ਦਾਦੂਵਾਲ ਨੇ ਮੀਰੀ-ਪੀਰੀ ਸੰਸਥਾ ਦੀ ਸੇਵਾ ਸੰਭਾਲਣ ਦਾ ਐਲਾਨ ਕੀਤਾ

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚ ਐੱਸ ਜੀ ਐੱਮ ਸੀ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਵਿਵਾਦ ਅਜੇ ਮੁੱਕਿਆ ਨਹੀਂ ਸੀ ਕਿ ਐੱਚ ਐੱਸ ਜੀ ਐੱਮ ਸੀ ਦੇ ਸਾਬਕਾ ਪ੍ਰਧਾਨ ਅਤੇ ਨਾਮਜ਼ਦ ਮੈਂਬਰ ਬਲਜੀਤ ਸਿੰਘ ਦਾਦੂਵਾਲ ਅੱਜ ਦੁਪਹਿਰ ਵੇਲੇ ਮੀਰੀ-ਪੀਰੀ ਮੈਡੀਕਲ ਵਿਗਿਆਨ ਅਤੇ ਖੋਜ ਚੈਰੀਟੇਬਲ ਟਰੱਸਟ ਵਿਖੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦਾ ਸਮਰਥਨ ਕਰਨ ਲਈ ਪੁੱਜ ਗਏ। ਇਸ ਦੌਰਾਨ ਅਚਾਨਕ ਉਨ੍ਹਾਂ ਨੇ ਸੰਸਥਾ ਦੀਆਂ ਸੇਵਾਵਾਂ ਸੰਭਾਲਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ।

ਉਪਰੰਤ ਟਰੱਸਟ ਅਧਿਕਾਰੀਆਂ ਅਤੇ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਤਕਰਾਰ ਹੋ ਗਈ। ਦੋਵੇਂ ਧਿਰਾਂ ਨਾਲ ਗੱਲਬਾਤ ਕਰਨ ਪੁੱਜੇ ਡੀ ਐੱਸ ਪੀ ਰਾਮ ਕੁਮਾਰ ਨੇ ਮੀਟਿੰਗ ਰਾਹੀਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਜਦੋਂ ਦਾਦੂਵਾਲ ਅੜੇ ਰਹੇ ਤਾਂ ਵੱਡੀ ਗਿਣਤੀ ਐੱਸ ਜੀ ਪੀ ਸੀ ਸਮਰਥਕ ਇਕੱਠੇ ਹੋ ਗਏ। ਉਨ੍ਹਾਂ ਦਾਦੂਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪ੍ਰਸ਼ਾਸਨਿਕ ਦਫ਼ਤਰ ਤੋਂ ਬਾਹਰ ਕੱਢ ਦਿੱਤਾ। ਸ਼੍ਰੋਮਣੀ ਕਮੇਟੀ ਦੇ ਸਮਰਥਕ ਰਘੂਜੀਤ ਸਿੰਘ ਵਿਰਕ ਤੇ ਹੋਰਾਂ ਨੇ ਦਾਦੂਵਾਲ ਅਤੇ ਸਾਥੀਆਂ ਵਿਰੁੱਧ ਸ਼ਾਹਬਾਦ ਪੁਲੀਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।