ਮਾਣਹਾਨੀ ਕੇਸ: ਵੀਡੀਓ ਕਾਨਫਰੈਂਸਿੰਗ ਰਾਹੀਂ ਸ਼ਾਮਲ ਹੋਈ ਕੰਗਣਾ ਰਣੌਤ

ਬਠਿੰਡਾ- ਇੱਥੋਂ ਦੀ ਵਿਸ਼ੇਸ਼ ਐੱਮ ਪੀ -ਐੱਮ ਐੱਲ ਏ ਅਦਾਲਤ ਨੇ ਅੱਜ ਮੰਡੀ ਤੋਂ ਭਾਜਪਾ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਸਬੂਤ ਦਰਜ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ, ਜਿਸ ਵਿੱਚ ਇਸਤਗਾਸਾ ਪੱਖ ਦੇ ਇੱਕ ਗਵਾਹ ਤੋਂ ਜਿਰਹ ਕੀਤੀ ਗਈ।
ਕੰਗਨਾ ਵੀਡੀਓ ਕਾਨਫਰੰਸਿੰਗ ਰਾਹੀਂ ਕਾਰਵਾਈ ਵਿੱਚ ਸ਼ਾਮਲ ਹੋਈ, ਕਿਉਂਕਿ ਉਨ੍ਹਾਂ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਗਈ ਸੀ। ਸ਼ਿਕਾਇਤਕਰਤਾ ਬਜ਼ੁਰਗ ਕਿਸਾਨ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਆਰ ਐੱਸ ਬਹਿਣੀਵਾਲ ਨੇ ਦੱਸਿਆ ਕਿ ਦੋ ਗਵਾਹ &ndash ਸੁਰਜੀਤ ਸਿੰਘ (ਇੱਕ ਕਿਸਾਨ ਆਗੂ) ਅਤੇ ਜਸਵੀਰ ਸਿੰਘ (ਸ਼ਿਕਾਇਤਕਰਤਾ ਦੇ ਪਿੰਡ ਦਾ ਨਿਵਾਸੀ) &ndash ਅਦਾਲਤ ਵਿੱਚ ਪੇਸ਼ ਹੋਏ। ਜਸਵੀਰ ਸਿੰਘ, ਜਿਨ੍ਹਾਂ ਦਾ ਮੁੱਖ ਬਿਆਨ ਪਹਿਲਾਂ ਦਰਜ ਕੀਤਾ ਗਿਆ ਸੀ, ਤੋਂ ਸੁਣਵਾਈ ਦੌਰਾਨ ਜਿਰਹ ਕੀਤੀ ਗਈ।
ਦੂਜੇ ਗਵਾਹ ਸੁਰਜੀਤ ਸਿੰਘ ਦੀ ਗਵਾਹੀ ਨਹੀਂ ਹੋ ਸਕੀ ਅਤੇ ਇਸ ਨੂੰ ਅਗਲੀ ਤਰੀਕ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਜੋ ਹੁਣ 7 ਅਪਰੈਲ ਨਿਸ਼ਚਿਤ ਕੀਤੀ ਗਈ ਹੈ। ਇੱਕ ਸਬੰਧਤ ਘਟਨਾਕ੍ਰਮ ਵਿੱਚ ਅਦਾਲਤ ਨੇ ਕੰਗਨਾ ਦੇ ਪਾਸਪੋਰਟ ਨੂੰ ਸਪੁਰਦ ਕਰਨ ਬਾਰੇ ਇੱਕ ਅਰਜ਼ੀ &rsquoਤੇ ਵੀ ਵਿਚਾਰ ਕੀਤਾ। ਉਨ੍ਹਾਂ ਦੇ ਵਕੀਲ ਨੇ ਇਸ ਬੇਨਤੀ &rsquoਤੇ ਬਹਿਸ ਕਰਨ ਲਈ ਸਮਾਂ ਮੰਗਿਆ ਅਤੇ ਮਾਮਲੇ ਨੂੰ ਅਗਲੀ ਸੁਣਵਾਈ &rsquoਤੇ ਵਿਚਾਰ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਗ਼ੌਰਤਲਬ ਹੈ ਕਿ ਇਹ ਮਾਮਲਾ 2020 ਦੇ ਇੱਕ ਟਵੀਟ ਨਾਲ ਸਬੰਧਤ ਹੈ ਜਿਸ ਵਿੱਚ ਰਣੌਤ ਨੇ ਕਥਿਤ ਤੌਰ &rsquoਤੇ ਇੱਥੋਂ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਮਹਿੰਦਰ ਕੌਰ ਦੀ ਗਲਤ ਪਛਾਣ ਸ਼ਾਹੀਨ ਬਾਗ ਅੰਦੋਲਨ ਦੀ ਪ੍ਰਦਰਸ਼ਨਕਾਰੀ ਬਿਲਕਿਸ ਬਾਨੋ ਵਜੋਂ ਕੀਤੀ ਸੀ, ਅਤੇ ਅੱਗੇ ਦੋਸ਼ ਲਾਇਆ ਸੀ ਕਿ ਅਜਿਹੀਆਂ ਔਰਤਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ 100 ਰੁਪਏ ਵਿੱਚ ਉਪਲਬਧ ਸਨ। ਇਨ੍ਹਾਂ ਟਿੱਪਣੀਆਂ ਕਾਰਨ ਵਿਆਪਕ ਗੁੱਸਾ ਫੈਲ ਗਿਆ ਸੀ, ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਜਨਵਰੀ 2021 ਵਿੱਚ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ।