13 ਸਾਲ ਕੋਮਾ ਵਿੱਚ ਰਹਿਣ ਵਾਲ਼ੇ ਹਰੀਸ਼ ਰਾਣਾ ਦਾ ਦੇਹਾਂਤ, ਇੱਛਾ ਮੌਤ ਦਾ ਦੇਸ਼ ’ਚ ਪਹਿਲਾ ਮਾਮਲਾ

ਨਵੀਂ ਦਿੱਲੀ : ਪਿਛਲੇ 13 ਸਾਲਾਂ ਤੋਂ ਕੋਮਾ ਵਿੱਚ ਚੱਲ ਰਹੇ ਹਰੀਸ਼ ਰਾਣਾ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ, ਉਹ ਭਾਰਤ ਵਿੱਚ ਪੈਸਿਵ ਯੂਥਨੇਸ਼ੀਆ (ਇੱਛਾ ਮੌਤ) ਦੀ ਇਜਾਜ਼ਤ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਸਨ। ਸੁਪਰੀਮ ਕੋਰਟ ਨੇ 11 ਮਾਰਚ ਨੂੰ ਉਨ੍ਹਾਂ ਦੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦੇ ਹੋਏ ਇੱਛਾ ਮੌਤ ਦੀ ਮਨਜ਼ੂਰੀ ਦਿੱਤੀ ਸੀ।
14 ਮਾਰਚ ਨੂੰ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕੀਤਾ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। 15 ਮਾਰਚ ਨੂੰ ਉਨ੍ਹਾਂ ਦੀ ਖ਼ੁਰਾਕ ਬੰਦ ਕਰ ਦਿੱਤੀ ਗਈ ਅਤੇ 17 ਮਾਰਚ ਤੋਂ ਪਾਣੀ ਵੀ ਰੋਕ ਦਿੱਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਦਰਦ ਘਟਾਉਣ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ। ਲਗਭਗ 10 ਦਿਨ ਤੱਕ ਬਿਨਾਂ ਖਾਣ-ਪੀਣ ਦੇ ਰਹਿਣ ਤੋਂ ਬਾਅਦ, ਉਨ੍ਹਾਂ ਨੇ ਆਖਿਰਕਾਰ ਦਮ ਤੋੜ ਦਿੱਤਾ।