ਤਾਕਾਇਚੀ ਅਤੇ ਟਰੰਪ ਵੱਲੋਂ ਹੋਰਮੁਜ਼ ਦੀ ਸੁਰੱਖਿਆ ਅਤੇ ਗਠਜੋੜ ਨੂੰ ਮਜ਼ਬੂਤ ਕਰਨ ’ਤੇ ਚਰਚਾ

ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਦੇ ਗਠਜੋੜ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਟਰੰਪ ਨੇ ਸ਼ਿਕਾਇਤ ਕੀਤੀ ਸੀ ਕਿ ਜਾਪਾਨ ਵਰਗੇ ਸਹਿਯੋਗੀ ਦੇਸ਼ ਹੋਰਮੁਜ਼ ਜਲਮਾਰਗ(Strait of Hormuz) ਦੀ ਸੁਰੱਖਿਆ ਲਈ ਅਮਰੀਕਾ ਦੇ ਸੱਦੇ 'ਤੇ ਤੇਜ਼ੀ ਨਾਲ ਅੱਗੇ ਨਹੀਂ ਆਏ।
ਤਾਕਾਇਚੀ ਨੇ ਟਰੰਪ ਨੂੰ ਵਿਸ਼ਵ ਸ਼ਾਂਤੀ ਦੇ ਰਾਹ ਦਸੇਰਾ ਵਜੋਂ ਪੇਸ਼ ਕਰਦਿਆਂ ਕਿਹਾ ਕਿ ਮੌਜੂਦਾ ਗੰਭੀਰ ਸੁਰੱਖਿਆ ਮਾਹੌਲ ਵਿੱਚ ਸਿਰਫ ਉਹ ਹੀ ਵਿਸ਼ਵ ਸ਼ਾਂਤੀ ਸਥਾਪਿਤ ਕਰ ਸਕਦੇ ਹਨ। ਮੁਲਾਕਾਤ ਦੌਰਾਨ ਉਦੋਂ ਕੁਝ ਤਣਾਅ ਦੇਖਣ ਨੂੰ ਮਿਲਿਆ ਜਦੋਂ ਟਰੰਪ ਨੇ 1941 ਦੇ 'ਪਰਲ ਹਾਰਬਰ' ਹਮਲੇ ਦਾ ਜ਼ਿਕਰ ਕਰਦਿਆਂ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਜਿਵੇਂ ਜਾਪਾਨ ਨੇ ਉਸ ਵੇਲੇ ਅਮਰੀਕਾ ਨੂੰ ਦੱਸੇ ਬਿਨਾਂ ਹਮਲਾ ਕੀਤਾ ਸੀ, ਉਵੇਂ ਹੀ ਅਮਰੀਕਾ ਨੇ ਵੀ ਇਰਾਨ 'ਤੇ ਹਮਲੇ ਤੋਂ ਪਹਿਲਾਂ ਸਹਿਯੋਗੀਆਂ ਨੂੰ ਸੂਚਿਤ ਨਹੀਂ ਕੀਤਾ। ਹਾਲਾਂਕਿ, ਸ਼ਾਮ ਦੇ ਰਾਤਰੀ ਭੋਜਨ ਦੌਰਾਨ ਦੋਵਾਂ ਆਗੂਆਂ ਨੇ ਇੱਕ-ਦੂਜੇ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਤਾਕਾਇਚੀ ਨੇ ਅੰਗਰੇਜ਼ੀ ਵਿੱਚ ਐਲਾਨ ਕੀਤਾ ਕਿ "ਜਾਪਾਨ ਵਾਪਸ ਆ ਗਿਆ ਹੈ।"