ਰੂਸ ਨੇ ਯੂਕਰੇਨ ’ਤੇ ਲਗਪਗ 400 ਡਰੋਨ ਦਾਗੇ

ਯੂਕਰੇਨ ਦੇ ਸ਼ਹਿਰੀ ਇਲਾਕਿਆਂ &rsquoਤੇ ਰੂਸ ਦੇ ਜ਼ੋਰਦਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 27 ਹੋਰ ਜ਼ਖ਼ਮੀ ਹੋ ਗਏ। ਮਾਸਕੋ ਦੀ ਫੌਜ ਨੇ ਯੂਕਰੇਨ ਦੀ ਮੂਹਰਲੀ ਕਤਾਰ ਦੀ ਰੱਖਿਆ ਪ੍ਰਣਾਲੀ ਨੂੰ ਤੋੜਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਿਸ ਨੂੰ ਬਸੰਤ ਰੁੱਤ ਦੇ ਸੰਭਾਵੀ ਜ਼ਮੀਨੀ ਹਮਲੇ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ।
ਯੂਕਰੇਨ ਦੀ ਹਵਾਈ ਸੈਨਾ ਅਨੁਸਾਰ, ਰੂਸ ਨੇ ਰਾਤੋ-ਰਾਤ ਲਗਪਗ 400 ਲੰਮੀ ਦੂਰੀ ਦੇ ਡਰੋਨ ਦਾਗੇ, ਜੋ ਪਿਛਲੇ ਕਈ ਹਫ਼ਤਿਆਂ ਵਿੱਚ ਸਭ ਤੋਂ ਵੱਡਾ ਹਮਲਾ ਹੈ। ਰੂਸ ਨੇ ਰਾਤ ਸਮੇਂ 23 ਕਰੂਜ਼ ਮਿਜ਼ਾਈਲਾਂ ਅਤੇ ਸੱਤ ਬੈਲਿਸਟਿਕ ਮਿਜ਼ਾਈਲਾਂ ਵੀ ਦਾਗੀਆਂ, ਜਿਨ੍ਹਾਂ ਨੇ ਦੇਸ਼ ਭਰ ਵਿੱਚ ਘੱਟੋ-ਘੱਟ 10 ਥਾਵਾਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਮੰਗਲਵਾਰ ਸਵੇਰ ਤੱਕ ਜਾਰੀ ਰਿਹਾ, ਜਿਸ ਵਿੱਚ ਦਰਜਨਾਂ ਡਰੋਨਾਂ ਨੇ ਦਿਨ ਦੀ ਰੋਸ਼ਨੀ ਵਿੱਚ ਰਾਜਧਾਨੀ ਕੀਵ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਦੀ ਵਿਚੋਲਗੀ ਵਾਲੀ ਗੱਲਬਾਤ ਦੇ ਬਾਵਜੂਦ ਕੋਈ ਰਾਹਤ ਨਹੀਂ ਮਿਲੀ ਹੈ। ਰੂਸ ਨੇ ਯੂਕਰੇਨ ਦੀ ਜੰਗਬੰਦੀ ਦੀ ਪੇਸ਼ਕਸ਼ ਨੂੰ ਨਕਾਰ ਦਿੱਤਾ ਹੈ। ਨਾਲ ਹੀ, ਹਾਲ ਹੀ ਵਿੱਚ ਇਰਾਨ ਦੀ ਜੰਗ ਕਾਰਨ ਕੌਮਾਂਤਰੀ ਧਿਆਨ ਯੂਕਰੇਨ ਦੇ ਹਾਲਾਤ ਤੋਂ ਹਟ ਗਿਆ ਹੈ।