ਮੱਧ ਪੂਰਬ ਦੇ ਤਣਾਅ ਕਾਰਨ ਵਧ ਸਕਦੇ ਹਨ ਹਵਾਈ ਕਿਰਾਏ: ਇੰਡੀਗੋ

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਅੱਜ ਕਿਹਾ ਹੈ ਕਿ ਮੱਧ ਪੂਰਬ (ਮਿਡਲ ਈਸਟ) ਵਿੱਚ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧ ਰਹੇ ਟਕਰਾਅ ਕਾਰਨ ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਕੰਪਨੀ ਮੁਤਾਬਕ ਜੇਕਰ ਸੰਚਾਲਨ ਖਰਚੇ ਇਸੇ ਤਰ੍ਹਾਂ ਵਧਦੇ ਰਹੇ ਤਾਂ ਹਵਾਈ ਕਿਰਾਏ ਹੋਰ ਵਧਾਉਣੇ ਪੈਣਗੇ ਜਿਸ ਨਾਲ ਯਾਤਰੀਆਂ ਦੀ ਮੰਗ ਘਟ ਸਕਦੀ ਹੈ। ਇੰਡੀਗੋ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਏਅਰਲਾਈਨਾਂ ਲਈ ਤੇਲ ਦਾ ਖਰਚਾ ਕੁੱਲ ਲਾਗਤ ਦਾ ਲਗਪਗ 40 ਫੀਸਦੀ ਹੁੰਦਾ ਹੈ ਅਤੇ ਮੌਜੂਦਾ ਹਾਲਾਤ ਕਾਰਨ ਅੰਤਰਰਾਸ਼ਟਰੀ ਉਡਾਣਾਂ ਦੇ ਸ਼ਡਿਊਲ ਵਿੱਚ ਵੀ ਬਦਲਾਅ ਹੋ ਸਕਦਾ ਹੈ।

ਇੰਡੀਗੋ ਨੇ ਅਪਰੈਲ ਤੋਂ ਸ਼ੁਰੂ ਹੋ ਰਹੇ ਗਰਮੀਆਂ ਦੇ ਸੀਜ਼ਨ ਲਈ ਰੋਜ਼ਾਨਾ ਲਗਪਗ 2,000 ਘਰੇਲੂ ਉਡਾਣਾਂ ਚਲਾਉਣ ਦੀ ਯੋਜਨਾ ਬਣਾਈ ਹੈ ਪਰ ਅੰਤਰਰਾਸ਼ਟਰੀ ਰੂਟਾਂ 'ਤੇ ਸਥਿਤੀ ਅਜੇ ਵੀ ਅਸਪਸ਼ਟ ਹੈ। ਕੰਪਨੀ ਨੇ 14 ਮਾਰਚ ਤੋਂ ਪਹਿਲਾਂ ਹੀ ਟਿਕਟਾਂ &rsquoਤੇ 425 ਰੁਪਏ ਤੋਂ ਲੈ ਕੇ 2,300 ਰੁਪਏ ਤੱਕ ਦਾ ਫਿਊਲ ਸਰਚਾਰਜ (ਤੇਲ ਟੈਕਸ) ਲਗਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਏਅਰ ਇੰਡੀਆ ਸਮੇਤ ਹੋਰ ਕੰਪਨੀਆਂ ਵੀ ਅਜਿਹਾ ਹੀ ਕਰ ਰਹੀਆਂ ਹਨ। ਹਵਾਈ ਖੇਤਰ 'ਤੇ ਲਗਾਈਆਂ ਗਈਆਂ ਪਾਬੰਦੀਆਂ ਅਤੇ ਬੀਮਾ ਪ੍ਰੀਮੀਅਮ ਵਧਣ ਕਾਰਨ ਹਵਾਬਾਜ਼ੀ ਖੇਤਰ ਲਈ ਆਉਣ ਵਾਲੇ ਮਹੀਨੇ ਕਾਫੀ ਚੁਣੌਤੀਪੂਰਨ ਹੋ ਸਕਦੇ ਹਨ।