ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਮੁੜ ਝੰਬੇ ਪੱਗਾਂ ਲੱਥੀਆਂ, ਗ੍ਰਿਫਤਾਰੀ ਮਗਰੋਂ ਬੇਰੁਜ਼ਗਾਰ ਰਿਹਾਅ

ਦਲਜੀਤ ਕੌਰ

ਸੰਗਰੂਰ,  : ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਪਿਛਲੇ 89 ਦਿਨਾਂ ਤੋਂ ਲਗਾਤਾਰ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਖਿੱਚ ਧੂਹ ਵਿੱਚ ਕੁਝ ਬੇਰੁਜ਼ਗਾਰਾਂ ਦੀਆਂ ਪੱਗਾਂ ਲੱਥ ਗਈਆਂ। ਕੁੱਝ ਦੇ ਕੱਪੜੇ ਪਾਟ ਗਏ। ਉਧਰ ਸੁਖਵਿੰਦਰ ਢਿੱਲਵਾਂ ਸਮੇਤ ਕੁਝ ਬੇਰੁਜ਼ਗਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਅੱਧੀ ਦਰਜਨ ਕਰੀਬ ਥਾਣੇ ਡੱਕ ਦਿੱਤਾ ਸੀ। ਪ੍ਰੰਤੂ ਬੇਰੁਜ਼ਗਾਰਾਂ ਦੀ ਜਿੱਦ ਅੱਗੇ ਬਿਨਾ ਸ਼ਰਤ ਰਿਹਾਅ ਕਰਨਾ ਪਿਆ। ਅੱਜ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਸਥਾਨਕ ਮੁੱਖ ਮੰਤਰੀ ਦੀ ਕੋਠੀ ਮਨਾਉਣ ਜਾ ਰਹੇ ਅਤੇ ਸਿੱਖਿਆ/ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਦੀ ਮੰਗ ਕਰਦੇ ਬੇਰੁਜ਼ਗਾਰਾਂ ਨੇ ਸਥਾਨਕ ਵੇਰਕਾ ਮਿਲਕ ਪਲਾਂਟ ਰੋਸ ਮਾਰਚ ਕਰਕੇ ਜਿਉਂ ਹੀ ਮੁੱਖ ਮੰਤਰੀ ਵੱਲ ਵਧਣਾ ਚਾਹਿਆ ਤਾਂ ਕੋਠੀ ਨੇੜੇ ਮੁੱਖ ਉੱਤੇ ਲੱਗੀਆਂ ਰੋਕਾਂ ਨੇੜੇ ਵੱਡੀ ਗਿਣਤੀ ਵਿਚ ਤਾਇਨਾਤ ਪੁਲਿਸ ਫੋਰਸ ਬੇਰੁਜ਼ਗਾਰਾਂ ਨੂੰ ਰੋਕ ਲਿਆ। ਜਿੱਥੇ ਖ਼ੂਬ ਖਿੱਚ ਧੂਹ ਹੋਈ ਅਤੇ ਬੇਰੁਜ਼ਗਾਰਾਂ ਕੋਲ ਚੁੱਕੀਆਂ ਸ਼ਹੀਦ ਭਗਤ, ਰਾਜਗੁਰੂ ਅਤੇ ਸੁਖਦੇਵ ਦੀਆਂ ਫੋਟੋਆਂ ਵੀ ਪਾਟ ਗਈਆਂ।


ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ, ਹਰਜਿੰਦਰ ਝੁਨੀਰ, ਗਗਨਦੀਪ ਕੌਰ ਗਰੇਵਾਲ, ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਯੂਨੀਅਨ ਦੇ ਜਸਵੰਤ ਸਿੰਘ ਘੁਬਾਇਆ, ਸਰੀਰਕ ਸਿੱਖਿਆ ਮਾਸਟਰ ਅਤੇ ਲੈਕਚਰਾਰ ਕੇਡਰ ਦੇ ਰਮਨਦੀਪ ਸਿੰਘ, ਆਰਟ ਐਂਡ ਕਰਾਫਟ ਯੂਨੀਅਨ ਦੇ ਰਾਕੇਸ਼ ਕੁਮਾਰ ਅਤੇ ਸੁਨੀਲ ਕੁਮਾਰ ਆਦਿ ਨੇ ਦੱਸਿਆ ਕਿ ਭਰਤੀ ਕੈਲੰਡਰ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਚਾਰ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਅਸਾਮੀ ਨਰਸਰੀ, ਈਟੀਟੀ, ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫ਼ੈਸਰ ਦੀ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ। ਇਹਨਾ ਚਾਰ ਸਾਲਾਂ ਵਿੱਚ ਹਜ਼ਾਰਾਂ ਬੇਰੁਜ਼ਗਾਰ ਉਮਰ ਹੱਦ ਲੰਘਾ ਚੁੱਕੇ ਹਨ, ਨਾ ਹੀ ਉਮਰ ਹੱਦ ਛੋਟ ਦਿੱਤੀ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਨਹੀਂ ਕੀਤੀ, ਆਰਟ ਕਰਾਫਟ ਦੀਆਂ ਪੋਸਟਾਂ ਦਾ ਕੋਈ ਹੱਲ ਨਹੀਂ ਕੀਤਾ ਨਾ ਹੀ ਕੀਤੇ ਵਾਅਦੇ ਅਨੁਸਾਰ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਨਹੀਂ ਕੀਤੀਆਂ।

ਬੇਰੁਜ਼ਗਾਰ ਆਗੂਆਂ ਨੇ ਦੱਸਿਆ ਕਿ ਉੱਧਰ ਪਿਛਲੇ ਦਿਨੀਂ ਸਿੱਖਿਆ ਸਕੱਤਰ ਸ੍ਰੀਮਤੀ ਸੋਨਾਲੀ ਗਿਰੀ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ। ਇਸ ਲਈ ਬੇਰੁਜ਼ਗਾਰ ਕਰੋ ਜਾਂ ਮਰੋ ਦੀ ਨੀਤੀ ਤਹਿਤ ਸੰਘਰਸ਼ ਕਰ ਰਹੇ ਹਨ। ਉੱਧਰ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਅੱਜ ਸੂਬਾ ਕਨਵੀਨਰ ਢਿੱਲਵਾਂ ਨੇ ਦੱਸਿਆ ਕਿ ਕਾਫੀ ਖਿੱਚੋਤਾਣ ਮਗਰੋ 9 ਅਪ੍ਰੈਲ ਨੂੰ ਸਿੱਖਿਆ ਸਕੱਤਰ, ਪਰਸੋਨਲ ਸਕੱਤਰ ਅਤੇ ਸਿਹਤ ਸਕੱਤਰ ਨਾਲ ਮੀਟਿੰਗ ਦਿੱਤੀ ਗਈ।

ਇਸ ਮੌਕੇ ਅਮਨਦੀਪ ਕੌਰ, ਰਾਜਵੀਰ ਕੌਰ, ਮਨਜੀਤ ਕੌਰ, ਗੁਰਪਰੀਤ ਸਿੰਘ ਪੱਕਾ, ਸੰਦੀਪ ਮੋਫ਼ਰ, ਮੱਖਣ ਸਿੰਘ ਤੋਗਾਵਾਲ, ਮੁਨੀਸ਼ ਕੁਮਾਰ ਫਾਜ਼ਿਲਕਾ, ਜਸਪਾਲ ਕਾਂਗੜ, ਗੁਰਦੀਪ ਰਾਮਗੜ੍ਹ, ਸੁਨੀਲ ਫ਼ਾਜ਼ਿਲਕਾ, ਗੁਲਜੀਤ ਕੌਰ, ਹਰਪ੍ਰੀਤ, ਕੁਲਦੀਪ, ਨੱਛਤਰ, ਕਾਲਾ, ਮਨਜੋਤ, ਮਮਨ, ਲਵਪ੍ਰੀਤ, ਰੋਹਿਤ ਤਪਾ, ਲਖਵੀਰ ਸਿੰਘ, ਮਨਜੀਤ ਸਿੰਘ, ਵਿਪਨ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ।