ ਮਹਿਲਾ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦਾ ਮਸਲਾ ਵੀ ਬਣ ਜਾਂਦਾ ਹੈ।
ਸਿੱਖ ਸੰਸਥਾਵਾਂ ਦੁਨੀਆ ਭਰ ਵਿੱਚ ਜਾਗਰੂਕਤਾ ਮੁਹਿੰਮਾਂ, ਕਾਨੂੰਨੀ ਸੁਧਾਰਾਂ ਅਤੇ ਸਮਾਜਕ ਸਿੱਖਿਆ ਪ੍ਰੋਗਰਾਮਾਂ ਦੀ ਮੰਗ ਕਰ ਰਹੀਆਂ ਹਨ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨਾਲ ਖੁੱਲ੍ਹਾ ਸੰਵਾਦ ਬਣਾਉਣਾ ਪਵੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ, ਗੁਰਮਤਿ ਅਤੇ ਸਾਂਸਕ੍ਰਿਤਿਕ ਜੜ੍ਹਾਂ ਨਾਲ ਜੋੜਨਾ ਪਵੇਗਾ।
ਸਿੱਖ ਇਤਿਹਾਸ ਸਾਨੂੰ ਅਨਿਆਇ ਦੇ ਵਿਰੁੱਧ ਡਟ ਕੇ ਖੜ੍ਹਨ ਦੀ ਪ੍ਰੇਰਣਾ ਦਿੰਦਾ ਹੈ। ਗੁਰੂ ਤੇਗ਼ ਬਹਾਦਰ ਜੀ ਤੋਂ ਲੈ ਕੇ ਅੱਜ ਤੱਕ ਸਿੱਖ ਪਰੰਪਰਾ ਨੇ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਸਧਾਰਨ ਕੁਰਬਾਨੀਆਂ ਦਿੱਤੀਆਂ ਹਨ। ਇਸ ਲਈ ਅੱਜ ਵੀ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਜਿੱਥੇ ਵੀ ਕਿਸੇ ਦੀ ਪਹਿਚਾਣ, ਆਜ਼ਾਦੀ ਜਾਂ ਮਰਿਆਦਾ ਨੂੰ ਖ਼ਤਰਾ ਹੋਵੇ, ਉੱਥੇ ਸਚਾਈ ਅਤੇ ਨਿਆਂ ਦੀ ਆਵਾਜ਼ ਬੁਲੰਦ ਕੀਤੀ ਜਾਵੇ।ਕੌਰ ਤੋਂ ਖਾਨ ਦੀ ਚਰਚਾ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਮਹਿਲਾ ਦੀ ਆਜ਼ਾਦੀ, ਧਾਰਮਿਕ ਪਹਿਚਾਣ ਅਤੇ ਮਨੁੱਖੀ ਮਰਿਆਦਾ ਕਿਸੇ ਵੀ ਸਭਿਆਚਾਰਕ ਸਮਾਜ ਦੀ ਸਭ ਤੋਂ ਵੱਡੀ ਕਸੌਟੀ ਹੁੰਦੀ ਹੈ।
ਜੇ ਅਸੀਂ ਇਸ ਕਸੌਟੀ ਤੇ ਖਰੇ ਉੱਤਰਨਾ ਚਾਹੁੰਦੇ ਹਾਂ ਤਾਂ ਸਮਾਜ, ਰਾਜ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਿਲ ਕੇ ਅਜਿਹੀਆਂ ਪ੍ਰਵਿਰਤੀਆਂ ਦਾ ਡਟ ਕੇ ਮੁਕਾਬਲਾ ਕਰਨਾ ਪਵੇਗਾ।
ਸਵਾਲ ਅਜੇ ਵੀ ਖੜ੍ਹਾ ਹੈ &mdash ਕੀ ਦੁਨੀਆ ਵਿੱਚ ਸਿੱਖ ਬੇਟੀਆਂ ਸੱਚਮੁੱਚ ਸੁਰੱਖਿਅਤ ਹਨ?
ਅਤੇ ਜੇ ਨਹੀਂ, ਤਾਂ ਕੀ ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ?
( ਲੇਖਕ: ਪ੍ਰੋ. ਸਰਚਾਂਦ ਸਿੰਘ ਖਿਆਲਾ)