ਅਮਰੀਕਾ ਦੇ ਟੈਕਸਾਸ ਵਿਚ ਤੇਲ ਰਿਫਾਇਨਰੀ 'ਚ ਲੱਗੀ ਭਿਆਨਕ ਅੱਗ

ਟੈਕਸਾਸ : ਅਮਰੀਕਾ ਦੇ ਟੈਕਸਾਸ ਸੂਬੇ ਦੇ ਪੋਰਟ ਆਰਥਰ ਸ਼ਹਿਰ ਵਿਚ ਸਥਿਤ ਵੈਲੇਰੋ ਆਇਲ ਰਿਫਾਇਨਰੀ ਵਿਚ ਸੋਮਵਾਰ ਰਾਤ ਵੱਡਾ ਧਮਾਕਾ ਹੋਇਆ, ਜਿਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ ਅਤੇ ਆਕਾਸ਼ ਵਿਚ ਕਾਲਾ ਧੂੰਆਂ ਫੈਲ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਆਸ-ਪਾਸ ਦੇ ਲੋਕਾਂ ਨੇ ਤੇਜ਼ ਧਮਾਕੇ ਦੀ ਆਵਾਜ਼ ਸੁਣੀ, ਜਿਸ ਨਾਲ ਉਨ੍ਹਾਂ ਦੇ ਘਰ ਹਿਲ ਗਏ। ਇਸ ਤੋਂ ਬਾਅਦ ਐਮਰਜੈਂਸੀ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ। ਇਹ ਰਿਫਾਇਨਰੀ ਰੋਜ਼ਾਨਾ ਲਗਭਗ 4.35 ਲੱਖ ਬੈਰਲ ਖਾਮ ਤੇਲ ਨੂੰ ਪ੍ਰੋਸੈੱਸ ਕਰਕੇ ਪੈਟਰੋਲ, ਡੀਜ਼ਲ ਅਤੇ ਜੈੱਟ ਫਿਊਲ ਬਣਾਉਂਦੀ ਹੈ। ਅਧਿਕਾਰੀਆਂ ਅਨੁਸਾਰ, ਇਹ ਵਿਸਫੋਟ ਇੱਕ ਹੀਟਰ ਵਿਚ ਖ਼ਰਾਬੀ ਕਾਰਨ ਹੋਇਆ।
ਘਟਨਾ ਤੋਂ ਬਾਅਦ ਸ਼ਹਿਰ ਦੇ ਪੱਛਮੀ ਹਿੱਸੇ ਵਿਚ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ, ਦਰਵਾਜ਼ੇ-ਖਿੜਕੀਆਂ ਬੰਦ ਰੱਖਣ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ, ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।