ਹੋਰਮੁਜ਼ ਦੀ ਘੇਰਾਬੰਦੀ ਕਰਕੇ ਈਰਾਨ ਨੇ ਸੁਪਰਪਾਵਰ ਅਮਰੀਕਾ ਨੂੰ ਕਿਵੇਂ ਗੋਡਿਆਂ ਭਾਰ ਕੀਤਾ?

*ਟਰੰਪ ਦਾ ਫੈਸਲਾ ਕਿ ਅਮਰੀਕੀ ਫੌਜ ਅਗਲੇ ਪੰਜ ਦਿਨਾਂ ਤੱਕ ਈਰਾਨ ਦੇ ਪਾਵਰ ਪਲਾਂਟਾਂ 'ਤੇ ਕੋਈ ਹਮਲਾ ਨਹੀਂ ਕਰੇਗੀ

*ਕੀ ਪਾਕਿਸਤਾਨ ਵਿਚ ਸਮਝੋਤਾ ਹੋਵੇਗਾ

ਪੱਛਮੀ ਏਸ਼ੀਆ ਦੇ ਰਣਨੀਤਕ ਮੈਦਾਨ ਵਿੱਚ ਬੀਤੇ ਦਿਨੀਂ ਸੁਪਰ ਪਾਵਰ ਅਮਰੀਕਾ ਨੂੰ ਇਤਿਹਾਸਕ ਤੌਰ ਉਪਰ ਝਟਕਾ ਦੇਣ ਵਾਲੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਦੇ ਪਾਵਰ ਪਲਾਂਟਾਂ 'ਤੇ ਹਮਲੇ ਟਾਲਣ ਦਾ ਐਲਾਨ ਕੋਈ 'ਰਹਿਮਦਿਲੀ' ਨਹੀਂ ਸੀ, ਸਗੋਂ ਈਰਾਨੀ ਦ੍ਰਿੜਤਾ ਅੱਗੇ ਅਮਰੀਕੀ ਹੰਕਾਰ ਦੇ ਗੋਡੇ ਟੇਕਣ ਦੀ ਦਾਸਤਾਨ ਹੈ। ਜਦੋਂ ਤਹਿਰਾਨ ਨੇ ਵਿਸ਼ਵ ਦੀ ਆਰਥਿਕ ਨਬਜ਼&mdash ਹੋਰਮੁਜ਼ ਜਲਡਮਰੂਮੱਧ ਨੂੰ ਬੰਦ ਕਰਨ ਦੀ ਸਿੱਧੀ ਚੇਤਾਵਨੀ ਦਿੱਤੀ, ਤਾਂ ਅਮਰੀਕਾ ਲਈ ਅਗੇ ਜੰਗ ਲੜਨੀ ਔਖੀ ਹੋ ਗਈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਇੱਕ ਹੈਰਾਨੀਜਨਕ ਐਲਾਨ ਕਰਦਿਆਂ ਕਿਹਾ ਸੀ ਕਿ ਅਮਰੀਕੀ ਫੌਜ ਅਗਲੇ ਪੰਜ ਦਿਨਾਂ ਤੱਕ ਈਰਾਨ ਦੇ ਪਾਵਰ ਪਲਾਂਟਾਂ ਅਤੇ ਊਰਜਾ ਬੁਨਿਆਦੀ ਢਾਂਚੇ 'ਤੇ ਕੋਈ ਹਮਲਾ ਨਹੀਂ ਕਰੇਗੀ।​ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਪਿਛਲੇ ਦੋ ਦਿਨਾਂ ਤੋਂ "ਸਾਰਥਕ ਅਤੇ ਰਚਨਾਤਮਕ" ਗੱਲਬਾਤ ਹੋਈ ਹੈ। ਉਨ੍ਹਾਂ ਲਿਖਿਆ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਅਤੇ ਈਰਾਨ ਨੇ ਮੱਧ ਪੂਰਬ ਵਿੱਚ ਆਪਸੀ ਦੁਸ਼ਮਣੀ ਨੂੰ ਖਤਮ ਕਰਨ ਲਈ ਬਹੁਤ ਵਧੀਆ ਚਰਚਾ ਕੀਤੀ ਹੈ। ਗੱਲਬਾਤ ਦੇ ਸਕਾਰਾਤਮਕ ਮੂਡ ਨੂੰ ਦੇਖਦੇ ਹੋਏ, ਮੈਂ ਯੁੱਧ ਵਿਭਾਗ ਨੂੰ 5 ਦਿਨਾਂ ਲਈ ਹਮਲੇ ਮੁਲਤਵੀ ਕਰਨ ਦੇ ਨਿਰਦੇਸ਼ ਦਿੱਤੇ ਸਨ।ਟਰੰਪ ਨੇ ਸਾਫ਼ ਕੀਤਾ ਹੈ ਕਿ ਇਹ ਫੈਸਲਾ ਚੱਲ ਰਹੀਆਂ ਮੀਟਿੰਗਾਂ ਦੀ ਸਫਲਤਾ 'ਤੇ ਨਿਰਭਰ ਕਰੇਗਾ।

​ਟਰੰਪ ਦਾ 'ਟਰੂਥ ਸੋਸ਼ਲ' 'ਤੇ "ਸਕਾਰਾਤਮਕ ਗੱਲਬਾਤ" ਦਾ ਦਾਅਵਾ ਕਰਨਾ ਅਤੇ ਫਿਰ ਉਸ ਨੂੰ ਨਕਾਰਿਆ ਜਾਣਾ ਇਹ ਦਰਸਾਉਂਦਾ ਹੈ ਕਿ ਅਮਰੀਕਾ ਇਸ ਵੇਲੇ ਸਿਰਫ਼ 'ਮਨੋਵਿਗਿਆਨਕ ਜੰਗ' ਦੀ ਨੀਤੀ ਅਪਨਾ ਰਿਹਾ ਹੈ ਤਾਂ ਜੋ ਆਪਣੀ ਹਾਰ ਨੂੰ ਛੁਪਾ ਸਕੇ।

ਈਰਾਨੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਨਾਲ ਕੋਈ ਸੰਪਰਕ ਨਹੀਂ ਹੋਇਆ।ਈਰਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋ ਰਹੀ ਅਤੇ 'ਹੋਰਮੁਜ਼ ਜਲਡਮਰੂ' ਬੰਦ ਹੀ ਰਹੇਗਾ।ਈਰਾਨ ਨੇ ਸਮਝ ਲਿਆ ਹੈ ਕਿ ਟਰੰਪ ਇਹ ਨਾਟਕ ਸਿਰਫ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਅਤੇ 2026 ਦੀਆਂ ਮਿਡ-ਟਰਮ ਚੋਣਾਂ ਵਿੱਚ ਆਪਣੀ ਪਤਲੀ ਹਾਲਤ ਬਚਾਉਣ ਲਈ ਕਰ ਰਹੇ ਹਨ।

ਅਮਰੀਕਾ ਅਤੇ ਇਜ਼ਰਾਈਲ ਨੂੰ ਲੱਗੇ ਵੱਡੇ ਝਟਕੇ
​ਤਿੰਨ ਹਫ਼ਤਿਆਂ ਦੀ ਲੜਾਈ ਵਿੱਚ ਈਰਾਨ ਨੇ ਅਮਰੀਕੀ ਜੰਗੀ ਤਾਕਤ ਦਾ ਗਰੂਰ ਤੋੜ ਦਿੱਤਾ ਹੈ:

*ਅਮਰੀਕਾ ਨੂੰ ਆਪਣਾ ਮਸ਼ਹੂਰ ਜੰਗੀ ਬੇੜਾ ਜੰਗੀ ਬੇੜਾ ਅਬਰਾਹੀਮ ਲਿੰਕਨ ਮੈਦਾਨ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ।

*ਈਰਾਨ ਵੱਲੋਂ ਅਮਰੀਕੀ ਐੱਫ-35 ਜਹਾਜ਼ਾਂ ਨੂੰ ਫੁੰਡਣ ਤੋਂ ਬਾਅਦ ਕਈ ਦੇਸ਼ਾਂ ਨੇ ਇਸ ਦੀ ਖਰੀਦ ਦੇ ਸਮਝੌਤੇ ਰੱਦ ਕਰਨੇ ਸ਼ੁਰੂ ਕਰ ਦਿੱਤੇ ਹਨ।

*ਇਜ਼ਰਾਈਲ ਦੀ ਮਸ਼ਹੂਰ ਸੁਰੱਖਿਆ ਪ੍ਰਣਾਲੀ 'ਆਇਰਨ ਡੋਮ' ਈਰਾਨੀ ਮਿਜ਼ਾਈਲਾਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਤੇਲ ਅਵੀਵ ਅਤੇ ਡਿਮੋਨਾ ਵਰਗੇ ਸ਼ਹਿਰਾਂ ਵਿੱਚ ਭਾਰੀ ਤਬਾਹੀ ਹੋਈ ਹੈ।

*ਈਰਾਨ ਦੀਆਂ ਲੰਮੀ ਰੇਂਜ ਵਾਲੀਆਂ ਮਿਸਾਈਲਾਂ ਅਤੇ ਡੀਗੋ ਗਾਰਸੀਆ ਵਰਗੇ ਅੱਡਿਆਂ ਤੱਕ ਪਹੁੰਚ ਨੇ ਅਮਰੀਕੀ ਫੌਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਜੰਗ ਲੰਮੀ ਚਲੀ ਤਾਂ ਅਮਰੀਕਾ ਦੀ ਆਰਥਿਕਤਾ ਨੂੰ ਨੁਕਸਾਨ ਹੋਵੇਗਾ।

​ਰੂਸ, ਚੀਨ ਅਤੇ ਉੱਤਰੀ ਕੋਰੀਆ ਖੁੱਲ੍ਹ ਕੇ ਈਰਾਨ ਦੀ ਮਦਦ ਕਰ ਰਹੇ ਹਨ। ਇਸ ਤੋਂ ਇਲਾਵਾ ਸਪੇਨ, ਸ੍ਰੀਲੰਕਾ ਅਤੇ ਬ੍ਰਾਜ਼ੀਲ ਵਰਗੇ ਖੱਬੇ ਪੱਖੀ ਸੋਚ ਵਾਲੇ ਦੇਸ਼ਾਂ ਨੇ ਅਮਰੀਕੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ। ਸ੍ਰੀਲੰਕਾ ਨੇ ਅਮਰੀਕਾ ਨੂੰ ਆਪਣੇ ਹਵਾਈ ਅੱਡੇ ਵਰਤਣ ਤੋਂ ਸਾਫ਼ ਰੋਕ ਦਿੱਤਾ ਸੀ।

ਈਰਾਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ, ਤਾਂ ਇੱਕ ਖੇਤਰੀ ਤਾਕਤ ਵੀ ਸੁਪਰ-ਪਾਵਰ ਨੂੰ ਰਣਨੀਤੀ ਵਿੱਚ ਮਾਤ ਦੇ ਸਕਦੀ ਹੈ।

ਈਰਾਨ ਦੀ ਜੇਤੂ ਪਲੈਨਿੰਗ ਕੀ ਸੀ?

​ਈਰਾਨ ਦੀ ਅਸਲ ਜਿੱਤ ਉਸ ਦੀ ਪਲੈਨਿੰਗ ਵਿੱਚ ਛੁਪੀ ਹੈ।ਈਰਾਨ ਨੇ ਭਾਰੀ ਮਾਨਵੀ ਅਤੇ ਆਰਥਿਕ ਨੁਕਸਾਨ ਝੱਲਿਆ ਹੈ, ਉਸਦੇ ਚੋਟੀ ਦੇ ਆਗੂ ਮਾਰੇ ਗਏ ਸਨ, ਪਰ ਉੱਥੋਂ ਦੇ ਹਾਕਮ ਜਨਤਾ ਪ੍ਰਤੀ ਜਵਾਬਦੇਹ ਨਾ ਹੋਣ ਕਾਰਨ ਅਜੇ ਵੀ ਹਮਲਾਵਰ ਰੁਖ ਅਪਣਾ ਰਹੇ ਹਨ। ਦੂਜੇ ਪਾਸੇ, ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ $4 ਪ੍ਰਤੀ ਗੈਲਨ ਤੱਕ ਪਹੁੰਚਣ ਅਤੇ ਵਿਆਜ ਦਰਾਂ ਵਧਣ ਕਾਰਨ ਜਨਤਾ ਵਿੱਚ ਬੇਚੈਨੀ ਹੈ, ਜਿਸ ਦਾ ਫਾਇਦਾ ਈਰਾਨ ਉਠਾ ਰਿਹਾ ਹੈ।
ਈਰਾਨੀ ਸੈਨਾ ਨੇ ਸਪੱਸ਼ਟ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਦੇ ਊਰਜਾ ਢਾਂਚੇ 'ਤੇ ਹਮਲਾ ਹੋਇਆ, ਤਾਂ ਉਹ ਖਾੜੀ ਦੇਸ਼ਾਂ ਵਿੱਚ ਮੌਜੂਦ ਅਮਰੀਕੀ ਅਤੇ ਇਜ਼ਰਾਈਲੀ ਟਿਕਾਣਿਆਂ ਨੂੰ ਉਡਾ ਦੇਵੇਗਾ ਅਤੇ ਹੋਰਮੁਜ਼ ਜਲਡਮਰੂਮੱਧ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ।ਈਰਾਨ ਕੋਲ 'ਹੋਰਮੁਜ਼ ਜਲਡਮਰੂ' ਨੂੰ ਬੰਦ ਕਰਨ ਵਰਗੀ ਤਾਕਤ ਸੀ। ਸਸਤੇ ਡਰੋਨਾਂ ਅਤੇ ਸਮੁੰਦਰੀ ਸੁਰੰਗਾਂ ਰਾਹੀਂ ਉਹ ਵਿਸ਼ਵ ਵਪਾਰ ਨੂੰ ਬੰਧਕ ਬਣਾ ਕੇ ਅਮਰੀਕਾ 'ਤੇ ਦਬਾਅ ਪਾਇਆ ।
​ਵਿਸ਼ਵ ਦਾ 20% ਕੱਚਾ ਤੇਲ ਇਸੇ ਰਸਤੇ ਤੋਂ ਗੁਜ਼ਰਦਾ ਹੈ। ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚੱੜ੍ਹਣ ਨਾਲ ਅਮਰੀਕੀ ਆਰਥਿਕਤਾ ਡਗਮਗਾ ਗਈ । ਗੈਸ ਦੀਆਂ ਕੀਮਤਾਂ ਵਧ ਗਈਆਂ , ਇਨਫਲੇਸ਼ਨ ਵਧ ਗਈ।
​ਈਰਾਨ ਦੀਆਂ ਲੰਮੀ ਰੇਂਜ ਵਾਲੀਆਂ ਮਿਸਾਈਲਾਂ, ਡਰੋਨ ਅਤੇ ਸਾਈਬਰ ਤਾਕਤ ਅਮਰੀਕੀ ਬੇਸਾਂ ਲਈ ਖ਼ਤਰਾ ਹਨ। ਈਰਾਨ ਨੇ ਡੀਗੋ ਗਾਰਸੀਆ ਵੱਲ ਮਿਸਾਈਲਾਂ ਛੱਡੀਆਂ ਅਤੇ ਖਾੜੀ ਵਿੱਚ ਅਮਰੀਕੀ ਫਲੀਟ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕਾ ਇਸ ਘਾਤਕ ਪਲਟਵਾਰ ਤੋਂ ਚਿੰਤਤ ਸੀ।
ਟਰੰਪ ਦੀ 'ਨਰਮੀ' ਪਿੱਛੇ ਕੋਈ ਇਖ਼ਲਾਕੀ ਕਾਰਨ ਨਹੀਂ, ਸਗੋਂ 'ਚੋਣ ਗਣਿਤ' ਹੈ। 2026 ਦੀਆਂ ਮਿਡ-ਟਰਮ ਚੋਣਾਂ ਸਿਰ 'ਤੇ ਹਨ। ਅਮਰੀਕੀ ਜਨਤਾ ਇੱਕ ਹੋਰ ਮਹਿੰਗੀ ਅਤੇ ਵਡੀ ਜੰਗ ਦੇ ਵਿਰੁੱਧ ਹੈ। ਇਸ ਕਰਕੇ ਅਮਰੀਕਾ ਨੂੰ ਜੰਗ ਤੋਂ ਪਿਛੇ ਹਟਣਾ ਪਿਆ।

ਇਸ ਸੰਘਰਸ਼ ਵਿੱਚ ਅਮਰੀਕਾ ਇਕੱਲਾ ਪੈ ਗਿਆ ਸੀ। ਚੀਨ, ਰੂਸ ਅਤੇ ਇੱਥੋਂ ਤੱਕ ਕਿ ਭਾਰਤ ਵਰਗੇ ਦੇਸ਼ਾਂ ਨੇ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਆਪਣੀ ਊਰਜਾ ਸੁਰੱਖਿਆ ਨੂੰ ਅਮਰੀਕੀ ਜੰਗ ਦੀ ਭੇਟ ਨਹੀਂ ਚੜ੍ਹਾਉਣਗੇ। ਯੂਰਪੀਅਨ ਸਹਿਯੋਗੀ (ਬ੍ਰਿਟੇਨ, ਫਰਾਂਸ, ਜਰਮਨੀ) ਵੀ ਇਸ ਪੂਰਨ ਜੰਗ ਦਾ ਸਮਰਥਨ ਕਰਨ ਤੋਂ ਝਿਜਕ ਰਹੇ ਸਨ। ਸਪੇਨ ਦੇ ਪ੍ਰਧਾਨ ਮੰਤਰੀ ਦਾ ਚੀਨ ਦੌਰਾ ਅਤੇ ਅਮਰੀਕੀ ਫੌਜੀ ਅੱਡਿਆਂ ਦੀ ਵਰਤੋਂ ਤੋਂ ਇਨਕਾਰ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਦੁਨੀਆ ਹੁਣ ਅਮਰੀਕਾ ਦੇ 'ਇਕਤਰਫਾ ਜੰਗਬਾਜ਼ੀ' ਦੇ ਵਿਰੁੱਧ ਖੜ੍ਹੀ ਹੋ ਰਹੀ ਹੈ।

​ਈਰਾਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ ਅਤੇ ਰਣਨੀਤੀ ਸਹੀ ਹੋਵੇ, ਤਾਂ ਇੱਕ ਖੇਤਰੀ ਸ਼ਕਤੀ ਵੀ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਸ਼ਕਤੀ ਨੂੰ ਗੋਡਿਆਂ ਭਾਰ ਲਿਆ ਸਕਦੀ ਹੈ।

Box
ਕੀ ਅਮਰੀਕਾ-ਈਰਾਨ ਜੰਗ ਰੋਕਣ ਲਈ ਪਾਕਿਸਤਾਨ ਵਿਚੋਲਗਿਰੀ ਕਰੇਗਾ
ਇਕਨਾਮਿਕ ਟਾਈਮਜ਼ ਦੀਆਂ ਰਿਪੋਰਟਾਂ ਅਨੁਸਾਰ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਭਿਆਨਕ ਫੌਜੀ ਟਕਰਾਅ ਨੂੰ ਖ਼ਤਮ ਕਰਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਤਾਜ਼ਾ ਰਿਪੋਰਟਾਂ ਅਨੁਸਾਰ, ਪਾਕਿਸਤਾਨ ਇਸ ਵਿਵਾਦ ਨੂੰ ਸੁਲਝਾਉਣ ਲਈ ਇੱਕ ਵਿਚੋਲੇ ਵਜੋਂ ਉੱਭਰਿਆ ਦਸਿਆ ਜਾਂਦਾ ਹੈ ਅਤੇ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀ ਜਲਦੀ ਹੀ ਇਸਲਾਮਾਬਾਦ ਵਿੱਚ ਆਹਮੋ-ਸਾਹਮਣੇ ਬੈਠ ਸਕਦੇ ਹਨ।
ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਈਰਾਨੀ ਰਾਸ਼ਟਰਪਤੀ ਪੇਜ਼ੇਸ਼ਕੀਆਨ ਨਾਲ ਰਾਬਤਾ ਕਾਇਮ ਕੀਤਾ ਸੀ। ਪਾਕਿਸਤਾਨ ਤੋਂ ਇਲਾਵਾ ਤੁਰਕੀ ਅਤੇ ਮਿਸਰ ਵੀ ਇਸ ਸ਼ਾਂਤੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।
​ਤੁਰਕੀ ਦੀ ਅਨਾਦੋਲੂ ਏਜੰਸੀ ਮੁਤਾਬਕ, ਇੱਕ ਉੱਚ ਪੱਧਰੀ ਅਮਰੀਕੀ ਵਫ਼ਦ ਅਗਲੇ ਇੱਕ-ਦੋ ਦਿਨਾਂ ਵਿੱਚ ਪਾਕਿਸਤਾਨ ਪਹੁੰਚ ਸਕਦਾ ਹੈ। ਇਸ ਵਫ਼ਦ ਵਿੱਚ ਸ਼ਾਮਲ ਹੋਣ ਵਾਲੇ ਸੰਭਾਵੀ ਨਾਮ ਹਨ:​ਸਟੀਵ ਵਿਟਕਾਫ ਜ਼ੋ ਟਰੰਪ ਦੇ ਮੱਧ ਪੂਰਬ ਲਈ ਵਿਸ਼ੇਸ਼ ਦੂਤ ਹਨ,ਦੂਸਰੇ ​ਜੇਰੇਡ ਕੁਸ਼ਨਰ ਡੋਨਾਲਡ ਟਰੰਪ ਦੇ ਦਾਮਾਦ ਅਤੇ ਸਾਬਕਾ ਸਲਾਹਕਾਰ ਹਨ।
​ਹਾਲਾਂਕਿ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਈਰਾਨ ਨੂੰ ਗੱਲਬਾਤ ਦੀ ਮੇਜ਼ 'ਤੇ ਲਿਆਉਣ ਲਈ 'ਬੈਕ-ਚੈਨਲ' ਕੋਸ਼ਿਸ਼ਾਂ ਕਰ ਰਹੇ ਹਨ, ਪਰ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਅਮਰੀਕਾ ਨਾਲ ਕਿਸੇ ਵੀ ਸਿੱਧੀ ਗੱਲਬਾਤ ਦੀ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ, ਰਾਸ਼ਟਰਪਤੀ ਟਰੰਪ ਨੇ ਫਲੋਰੀਡਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ "ਬਹੁਤ ਹੀ ਸਤਿਕਾਰਤ ਈਰਾਨੀ ਅਧਿਕਾਰੀ" ਨਾਲ ਉਨ੍ਹਾਂ ਦੀ ਸਾਰਥਕ ਗੱਲਬਾਤ ਹੋਈ ਹੈ।
​Box
ਈਰਾਨ ਦੀਆਂ ਪ੍ਰਮੁੱਖ ਸ਼ਰਤਾਂ ਇਹ ਹਨ
ਈਰਾਨ, ਲੇਬਨਾਨ ਅਤੇ ਇਰਾਕ ਵਿੱਚ ਇੱਕੋ ਸਮੇਂ ਜੰਗਬੰਦੀ ਹੋਵੇ ਅਤੇ ਖੇਤਰ ਵਿੱਚੋਂ ਅਮਰੀਕੀ ਫੌਜੀ ਅੱਡੇ ਬੰਦ ਕੀਤੇ ਜਾਣ।
*ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਆਪਣੇ ਮਿਜ਼ਾਈਲ ਪ੍ਰੋਗਰਾਮ ਵਿੱਚ ਕੋਈ ਬਦਲਾਅ ਨਹੀਂ ਕਰੇਗਾ ਅਤੇ ਇਹ ਪਹਿਲਾਂ ਵਾਂਗ ਜਾਰੀ ਰਹੇਗਾ।ਪਰਮਾਣੂ ਕੇਂਦਰਾਂ 'ਤੇ ਹੋਏ ਹਮਲਿਆਂ ਦੇ ਜਵਾਬ ਵਿੱਚ ਈਰਾਨ ਨਵੀਂ ਪਰਮਾਣੂ ਨੀਤੀ ਬਣਾਏਗਾ ਅਤੇ ਯੂਰੇਨੀਅਮ ਵਿਚ ਵਾਧਾ ਕਰਨਾ ਜਾਰੀ ਰੱਖੇਗਾ।
*ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਲਈ ਈਰਾਨ ਨੇ ਭਾਰੀ ਮੁਆਵਜ਼ੇ ਦੀ ਮੰਗ ਕੀਤੀ ਹੈ। ਹੋਰਮੁਜ਼ ਜਲਡਮਰੂ ਲਈ ਇੱਕ ਨਵਾਂ ਕਾਨੂੰਨੀ ਢਾਂਚਾ ਬਣਾਉਣ ਦੀ ਮੰਗ ਰੱਖੀ ਗਈ ਹੈ।