ਵਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਮਾਮਲੇ ’ਚ ਪੁਲੀਸ ਵੱਲੋਂ ਚਾਰ ਡਾਕਟਰਾਂ ਖ਼ਿਲਾਫ਼ ਕੇਸ

ਅੰਮ੍ਰਿਤਸਰ ਪੁਲੀਸ ਨੇ 41 ਸਾਲਾ ਪੇਸ਼ੇਵਰ ਬਾਡੀਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਚਾਰ ਡਾਕਟਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਘੁੰਮਣ ਦੀ ਮੌਤ ਪਿਛਲੇ ਸਾਲ ਅਕਤੂਬਰ ਵਿੱਚ ਇੱਕ ਸਰਜੀਕਲ ਪ੍ਰਕਿਰਿਆ ਦੌਰਾਨ ਹੋਈ ਸੀ। ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਡਾਕਟਰਾਂ ਦੀ ਪਛਾਣ ਡਾ. ਤਪਿਸ਼ ਸ਼ੁਕਲਾ, ਡਾ. ਅਲਕਾ ਤਿਵਾੜੀ, ਡਾ. ਰਾਜਿੰਦਰ ਕੌਰ ਅਤੇ ਡਾ. ਅਰੁਣ ਕੁਮਾਰ ਚੋਪੜਾ ਵਜੋਂ ਹੋਈ ਹੈ। ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਗਠਿਤ ਸੱਤ ਮੈਂਬਰੀ ਮੈਡੀਕਲ ਬੋਰਡ ਦੀ ਰਿਪੋਰਟ ਦੇ ਆਧਾਰਿਤ ਇਹ ਕਾਰਵਾਈ ਕੀਤੀ ਗਈ ਹੈ।
ਇਸ ਮੈਡੀਕਲ ਬੋਰਡ ਵਿੱਚ ਹੱਡੀਆਂ ਦੇ ਮਾਹਿਰ, ਦਿਲ ਦੇ ਰੋਗਾਂ ਦੇ ਮਾਹਿਰ, ਐਨੇਸਥੀਸੀਆ ਅਤੇ ਫੋਰੈਂਸਿਕ ਸਾਇੰਸ ਦੇ ਮਾਹਿਰ ਡਾਕਟਰ ਸ਼ਾਮਲ ਸਨ। ਇਸ ਪੈਨਲ ਨੇ ਮੌਤ ਦੇ ਹਾਲਾਤ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ 26 ਫਰਵਰੀ ਨੂੰ ਆਪਣੀ ਰਿਪੋਰਟ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸੌਂਪੀ। ਬੋਰਡ ਦੀ ਰਿਪੋਰਟ &rsquoਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲੀਸ ਨੇ ਹੁਣ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 106(1) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।