ਬਿ੍ਟੇਨ ਵਿਚ ਸਿੱਖ ਧੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ 'ਗਰੂਮਿੰਗ ਗੈਂਗਾਂ' ਦਾ ਖ਼ੁਲਾਸਾ

*ਵਾਇਰਲ ਵੀਡੀਓ ਨੇ ਸਿੱਖ ਭਾਈਚਾਰੇ ਵਿੱਚ ਮਚਾਇਆ ਹੜਕੰਪ
*ਕੀ ਯੂਕੇ ਵਿੱਚ ਸਿੱਖ ਲੜਕੀਆਂ ਦੇ ਧਰਮ ਪਰਿਵਰਤਨ ਲਈ ਦਿੱਤੀ ਜਾ ਰਹੀ ਹੈ 10 ਹਜ਼ਾਰ ਪੌਂਡ ਦੀ ਪੇਸ਼ਕਸ਼?
ਬ੍ਰਿਟੇਨ ਵਿੱਚ ਸਿੱਖ ਭਾਈਚਾਰੇ ਵਿੱਚ ਇੱਕ ਵਾਰ ਫਿਰ ਭਾਰੀ ਚਿੰਤਾ ਅਤੇ ਗੁੱਸੇ ਦਾ ਮਾਹੌਲ ਬਣ ਗਿਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਮੂਲ ਦੇ ਗਰੂਮਿੰਗ ਗੈਂਗ ਸਿੱਖ ਲੜਕੀਆਂ (ਕੌਰਾਂ) ਨੂੰ ਖਾਸ ਟਾਰਗੇਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸਲਾਮ ਵਿੱਚ ਧਰਮ ਪਰਿਵਰਤਨ ਲਈ 10 ਹਜ਼ਾਰ ਪੌਂਡ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿੰਦੂ ਅਤੇ ਈਸਾਈ ਲੜਕੀਆਂ ਲਈ ਇਹ ਰਕਮ 5 ਹਜ਼ਾਰ ਪੌਂਡ ਰੱਖੀ ਗਈ ਹੈ। ਇਸ ਨੇ "ਕੌਰ ਟੂ ਖਾਨ" ਹੈਸ਼ਟੈਗ ਨਾਲ ਇੱਕ ਵੱਡੀ ਚਰਚਾ ਛੇੜ ਦਿੱਤੀ ਹੈ। ਪਰ ਇਹ ਖਾਸ 10 ਹਜ਼ਾਰ ਪੌਂਡ ਵਾਲਾ ਦਾਅਵਾ ਅਜੇ ਤੱਕ ਪੁਲਿਸ ਜਾਂ ਅਧਿਕਾਰਤ ਸਰੋਤਾਂ ਵੱਲੋਂ ਪੁਸ਼ਟੀ ਨਹੀਂ ਹੋਇਆ ਅਤੇ ਇਸ ਬਾਰੇ ਪੁਖਤਾ ਸਬੂਤ ਨਹੀਂ ਮਿਲੇ ਹਨ।
ਇਹ ਮਾਮਲਾ ਨਵਾਂ ਨਹੀਂ ਹੈ। ਬ੍ਰਿਟੇਨ ਵਿੱਚ ਗਰੂਮਿੰਗ ਗੈਂਗਾਂ ਦੀ ਸਮੱਸਿਆ ਦਹਾਕਿਆਂ ਤੋਂ ਚੱਲ ਰਹੀ ਹੈ। ਰੋਥਰਹੈਮ (1997-2013 ਵਿੱਚ 1400 ਤੋਂ ਵੱਧ ਬੱਚੇ ਸ਼ੋਸ਼ਣ ਦੇ ਸ਼ਿਕਾਰ ਹੋਏ ਸਨ), ਰੋਚਡੇਲ ਅਤੇ ਟੈਲਫੋਰਡ ਵਰਗੇ ਵੱਡੇ ਕੇਸਾਂ ਵਿੱਚ ਜ਼ਿਆਦਾਤਰ ਅਪਰਾਧੀ ਪਾਕਿਸਤਾਨੀ ਮੂਲ ਦੇ ਮੁਸਲਿਮ ਆਦਮੀ ਸਨ। ਇਹਨਾਂ ਵਿੱਚ ਜ਼ਿਆਦਾਤਰ ਵਾਈਟ ਵਰਕਿੰਗ ਕਲਾਸ ਲੜਕੀਆਂ ਸ਼ਾਮਲ ਸਨ ਪਰ ਸਿੱਖ ਅਤੇ ਹਿੰਦੂ ਭਾਈਚਾਰੇ ਵੀ ਲੰਮੇ ਸਮੇਂ ਤੋਂ ਆਪਣੀਆਂ ਧੀਆਂ ਨੂੰ ਖਾਸ ਟਾਰਗੇਟ ਹੋਣ ਦੀ ਗੱਲ ਕਰ ਰਹੇ ਹਨ। ਗਰੂਮਰ ਅਕਸਰ ਰਿਸ਼ਤੇ ਬਣਾ ਕੇ, ਦੋਸਤੀ ਦੇ ਬਹਾਨੇ, ਤੋਹਫ਼ੇ, ਨਸ਼ੇ ਜਾਂ ਭਾਵਨਾਤਮਕ ਦਬਾਅ ਨਾਲ ਲੜਕੀਆਂ ਨੂੰ ਘਰ ਤੋਂ ਦੂਰ ਕਰਦੇ ਹਨ ਅਤੇ ਫਿਰ ਧਰਮ ਬਦਲਣ ਲਈ ਮਜਬੂਰ ਕਰਦੇ ਹਨ। ਕਈ ਮਾਮਲਿਆਂ ਵਿੱਚ ਧਰਮ ਪਰਿਵਰਤਨ ਤੋਂ ਬਾਅਦ ਲੜਕੀ ਨੂੰ ਸ਼ਰੀਆ ਮੈਰਿਜ ਵਿੱਚ ਬੰਨ੍ਹ ਕੇ ਜਾਂ ਗੈਂਗ ਦੇ ਹੋਰ ਮੈਂਬਰਾਂ ਨਾਲ ਸ਼ੋਸ਼ਣ ਲਈ ਵਰਤਿਆ ਜਾਂਦਾ ਹੈ।
ਇਸ ਸਾਲ ਜਨਵਰੀ 2026 ਵਿੱਚ ਵੈਸਟ ਲੰਡਨ ਦੇ ਹਾਊਂਸਲੋ ਵਿੱਚ ਇੱਕ ਵੱਡੀ ਘਟਨਾ ਨੇ ਪੂਰੇ ਸਿੱਖ ਭਾਈਚਾਰੇ ਨੂੰ ਹਿਲਾ ਦਿੱਤਾ। 11 ਜਨਵਰੀ ਨੂੰ ਲਗਭਗ 200 ਸਿੱਖ ਭਾਈਚਾਰੇ ਦੇ ਆਦਮੀ ਅਤੇ ਔਰਤਾਂ ਲੰਡਨ ਰੋਡ 'ਤੇ ਇੱਕ ਕੌਂਸਲ ਫਲੈਟ ਦੇ ਬਾਹਰ ਇਕੱਠੇ ਹੋਏ ਸਨ। ਉਹ ਇੱਕ 16 ਸਾਲਾ ਸਿੱਖ ਲੜਕੀ ਨੂੰ ਬਚਾਉਣ ਆਏ ਸਨ ਜਿਸ ਨੂੰ ਇੱਕ 34 ਸਾਲਾ ਆਦਮੀ (ਕਥਿਤ ਤੌਰ 'ਤੇ ਅਫਗਾਨ ਜਾਂ ਪਾਕਿਸਤਾਨੀ ਮੂਲ ਦਾ) ਗਰੂਮ ਕਰ ਰਿਹਾ ਸੀ। ਲੜਕੀ ਨੂੰ ਘਰ ਛੱਡਣ ਲਈ ਮਨਾਇਆ ਗਿਆ ਸੀ ਅਤੇ ਫਿਰ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੁਲਿਸ ਨੇ ਦੇਰ ਨਾਲ ਪਹੁੰਚ ਕੇ ਆਦਮੀ ਨੂੰ ਡੋਮੈਸਟਿਕ ਕਾਮਨ ਅਸਾਲਟ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਲੜਕੀ ਨੂੰ ਪਰਿਵਾਰ ਨਾਲ ਮਿਲਾ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਿਨਸੀ ਅਪਰਾਧ ਦੇ ਸਿੱਧੇ ਸਬੂਤ ਨਹੀਂ ਮਿਲੇ ਪਰ ਭਾਈਚਾਰੇ ਵਿੱਚ ਪੁਲਿਸ 'ਦੀ ਦੇਰੀਉਪਰ ਸਵਾਲ ਖੜ੍ਹੇ ਹੋਏ ਹਨ।
ਸਿੱਖ ਯੂਥ ਯੂਕੇ ਦੇ ਫਾਊਂਡਰ ਦੀਪਾ ਸਿੰਘ ਨੇ ਕਿਹਾ ਕਿ ਇਹ ਇੱਕ ਇੱਕੋ ਕੇਸ ਨਹੀਂ ਬਲਕਿ ਹਜ਼ਾਰਾਂ ਮਾਮਲਿਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਦੱਸਿਆ ਕਿ 1960ਵਿਆਂ ਤੋਂ ਹੀ ਬ੍ਰਿਟਿਸ਼ ਪਾਕਿਸਤਾਨੀ ਅਪਰਾਧੀ ਆਦਮੀ ਸਿੱਖ ਲੜਕੀਆਂ ਨੂੰ ਟਾਰਗੇਟ ਕਰ ਰਹੇ ਹਨ ਅਤੇ ਅਕਸਰ ਟਰਬਨ ਜਾਂ ਕੜਾ ਪਾ ਕੇ ਸਿੱਖ ਵਾਂਗੂ ਵਿਖਾਈ ਦਿੰਦੇ ਹਨ ਤਾਂ ਜੋ ਭਰੋਸਾ ਬਣੇ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਗਰੂਮਿੰਗ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ 10 ਹਜ਼ਾਰ ਪੌਂਡ ਵਾਲੀ ਆਫਰ ਵਾਲਾ ਕੋਈ ਪੁਖਤਾ ਕੇਸ ਧਿਆਨ ਵਿੱਚ ਨਹੀਂ ਆਇਆ। ਸਿੱਖ ਅਵੇਅਰਨੈੱਸ ਸੁਸਾਇਟੀ ਯੂਕੇ ਦੇ ਮੋਹਨ ਸਿੰਘ ਨੇ ਦੱਸਿਆ ਕਿ 20 ਸਾਲ ਪਹਿਲਾਂ ਵੀ ਅਜਿਹੇ ਪਰਚੇ ਵੰਡੇ ਗਏ ਸਨ ਪਰ ਹੁਣ ਅਜਿਹਾ ਕੋਈ ਮਾਮਲਾ ਨਹੀਂ ਮਿਲਿਆ। ਉਹਨਾਂ ਨੇ ਅਪੀਲ ਕੀਤੀ ਕਿ ਜੇ ਕਿਸੇ ਕੋਲ ਜਾਣਕਾਰੀ ਹੈ ਤਾਂ ਪੁਲਿਸ ਨੂੰ ਦੱਸੋ ਤਾਂ ਕਾਰਵਾਈ ਹੋ ਸਕੇ।
ਬ੍ਰਿਟਿਸ਼ ਸਰਕਾਰ ਨੇ ਗਰੂਮਿੰਗ ਗੈਂਗਾਂ 'ਤੇ ਨਵੀਂ ਜਾਂਚ ਸ਼ੁਰੂ ਕੀਤੀ ਹੈ। ਜਨਵਰੀ 2026 ਵਿੱਚ ਹੋਮ ਆਫਿਸ ਨੇ ਇੱਕ ਪੈਨਲ ਬਣਾਇਆ ਸੀ ਜੋ ਇਹ ਵੇਖੇਗਾ ਕਿ ਕੀ ਇਸਲਾਮਿਕ ਡਾਕਟਰੀਨ ਨੇ ਇਹਨਾਂ ਅਪਰਾਧਾਂ ਵਿੱਚ ਕੀ ਭੂਮਿਕਾ ਨਿਭਾਈ ਹੈ। ਪਹਿਲਾਂ ਵੀ ਕਈ ਰਿਪੋਰਟਾਂ ਆਈਆਂ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਅਪਰਾਧੀ ਜ਼ਿਆਦਾਤਰ ਮੁਸਲਿਮ ਹਨ ਪਰ ਰੇਸਿਜ਼ਮ ਦੇ ਡਰ ਕਾਰਨ ਇਸ ਨੂੰ ਛੁਪਾਇਆ ਗਿਆ ਸੀ। ਸਿੱਖ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਜਾਂਚ ਵਿੱਚ ਉਨ੍ਹਾਂ ਦੀ ਆਵਾਜ਼ ਸ਼ਾਮਲ ਹੋਵੇ ਅਤੇ ਸਿੱਖ ਵਿਕਟਿਮਾਂ ਦੇ ਕੇਸ ਰਿਕਾਰਡ ਕੀਤੇ ਜਾਣ। ਸਿੱਖ ਯੂਥ ਯੂਕੇ ਨੇ ਆਪਣੀ ਨੈਸ਼ਨਲ ਇਨਕੁਆਰੀ ਸ਼ੁਰੂ ਕੀਤੀ ਹੈ।
ਸਿਖ ਆਗੂਆਂ ਦਾ ਮੰਨਣਾ ਹੈ ਕਿ ਸਿੱਖ ਭਾਈਚਾਰੇ ਨੂੰ ਵੀ ਆਪਣੀਆਂ ਧੀਆਂ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਔਨਲਾਈਨ ਖਤਰੇ, ਰਿਸ਼ਤਿਆਂ ਵਿੱਚ ਮੈਨੀਪੁਲੇਸ਼ਨ ਅਤੇ ਗਰੂਮਿੰਗ ਦੇ ਲੱਛਣਾਂ ਬਾਰੇ ਜਾਗਰੂਕਤਾ ਵਧਾਉਣੀ ਚਾਹੀਦੀ ਹੈ। ਗੁਰਦੁਆਰੇ ਅਤੇ ਸਿੱਖ ਸੰਸਥਾਵਾਂ ਨੂੰ ਵਿਸ਼ੇਸ਼ ਪ੍ਰੋਗਰਾਮ ਚਲਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਆਪਣੇ ਆਪ ਨੂੰ ਬਚਾ ਸਕਣ। ਬ੍ਰਿਟਿਸ਼ ਸਰਕਾਰ ਅਤੇ ਪੁਲਿਸ ਨੂੰ ਨਿਰਪੱਖ ਅਤੇ ਤੇਜ਼ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਅਪਰਾਧੀਆਂ ਨੂੰ ਸਜ਼ਾ ਮਿਲੇ ਅਤੇ ਭਾਈਚਾਰੇ ਵਿੱਚ ਡਰ ਖਤਮ ਹੋਵੇ।
ਇਹ ਸਮੱਸਿਆ ਸਿਰਫ਼ ਸਿੱਖ ਭਾਈਚਾਰੇ ਤੱਕ ਸੀਮਤ ਨਹੀਂ। ਹਜ਼ਾਰਾਂ ਬ੍ਰਿਟਿਸ਼ ਲੜਕੀਆਂ (ਜ਼ਿਆਦਾਤਰ ਵਾਈਟ, ਵਰਕਿੰਗ ਕਲਾਸ) ਨੂੰ ਵੀ ਇਹਨਾਂ ਗੈਂਗਾਂ ਨੇ ਸ਼ਿਕਾਰ ਬਣਾਇਆ ਹੈ। ਪਰ ਸਿੱਖ ਲੜਕੀਆਂ ਨੂੰ ਖਾਸ ਟਾਰਗੇਟ ਕਰਨ ਦਾ ਕਾਰਨ ਧਰਮੀ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਨੂੰ ਮੰਨਿਆ ਜਾ ਰਿਹਾ ਹੈ। ਇਹ ਮਾਮਲਾ ਨਾ ਸਿਰਫ਼ ਇੱਕ ਭਾਈਚਾਰੇ ਦਾ ਹੈ ਬਲਕਿ ਪੂਰੇ ਸਮਾਜ ਅਤੇ ਕਾਨੂੰਨ ਦੀ ਸੁਰੱਖਿਆ ਦਾ ਹੈ। ਜੇ ਅਜਿਹੇ ਅਪਰਾਧ ਚੱਲ ਰਹੇ ਹਨ ਤਾਂ ਉਨ੍ਹਾਂ ਨੂੰ ਰੋਕਣਾ ਸਭ ਦਾ ਫਰਜ਼ ਹੈ। ਧੀਆਂ ਦੀ ਸੁਰੱਖਿਆ ਬਿਨਾਂ ਕਿਸੇ ਭੇਦਭਾਵ ਦੇ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਜੇ ਦਾਅਵੇ ਝੂਠੇ ਹਨ ਤਾਂ ਸੱਚ ਸਾਹਮਣੇ ਆਵੇ ਅਤੇ ਜੇ ਸੱਚ ਹਨ ਤਾਂ ਸਖਤ ਕਾਰਵਾਈ ਹੋਵੇ।