ਮੀਤ ਹੇਅਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਬਣੇ

ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਕਰਵਾਈ ਗਈ ਵਿਸ਼ੇਸ਼ ਜਨਰਲ ਬਾਡੀ ਮੀਟਿੰਗ (SGM) ਅਤੇ ਸਕੱਤਰ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਬਿਨਾਂ ਮੁਕਾਬਲਾ ਆਨਰੇਰੀ ਸਕੱਤਰ ਚੁਣ ਲਿਆ ਗਿਆ ਹੈ। ਪੀ ਸੀ ਏ ਦੇ ਨਵੇਂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਈਆਂ ਚੋਣਾਂ ਦੌਰਾਨ ਚੋਣ ਅਧਿਕਾਰੀ ਜਗਪਾਲ ਸਿੰਘ ਸੰਧੂ ਨੇ ਸ੍ਰੀ ਗੁਰਮੀਤ ਸਿੰਘ ਹੇਅਰ ਨੂੰ ਪੀ ਸੀ ਏ ਦੇ ਆਨਰੇਰੀ ਸਕੱਤਰ ਵਜੋਂ ਬਿਨਾਂ ਮੁਕਾਬਲਾ ਜੇਤੂ ਐਲਾਨਿਆ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਭਰੋਸਾ ਜਤਾਉਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਸੰਸਦ ਮੈਂਬਰ ਨੇ ਪੰਜਾਬ ਵਿੱਚ ਕ੍ਰਿਕਟ ਦੇ ਵਿਕਾਸ ਅਤੇ ਉੱਤਮਤਾ ਲਈ ਆਪਣੀ ਅਟੱਲ ਵਚਨਬੱਧਤਾ ਦਾ ਭਰੋਸਾ ਦਿੱਤਾ। ਮੀਤ ਹੇਅਰ ਨੇ ਅੱਗੇ ਕਿਹਾ ਕਿ ਉਹ ਪੰਜਾਬ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਵੀ ਕ੍ਰਿਕਟ ਵਿਕਾਸ ਦੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ।