ਅਕਾਲੀ ਫੂਲਾ ਸਿੰਘ ਜੀ ਨੂੰ ਯਾਦ ਕਰਦਿਆਂ , ਜਥੇਦਾਰ ਅਕਾਲੀ ਫੂਲਾ ਸਿੰਘ ਜੀ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

  ਤੇਗ਼ ਦੇ ਧਨੀ, ਬਚਨ ਕੇ ਬਲੀ ਸੰਤ-ਸਿਪਾਹੀ, ਸੁਤੰਤਰ, ਨਿਰਭੈ ਅਤੇ ਨਿਰਵੈਰ ਯੋਧੇ ਅਕਾਲੀ ਬਾਬਾ ਫੂਲਾ ਸਿੰਘ ਦਾ ਜਨਮ ਇਲਾਕਾ ਬਾਂਗਰ ਦੇ ਛੋਟੇ ਜਿਹੇ ਪਿੰਡ ਸ਼ੀਹਾਂ ਵਿਖੇ ਨਿਸ਼ਾਨਾਵਾਲੀਆ ਮਿਸਲ ਦੇ ਸੇਵਾਦਾਰ ਸ. ਈਸ਼ਰ ਸਿੰਘ ਦੇ ਘਰ 1761 ਈਸਵੀ ਨੂੰ ਹੋਇਆ । ਅਕਾਲੀ ਜੀ ਦੀ ਮਾਤਾ ਵੀ ਨਾਮ ਬਾਣੀ ਨਾਲ਼ ਜੁੜੇ ਪੂਰਨ ਗੁਰਸਿੱਖ ਪਰਿਵਾਰ ਵਿੱਚੋਂ ਸਨ । ਸ. ਈਸ਼ਰ ਸਿੰਘ ਦੇ ਘਰ ਦੋ ਪੁੱਤਰ ਪੈਦਾ ਹੋਏ&mdashਫੂਲਾ ਸਿੰਘ ਅਤੇ ਸੰਤ ਸਿੰਘ । ਬਾਬਾ ਫੂਲਾ ਸਿੰਘ ਨੇ ਗ੍ਰਿਹਸਥ ਨਹੀਂ ਸੀ ਧਾਰਨ ਕੀਤਾ । ਸ. ਈਸ਼ਰ ਸਿੰਘ ਦੇ ਦੂਜੇ ਪੁੱਤਰ ਸੰਤ ਸਿੰਘ ਦੀ ਅੰਸ਼-ਵੰਸ਼ ਸ੍ਰੀ ਤਰਨ ਤਾਰਨ ਸਾਹਿਬ ਨਿਹੰਗਾਂ ਦੀ ਬਾਹੀ ਵਿੱਚ ਰਹਿੰਦੀ ਹੈ । ਬਾਬਾ ਫੂਲਾ ਸਿੰਘ ਦੇ ਪਿਤਾ ਸ. ਈਸ਼ਰ ਸਿੰਘ ਜੀ ਵੱਡੇ ਘੱਲੂਘਾਰੇ ਦੀ ਲੜਾਈ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ, ਇਲਾਜ ਕਰਨ ਦੇ ਬਾਵਜੂਦ ਵੀ ਸ. ਈਸ਼ਰ ਸਿੰਘ ਦੇ ਜ਼ਖ਼ਮ ਠੀਕ ਨਾ ਹੋ ਸਕੇ ਅਤੇ ਉਹਨਾਂ ਨੇ ਆਪਣਾ ਅੰਤਿਮ ਸਮਾਂ ਨੇੜੇ ਵੇਖ ਕੇ ਬਾਲਕ ਫੂਲਾ ਸਿੰਘ ਦੇ ਪਾਲਣ ਪੋਸ਼ਣ ਦੀ ਅਤੇ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਦਿਵਾਉਣ ਦੀ ਜ਼ਿੰਮੇਵਾਰੀ ਆਪਣੇ ਸਤਸੰਗੀ ਅਕਾਲੀ ਨਰੈਣ ਸਿੰਘ ਨੂੰ ਸੌਂਪ ਦਿੱਤੀ । ਅਕਾਲੀ ਨਰੈਣ ਸਿੰਘ ਜੀ ਮਿਸਲ ਸ਼ਹੀਦਾਂ ਦੇ ਰਤਨ ਰੂਪ ਵਜੋਂ ਜਾਣੇ ਜਾਂਦੇ ਸਨ ।
  ਅਕਾਲੀ ਬਾਬਾ ਨਰੈਣ ਸਿੰਘ ਜੀ ਨੇ ਬਾਲਕ ਫੂਲਾ ਸਿੰਘ ਜੀ ਨੂੰ ਦਸ ਕੁ ਵਰ੍ਹਿਆਂ ਦੀ ਆਯੂ ਤਕ ਹੀ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਕਰ ਦਿੱਤਾ । ਬਾਲਕ ਫੂਲਾ ਸਿੰਘ ਜੀ ਏਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਉਹਨਾਂ ਨੇ ਨਿੱਤਨੇਮ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਬਾਣੀਆਂ ਜ਼ੁਬਾਨੀ ਕੰਠ ਕਰ ਲਈਆਂ ਸਨ । ਬਾਲਕ ਫੂਲਾ ਸਿੰਘ ਨੂੰ ਬਾਣੀ ਨਾਲ਼ ਇੰਨਾ ਲਗਾਉ ਸੀ ਕਿ ਖੇਡ ਕੁੱਦ ਦੀ ਅਲਬੇਲੀ ਅਵਸਥਾ ਵਿੱਚ ਵੀ ਜਦ ਕਿਸੇ ਨੂੰ ਦਿੱਸਦੇ, ਗੁਰਬਾਣੀ ਪੜ੍ਹਦੇ ਹੀ ਦਿੱਸਦੇ । ਅਕਾਲੀ ਬਾਬਾ ਨਰੈਣ ਸਿੰਘ ਜੀ ਨੇ ਜਦੋਂ ਵੇਖਿਆ ਕਿ ਫੂਲਾ ਸਿੰਘ ਧਾਰਮਿਕ ਵਿੱਦਿਆ ਵਿੱਚ ਨਿਪੁੰਨ ਹੋ ਗਏ ਹਨ ਤਾਂ ਉਹਨਾਂ ਨੇ ਫੂਲਾ ਸਿੰਘ ਨੂੰ ਸ਼ਸਤਰ ਵਿੱਦਿਆ ਵੀ ਦੇਣੀ ਆਰੰਭ ਕਰ ਦਿੱਤੀ, ਜੋ ਉਸ ਵੇਲ਼ੇ ਹਰ ਇੱਕ ਸਿੱਖ ਬੱਚੇ ਲਈ ਅਤੀ ਜ਼ਰੂਰੀ ਹੁੰਦੀ ਸੀ । ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜ਼ੇ ਬਾਜ਼ੀ ਅਤੇ ਢਾਲ-ਤਲਵਾਰ ਦੇ ਕਰਤੱਵਾਂ ਦੀ ਵੀ ਫੂਲਾ ਸਿੰਘ ਨੇ ਦ਼੍ਰਿੜ੍ਹਤਾ ਤੇ ਦਲੇਰੀ ਨਾਲ਼ ਜਲਦੀ ਹੀ ਨਿਪੁੰਨਤਾ ਹਾਸਲ ਕਰ ਲਈ ਸੀ । ਅਕਾਲੀ ਨਰੈਣ ਸਿੰਘ ਆਪਣੇ ਸਾਰੇ ਸ਼ਸਤਰ ਵਿੱਦਿਆ ਦੇ ਵਿਦਿਆਰਥੀਆਂ ਨੂੰ ਹੋਲੇ-ਮਹੱਲੇ ਦੀ ਪਰੰਪਰਾ ਅਨੁਸਾਰ ਫ਼ਰਜ਼ੀ ਮੈਦਾਨੇ-ਜੰਗ ਵਿੱਚ ਲੈ ਜਾਂਦੇ ਅਤੇ ਸਾਰੇ ਵਿਦਿਆਰਥੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਮਸਨੂਈ ਯੁੱਧ ਕਰਵਾਉਂਦੇ । ਇਸ ਜੰਗੀ ਅਭਿਆਸ ਵਿੱਚ ਫੂਲਾ ਸਿੰਘ ਦੀ ਸ਼ਸਤਰ ਵਿੱਦਿਆ ਦੇ ਜੌਹਰ ਵੇਖ ਕੇ ਅਕਾਲੀ ਨਰੈਣ ਸਿੰਘ ਜੀ ਬਹੁਤ ਖ਼ੁਸ਼ ਹੁੰਦੇ, ਇਸ ਕਰਕੇ ਫੂਲਾ ਸਿੰਘ ਨੇ ਨਰੈਣ ਸਿੰਘ ਦੇ ਦਿਲ ਵਿੱਚ ਵਿਸ਼ੇਸ਼ ਥਾਂ ਬਣਾ ਲਈ ਸੀ ।
  ਇਹਨਾਂ ਦਿਨਾਂ ਵਿੱਚ ਹੀ ਫੂਲਾ ਸਿੰਘ ਜੀ ਦੀ ਮਾਤਾ ਦੇ ਪੌੜੀਆਂ ਤੋਂ ਡਿੱਗਣ ਨਾਲ਼ ਗੰਭੀਰ ਸੱਟਾਂ ਲੱਗ ਗਈਆਂ ਸਨ, ਜਿਸ ਕਰਕੇ ਉਹਨਾਂ ਦੇ ਬਚਣ ਦੀ ਕੋਈ ਉਮੀਦ ਨਾ ਰਹੀ, ਮਾਤਾ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਵੇਖ ਕੇ ਆਪਣੇ ਧਰਮੀ ਪੁੱਤਰ ਫੂਲਾ ਸਿੰਘ ਨੂੰ ਜੋ ਸਿੱਖਿਆ ਦਿੱਤੀ, ਬਾਬਾ ਪ੍ਰੇਮ ਸਿੰਘ ਹੋਤੀ ਨੇ ਬੜੇ ਸੁੰਦਰ ਲਫ਼ਜ਼ਾਂ ਵਿੱਚ ਹੇਠ ਲਿਖੇ ਅਨੁਸਾਰ ਦਰਜ ਕੀਤਾ ਹੈ : ਤੂੰ ਆਪਣੇ ਬਲੀ ਪਿਤਾ ਦਾ ਪੁੱਤਰ ਹੈਂ ਤੇ ਮਹਾਨ ਤੇਜੱਸਵੀ ਯੋਧੇ ਤੇਗ਼ਾਧਾਰੀ ਗੁਰੂ ਦਾ ਸਿੱਖ ਹੈਂ, ਉਹਨਾਂ ਦੇ ਹੀ ਪਾਏ ਪੂਰਨਿਆਂ ਤੇ ਤੁਰਨ ਲਈ ਤੱਤਪਰ ਰਹੀਂ ਤੇ ਆਪਣੀ ਸੰਗਤ ਦੇ ਅਪਾਰ ਗੂੜ੍ਹੇ ਰੰਗ ਨਾਲ਼ ਹੋਰ ਬਲੀ ਬੀਰ ਤੇ ਉਮੰਗੀ ਯੋਧੇ ਪੈਦਾ ਕਰੀਂ, ਜੋ ਧਰਮ, ਕੌਮ ਤੇ ਦੀਨਾਂ ਦੀ ਰਾਖੀ ਲਈ ਆਪਣਾ ਆਪ ਲਾ ਦੇਣਾ ਸਧਾਰਨ ਜਿਹੀ ਖੇਡ ਹੀ ਸਮਝਣ, ਤੂੰ ਸੱਚਿਆਈ ਨਾਲ਼ ਸਦੀਵੀ ਪਿਆਰ ਕਰੀਂ, ਸਤਿਗੁਰ ਦੀ ਬਾਣੀ ਚਿੱਤ ਧਰੀਂ, ਆਪ ਜਪੀਂ ਤੇ ਹੋਰਨਾਂ ਨੂੰ ਜਪਾਵੀਂ, ਪੰਥ ਲਈ ਜੀਣਾ, ਪੰਥ ਲਈ ਮਰਨਾ, ਧਰਮ ਦੇ ਵਾਧੇ ਅਤੇ ਪੰਥ ਦੀ ਸੇਵਾ ਵਿੱਚ ਹੀ ਆਪਣਾ ਕਲਿਆਣ ਸਮਝਣਾ । ਮੋਹ ਮਾਇਆ ਤੇ ਨਿਰਲੇਪ ਰਹਿ ਕੇ ਮਨ ਗੁਰੂ ਚਰਨਾਂ ਵਿੱਚ ਜੋੜੀ ਰੱਖਣਾ, ਤੂੰ ਸਿੱਖ ਹੈਂ, ਹੋਰ ਵਧੀਕ ਕੀ ਦੱਸਾਂ, ਬਸ ਸਿੱਖੀ ਜੀਵਨ ਬਤੀਤ ਕਰੀਂ ਤਾਂ ਕਿ ਮੇਰੀ ਕੁੱਖ ਨੂੰ ਦਾਗ਼ ਨਾ ਲੱਗੇ । ਪੁੱਤਰ ਮੈਂ ਤੈਨੂੰ ਗੁਰੂ ਦੇ ਹਵਾਲੇ ਛੱਡ ਕੇ ਜਾ ਰਹੀ ਹਾਂ ਤੇ ਏਨਾ ਆਖ ਕੇ ਮਾਤਾ ਨੇ ਸਦਾ ਲਈ ਅੱਖਾਂ ਮੀਟ ਲਈਆਂ ਅਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੀ ।
   ਆਪਣੀ ਮਾਤਾ ਦੇ ਸਸਕਾਰ ਅਤੇ ਅੰਤਿਮ ਅਰਦਾਸ ਤੋਂ ਬਾਅਦ ਧਾਰਮਿਕ ਰਸਮਾਂ ਦੀ ਸਮਾਪਤੀ ਕਰਨ ਤੋਂ ਬਾਅਦ ਫੂਲਾ ਸਿੰਘ ਪੱਕੇ ਤੌਰ ਤੇ ਅਕਾਲੀ ਨਰੈਣ ਸਿੰਘ ਦੇ ਡੇਰੇ ਤੇ ਆ ਗਏ, ਇੱਥੇ ਆ ਕੇ ਫੂਲਾ ਸਿੰਘ ਨੇ ਅਕਾਲੀ ਸ਼ਸਤਰ ਬਸਤਰ ਪਹਿਨ ਲਏ ਅਤੇ ਮਿਸਲ-ਸ਼ਹੀਦਾਂ ਵਿੱਚ ਸ਼ਾਮਲ ਹੋ ਗਏ । ਇਨ੍ਹੀਂ ਦਿਨੀਂ ਅਕਾਲੀ ਨਰੈਣ ਸਿੰਘ ਜੀ ਅਨੰਦਪੁਰ ਵਿਖੇ ਰਹਿੰਦੇ ਸਨ, ਫੂਲਾ ਸਿੰਘ ਜੀ ਨੇ ਅਕਾਲੀ ਨਰੈਣ ਸਿੰਘ ਦੇ ਜਥੇ ਨਾਲ਼ ਰਲ ਕੇ ਅਨੰਦਪੁਰ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ-ਸੰਭਾਲ਼ ਕਰਦੇ ਰਹੇ । ਫੂਲਾ ਸਿੰਘ ਜੀ ਦਾ ਜੰਗੀ ਅਭਿਆਸ, ਸ਼ੁੱਧ ਆਚਰਣ, ਧਾਰਮਿਕ ਜੋਸ਼, ਸੇਵਾ, ਸਿਮਰਨ, ਦ਼੍ਰਿੜ੍ਹਤਾ, ਤੇ ਦਲੇਰੀ ਦਾ ਜਥੇ ਵਿੱਚ ਇੰਨਾ ਪ੍ਰਭਾਵ ਵੱਧ ਗਿਆ ਕਿ ਅਕਾਲੀ ਨਰੈਣ ਸਿੰਘ ਜੀ ਤੋਂ ਬਾਅਦ ਫੂਲਾ ਸਿੰਘ ਜੀ ਜਥੇ ਦੇ ਜਥੇਦਾਰ ਥਾਪੇ ਗਏ ਅਤੇ ਇਸ ਤੋਂ ਬਾਅਦ ਆਪ ਜੀ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਨਾਂ ਨਾਲ਼ ਪ੍ਰਸਿੱਧ ਹੋਏ ਅਤੇ ਆਪਣੇ ਆਪ ਨੂੰ ਸਮੁੱਚੇ ਪੰਥ ਦਾ ਸੇਵਾਦਾਰ ਸਮਝਦੇ ਰਹੇ ।
  ਸੰਮਤ 1857 (1800 ਈਸਵੀ) ਨੂੰ ਅਕਾਲੀ ਫੂਲਾ ਸਿੰਘ ਜਥੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਅਤੇ ਆਪ ਜੀ ਨੇ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ਅੰਦਰ ਜੋ ਗੁਰਮਤਿ ਵਿਰੁੱਧ ਕੁਰੀਤੀਆਂ ਪ੍ਰਚੱਲਤ ਹੋ ਗਈਆਂ ਸਨ, ਉਹ ਬੰਦ ਕਰਵਾਈਆਂ ਅਤੇ ਗੁਰਮਤਿ ਅਨੁਸਾਰੀ ਨਵੇਂ ਿਸਿਰਉਂ ਸੇਵਾ ਸ਼ੁਰੂ ਕਰਵਾਈ । ਆਪ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅੰਮ੍ਰਿਤਸਰ ਦੇ ਸਾਰੇ ਗੁਰਦੁਆਰਿਆਂ ਅਤੇ ਸਰੋਵਰਾਂ ਦਾ ਪ੍ਰਬੰਧ ਆਪਣੀ ਨਿਗਰਾਨੀ ਹੇਠ ਕਰ ਕੇ ਸੁਧਾਰ ਕੀਤਾ । ਇਹਨਾਂ ਹੀ ਦਿਨਾਂ ਵਿੱਚ 1801 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਨੂੰ ਖ਼ਾਲਸਾ ਰਾਜ ਨਾਲ਼ ਮਿਲ਼ਾਉਣ ਲਈ ਚੜ੍ਹਾਈ ਕਰ ਦਿੱਤੀ । ਇੱਥੇ ਇਹ ਦੱਸਣਾ ਕੁਥਾਂਹ ਨਹੀਂ ਹੋਵੇਗਾ ਕਿ ਭੰਗੀਆਂ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੇ ਸਮੇਂ ਤੋਂ ਹੀ ਉਹਨਾਂ ਦੇ ਵਿਰੋਧੀ ਸਨ ਅਤੇ ਅਜੇ ਤਕ ਉਹ ਮਹਾਰਾਜਾ ਰਣਜੀਤ ਸਿੰਘ ਦੇ ਅਨੁਸਾਰੀ ਨਹੀਂ ਸੀ ਹੋਏ ।
  ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਭੰਗੀਆਂ ਮਿਸਲ ਦੇ ਸਰਦਾਰਾਂ ਤੇ ਚੜ੍ਹਾਈ ਕੀਤੀ ਤਾਂ ਲੜਾਈ ਆਰੰਭ ਹੁੰਦਿਆਂ ਹੀ ਅਕਾਲੀ ਫੂਲਾ ਸਿੰਘ ਦੋਹਾਂ ਸਿੱਖ ਫ਼ੌਜਾਂ ਦੇ ਵਿਚਕਾਰ ਹੋ ਖਲੋਤੇ ਅਤੇ ਦੋਹਾਂ ਸਿੱਖ ਸਰਦਾਰਾਂ ਨੂੰ ਘਰ ਵਿੱਚ ਲੜਨ ਤੋਂ ਮਨ੍ਹਾਂ ਕਰ ਦਿੱਤਾ । ਆਪ ਜੀ ਨੇ ਦੋਹਾਂ ਧਿਰਾਂ ਵਿੱਚ ਸੁਲ੍ਹਾ ਕਰਵਾ ਦਿੱਤੀ, ਭੰਗੀ ਸਰਦਾਰ ਰਣਜੀਤ ਸਿੰਘ ਦੇ ਅਨੁਸਾਰੀ ਹੋ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਗੁਜ਼ਾਰੇ ਲਈ ਬਹੁਤ ਸਾਰੀ ਜਾਗੀਰ ਬਖ਼ਸ਼ ਦਿੱਤੀ । ਅਕਾਲੀ ਫੂਲਾ ਸਿੰਘ ਦੀ ਦੂਰ-ਅੰਦੇਸ਼ੀ ਨੇ ਖ਼ਾਲਸਾ ਪੰਥ ਵਿੱਚ ਅਕਾਲੀ ਜੀ ਦਾ ਰੁੱਤਬਾ ਹੋਰ ਵੀ ਉੱਚਾ ਕਰ ਦਿੱਤਾ । ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਖ਼ਾਲਸਾ ਰਾਜ ਦੇ ਵਾਧੇ ਲਈ ਕਸੂਰ, ਮੁਲਤਾਨ ਅਤੇ ਕਸ਼ਮੀਰ ਨੂੰ ਖ਼ਾਲਸਾ ਰਾਜ ਵਿੱਚ ਮਿਲ਼ਾਉਣ ਲਈ ਅਕਾਲੀ ਜੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਕੀਤੀ ਜੰਗੀ ਸਹਾਇਤਾ ਦਾ ਵਿਸਥਾਰ ਿਲਿਖਆ ਜਾ ਸਕੇ । ਇੱਥੇ ਜ਼ਿਕਰਯੋਗ ਹੈ ਕਿ ਅਕਾਲੀ ਫੂਲਾ ਸਿੰਘ ਜੀ ਨੇ ਖ਼ਾਲਸਾ ਰਾਜ ਦੇ ਵਾਧੇ ਲਈ ਮਹਾਰਾਜਾ ਰਣਜੀਤ ਸਿੰਘ ਦੀ ਜੰਗੀ ਮਦਦ ਪੂਰਨ ਸੁਤੰਤਰ ਹੋ ਕੇ ਕੀਤੀ ਅਤੇ ਉਸ ਦੀ ਅਧੀਨਗੀ ਨਹੀਂ ਕਬੂਲ ਕੀਤੀ । ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮੀਰੀ-ਪੀਰੀ ਦੇ ਮਾਲਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਜਣਹਾਰ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿਧਾਂਤ ਅਤੇ ਪਰੰਪਰਾ ਨੂੰ ਕਾਇਮ ਰੱਖਿਆ ਕਿ ਸ੍ਰੀ ਅਕਾਲ ਤਖ਼ਤ ਨਾ ਮੁਗ਼ਲਾਂ ਦੀ ਦਿੱਲੀ ਹਕੂਮਤ ਦੇ ਅਧੀਨ ਹੋਇਆ ਅਤੇ ਨਾ ਹੀ ਕਿਸੇ ਸਿੱਖ ਰਾਜੇ ਦੇ ਅਧੀਨ ਹੈ, ਅਕਾਲ ਤਖ਼ਤ ਦੀ ਹੋਂਦ ਤੇ ਮਰਿਆਦਾ ਸੁਤੰਤਰ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਕ ਰੁਚੀਆਂ ਦਾ ਸੁਮੇਲ ਹੈ ।
ਅਕਾਲੀ ਫੂਲਾ ਸਿੰਘ ਜੀ ਖ਼ਾਲਸਾ ਰਾਜ ਦੇ ਉਸਰੱਈਏ ਅਤੇ ਮੱੁਦਈ ਹੋਣ ਕਰ ਕੇ ਆਪ ਜੀ ਦਾ ਮਹਾਰਾਜਾ ਰਣਜੀਤ ਸਿੰਘ ਨਾਲ਼ ਹੇਠ ਲਿਖੇ ਕਾਰਨਾਂ ਕਰ ਕੇ ਮਤਭੇਦ ਹੋ ਗਏ :
 1. ਮਹਾਰਾਜਾ ਰਣਜੀਤ ਸਿੰਘ ਦਾ ਡੋਗਰਿਆਂ ਨੂੰ ਜਿੰਮੇਵਾਰੀਆਂ ਤੇ ਅਹੁਦੇ ਦੇਣਾ ।
 2. ਮਿਸਰ ਗੰਗਾ ਰਾਮ ਦੀਆਂ ਮਨ ਭਾਉਂਦੀਆਂ ਕਾਰਵਾਈਆਂ ।
 3. ਇਸੇ ਮਿਸਰ (ਬ੍ਰਾਹਮਣ) ਦਾ ਆਪਣੇ ਸਾਕਾਂ-ਸੰਬੰਧੀਆਂ ਨੂੰ ਆਪਣੇ ਖ਼ਾਲਸਾ ਦਰਬਾਰ ਵਿੱਚ ਭਰਤੀ ਕਰ ਕੇ ਫ਼ੌਜ ਵਿੱਚ ਉੱਚੇ ਅਹੁਦਿਆਂ &rsquoਤੇ ਤਾਇਨਾਤ ਕਰਨਾ ।
 4. ਇਹਨਾਂ ਲੋਕਾਂ ਦਾ ਸ਼ਹਿਜ਼ਾਦਾ ਖੜਕ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਵਿੱਚ ਫੁੱਟ ਪੁਆਉਣ ਲਈ ਯਤਨ ਕਰਦੇ ਰਹਿਣਾ ।
 5. ਕੌਰ ਸ਼ੇਰ ਸਿੰਘ ਤੋਂ ਮਹਾਰਾਜੇ ਦਾ ਦਿਲ ਬਦਜ਼ਨ ਕਰਦੇ ਰਹਿਣਾ ।
ਇਹਨਾਂ ਗੱਲਾਂ ਕਰਕੇ ਅਤੇ ਭਵਿੱਖ ਵਿੱਚ ਖ਼ਾਲਸਾ ਰਾਜ ਦੀ ਨੀਂਹ ਕਮਜ਼ੋਰ ਹੁੰਦੀ ਵੇਖ ਕੇ ਆਪ ਇਸ ਖ਼ਤਰੇ ਨੂੰ ਅਨੁਭਵ ਕਰਕੇ ਸਿੱਧੇ ਲਾਹੌਰ ਪਹੁੰਚ ਗਏ । ਇਧਰ ਜਦ ਡੋਗਰਿਆਂ ਅਤੇ ਮਿਸਰਾਂ ਨੂੰ ਜਿਹੜੇ ਉੱਚ ਅਹੁਦੇ ਹਥਿਆਉਣ ਲਈ ਅੰਮ੍ਰਿਤ ਛਕ ਕੇ ਭੇਖੀ ਸਿੱਖ ਬਣੇ ਹੋਏ ਸਨ, ਨੂੰ ਅਕਾਲੀ ਫੂਲਾ ਸਿੰਘ ਜੀ ਦੇ ਮਹਾਰਾਜੇ ਨੂੰ ਮਿਲ਼ਣ ਲਈ ਲਾਹੌਰ ਪਹੁੰਚਣ ਦੀ ਖ਼ਬਰ ਮਿਲ਼ੀ ਤਾਂ ਇਹਨਾਂ ਭੇਖੀ ਗੱਦਾਰਾਂ ਨੇ ਐਸੀਆਂ ਚਾਲਾਂ ਚੱਲੀਆਂ ਕਿ ਕਈ ਦਿਨਾਂ ਤਕ ਅਕਾਲੀ ਫੂਲਾ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ਼ ਨਾ ਮਿਲ਼ਣ ਦਿੱਤਾ ਗਿਆ । ਅਕਾਲੀ ਫੂਲਾ ਸਿੰਘ ਇੱਕ ਦਿਨ ਬਦੋ-ਬਦੀ ਕਿਲ੍ਹੇ ਅੰਦਰ ਜਾ ਵੜੇ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਫ਼ਤਹਿ ਗਜਾਈ । ਮਹਾਰਾਜਾ ਅੱਗੋਂ ਬੜੇ ਪਿਆਰ ਤੇ ਸਤਿਕਾਰ ਨਾਲ਼ ਿਮਿਲਆ ਅਤੇ ਜਦੋਂ ਲੰਗਰ ਲਈ ਗੱਫਾ ਅੱਗੋਂ ਰੱਖਿਆ ਤਾਂ ਅਕਾਲੀ ਜੀ ਨੇ ਲੰਗਰ ਸਵੀਕਾਰ ਕਰਨ ਤੋਂ ਇਹ ਕਹਿ ਕੇ ਸੰਕੋਚ ਕੀਤਾ ਕਿ ਸਿੰਘ ਸਾਹਿਬ ਜੀ ਆਪ ਖ਼ਾਲਸਾ ਰਾਜ ਵਿੱਚ ਅਨਮਤੀਆਂ ਮਿਸਰਾਂ ਤੇ ਡੋਗਰਿਆਂ ਨੂੰ ਅਹੁਦੇ ਦੇ ਕੇ ਆਪ ਨੀਤੀ ਦੇ ਵਿਰੁੱਧ ਕੰਮ ਕਰ ਰਹੇ ਹੋ, ਇਹ ਤਰੀਕਾ ਖ਼ਾਲਸਾ ਰਾਜ ਲਈ ਬਹੁਤ ਹੀ ਹਾਨੀਕਾਰਕ ਹੈ । ਸ੍ਰੀ ਕਲਗ਼ੀਧਾਰ ਪਾਤਸ਼ਾਹ ਜੀ ਨੇ ਆਪ ਨੂੰ ਆਪਣੇ ਪਿਆਰੇ ਪੰਥ ਦਾ ਮਾਲੀ ਥਾਪਿਆ ਹੈ, ਜੇਕਰ ਆਪ ਆਪਣੇ ਇਸ ਤਰੀਕੇ ਨੂੰ ਨਹੀਂ ਬਦਲੋਗੇ ਤਾਂ ਇਹ ਸਾਡੀ ਆਪ ਜੀ ਨੂੰ ਛੇਕੜਲੀ ਫ਼ਤਹਿ ਹੈ, ਆਪ ਜਾਣੋ ਤੇ ਆਪ ਦਾ ਕੰਮ ਜਾਣੇ । ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਗੱਲਬਾਤ ਨੂੰ ਬੜੇ ਠੰਡੇ ਮਨ ਨਾਲ਼ ਸੁਣਿਆ, ਪਰ ਇਸ ਨੂੰ ਵਰਤੋਂ ਵਿੱਚ ਲਿਆਉਣ ਲਈ ਅਕਾਲੀ ਜੀ ਨੂੰ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕੇ । ਅਕਾਲੀ ਫੂਲਾ ਸਿੰਘ ਨੇ ਉਸੇ ਵੇਲ਼ੇ ਬਿਨਾਂ ਅੰਨ ਪਾਣੀ ਛਕਿਆਂ ਹੀ ਲਾਹੌਰ ਤੋਂ ਕੂਚ ਕਰ ਦਿੱਤਾ ਤੇ ਦੂਜੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚ ਗਏ ਅਤੇ ਇੱਥੋਂ ਉਸੇ ਦਿਨ 11 ਭਾਦਰੋਂ (ਸੰਮਤ 1871 ਬਿਕਰਮੀ ਨੂੰ) ਸ੍ਰੀ ਅਨੰਦਪੁਰ ਸਾਹਿਬ ਵੱਲ ਜਾਣ ਦੀ ਤਿਆਰੀ ਕਰ ਦਿੱਤੀ । ਅਕਾਲੀ ਫੂਲਾ ਸਿੰਘ ਜਦੋਂ ਸਣੇ ਅਕਾਲੀ ਜਥੇ ਦੇ ਅਨੰਦਪੁਰ ਵੱਲ ਵਧਿਆ ਤਾਂ ਅੰਗਰੇਜ਼ੀ ਵਕੀਲ ਜੋ ਕਿ ਲੁਧਿਆਣੇ ਸੀ ਬੜਾ ਘਬਰਾਇਆ, ਭਾਵੇਂ ਉਸ ਦਾ ਇਹ ਵਹਿਮ ਸੀ ਕਿ ਉਸ ਨੇ ਇਸ ਸਾਰੇ ਿਬ੍ਰਿਟਸ਼ ਏਜੰਟ ਨੂੰ ਰਿਪੋਰਟ ਭੇਜੀ, ਪਰ ਅਕਾਲੀ ਜੱਥਾ ਬਿਨਾਂ ਰੋਕ ਟੋਕ ਸਿੱਧੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ।
  ਅਕਾਲੀ ਫੂਲਾ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆਂ ਅਜੇ ਥੋੜ੍ਹੇ ਦਿਨ ਹੀ ਬੀਤੇ ਸਨ ਕਿ ਦੇਵ ਨੇਤ ਨਾਲ਼ ਸ਼ਹਿਜ਼ਾਦਾ ਪ੍ਰਤਾਪ ਸਿੰਘ ਜੀਂਦ ਦੀ ਕਈ ਰਿਆਸਤੀ ਕੰਮਾਂ ਵਿੱਚ ਸੰਮਤੀ ਭੇਦ ਦੇ ਕਾਰਨ ਸਰਕਾਰ ਨਾਲ਼ ਖਟਪਟੀ ਪੈ ਗਈ ਅਤੇ ਇਹ ਆਪਣੇ ਬਚਾਉਣ ਲਈ 16 ਅੱਸੂ, ਸੰਮਤ 1871 ਬਿਕਰਮੀ ਨੂੰ ਸਿੱਧਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਾ ਅਤੇ ਅਕਾਲੀ ਫੂਲਾ ਸਿੰਘ ਕੋਲ਼ ਪਨਾਹ ਲੈ ਲਈ, ਅਕਾਲੀ ਜੀ ਦਾ ਡੇਰਾ ਜੋ ਸਦਾ ਲੋੜਵੰਦਾਂ ਅਤੇ ਦੀਨਾਂ ਦੀ ਰੱਖਿਆ ਲਈ ਸਦਾ ਖੁੱਲ੍ਹਾ ਰਹਿੰਦਾ ਸੀ ਆਪ ਜੀ ਨੇ ਕੁੰਵਰ ਪ੍ਰਤਾਪ ਸਿੰਘ ਨੂੰ ਆਪਣੇ ਕੋਲ਼ ਠਹਿਰਾ ਲਿਆ, ਜਦੋਂ ਇਸ ਗੱਲ ਦਾ ਅੰਗਰੇਜ਼ੀ ਏਜੰਟ ਨੂੰ ਪਤਾ ਲੱਗਾ ਤਾਂ ਉਹਨਾਂ ਅਕਾਲੀ ਜੀ ਤੋਂ ਕੁੰਵਰ ਪ੍ਰਤਾਪ ਸਿੰਘ ਦੀ ਮੰਗ ਕੀਤੀ, ਪਰ ਅਕਾਲੀ ਜੀ ਨੇ ਇਹ ਆਖ ਕੇ ਏਜੰਟ ਵਾਪਸ ਭੇਜ ਦਿੱਤਾ ਕਿ ਅਸੀਂ ਪ੍ਰਤਾਪ ਸਿੰਘ ਨੂੰ ਤੇਰੇ ਹਵਾਲੇ ਨਹੀਂ ਕਰ ਸਕਦੇ, ਕਿਉਂਕਿ ਗੁਰੂ ਦਾ ਦਰ ਸਭ ਲਈ ਖੁੱਲ੍ਹਾ ਹੈ, ਆਏ ਨੂੰ ਅਸੀਂ ਕੱਢਦੇ ਨਹੀਂ ਅਤੇ ਜਾਂਦੇ ਨੂੰ ਰੋਕਦੇ ਨਹੀਂ । ਅਕਾਲੀ ਜੀ ਦਾ ਜਵਾਬ ਸੁਣ ਕੇ ਅੰਗਰੇਜ਼ੀ ਏਜੰਟ ਨੇ ਸਤੰਬਰ ਸੰਨ 1814 ਖ਼ਾਲਸਾ ਸਰਕਾਰ ਨੂੰ ਿਲਿਖਆ ਕਿ ਅਕਾਲੀ ਫੂਲਾ ਸਿੰਘ ਅੰਗਰੇਜ਼ੀ ਇਲਾਕੇ ਵਿੱਚ ਗੜਬੜ ਕਰਨ ਲਈ ਆਇਆ ਹੈ, ਇਸ ਕਰਕੇ ਇਸ ਨੂੰ ਆਪਣੇ ਇਲਾਕੇ ਵਿੱਚ ਮੰਗਵਾ ਲਵੋ । ਅੰਗਰੇਜ਼ੀ ਏਜੰਟ ਦੀ ਇਹ ਚਿੱਠੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਪੜ੍ਹੀ ਤਾਂ ਉਹਨਾਂ ਨੇ ਇੱਕ ਡੂੰਘੀ ਸਾਜ਼ਿਸ਼ ਕਰਕੇ ਅਕਾਲੀ ਫੂਲਾ ਸਿੰਘ ਨੂੰ ਅੰਗਰੇਜ਼ਾਂ ਅਤੇ ਮਹਾਰਾਜੇ ਵਿੱਚ ਫੁੱਟ ਪਾਉਣ ਵਾਲ਼ਾ ਦੱਸ ਕੇ ਉਸ ਤੋਂ ਮਨਜ਼ੂਰੀ ਲੈ ਲਈ ਕਿ ਫਿਲੌਰ ਦੇ ਕਿਲ੍ਹੇਦਾਰ ਨੂੰ ਹੁਕਮ ਦਿੱਤਾ ਕਿ ਅਕਾਲੀ ਫੂਲਾ ਸਿੰਘ ਤੇ ਚੜ੍ਹਾਈ ਕਰ ਕੇ ਉਸ ਨੂੰ ਜਿਸ ਤਰ੍ਹਾਂ ਹੋ ਸਕੇ ਆਪਣੇ ਇਲਾਕੇ ਵਿੱਚ ਲਿਆਂਦਾ ਜਾਵੇ । ਦੀਵਾਨ ਮੋਤੀ ਰਾਮ ਇਸ ਹੁਕਮ ਅਨੁਸਾਰ ਅਕਤੂਬਰ 1814 ਨੂੰ ਮਾਖੋਵਾਲ ਦੇ ਮੈਦਾਨ ਵਿੱਚ ਮੋਤੀ ਰਾਮ ਨੇ ਜਦੋਂ ਆਪਣੀ ਫ਼ੌਜ ਨੂੰ ਅਕਾਲੀ ਫੂਲਾ ਸਿੰਘ ਨੂੰ ਫ਼ੌਜੀ ਘੇਰਾ ਪਾ ਕੇ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਤਾਂ ਮੋਤੀ ਰਾਮ ਹੱਕਾ-ਬੱਕਾ ਰਹਿ ਗਿਆ ਜਦੋਂ ਉਸ ਦੀ ਫ਼ੌਜ ਨੇ ਅੱਗੇ ਵਧਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਹਥਿਆਰ ਜ਼ਮੀਨ ਉੱਤੇ ਰੱਖ ਕੇ ਆਖਿਆ ਕਿ ਅਸੀਂ ਅਕਾਲੀ ਫੂਲਾ ਸਿੰਘ ਵਰਗੇ ਧਰਮੀ ਯੋਧੇ ਮਹਾਂਪੁਰਖ ਨੂੰ ਗ੍ਰਿਫ਼ਤਾਰ ਕਰਨ ਦੀ ਅਵੱਗਿਆ ਨਹੀਂ ਕਰ ਸਕਦੇ, ਭਾਵੇਂ ਸਾਨੂੰ ਆਪਣਾ ਸਿਰ ਵੀ ਕਿਉਂ ਨਾ ਦੇਣਾ ਪਵੇ । ਇਸ ਘਟਨਾ ਤੋਂ ਸਾਫ਼ ਜ਼ਾਹਰ ਹੋ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਜੀ ਦਾ ਆਮ ਲੋਕਾਂ ਦੇ ਦਿਲਾਂ ਵਿੱਚ ਕਿੰਨਾ ਡੂੰਘਾ ਪਿਆਰ ਸਤਿਕਾਰ ਅਤੇ ਦਬਦਬਾ ਸੀ । ਖ਼ਾਲਸਾ ਰਾਜ ਦੇ ਗੁੱਝੇ ਵੈਰੀਆਂ ਦੀ ਅਕਾਲੀ ਜੀ ਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਓਦੋਂ ਅਸਫਲ ਹੋ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀ ਅਦੁੱਤੀ ਸੂਰਮਤਾਈ ਤੇ ਕੌਮ ਵਿੱਚ ਅਮਿੱਟ ਪਿਆਰ ਵੇਖਿਆ ਤਾਂ ਉਸ ਨੇ ਉਸੀ ਵਕਤ ਫ਼ੌਜ ਨੂੰ ਵਾਪਸ ਮੁੜਨ ਲਈ ਜ਼ਰੂਰੀ ਹੁਕਮ ਭਿਜਵਾ ਦਿੱਤਾ ।
  ਇਸ ਘਟਨਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਾਹਿਬ ਬੇਦੀ ਦੀ ਡਿਊਟੀ ਲਾਈ ਕਿ ਜਿਸ ਤਰ੍ਹਾਂ ਵੀ ਹੋ ਸਕੇ ਅਕਾਲੀ ਜੀ ਨੂੰ ਸਾਡੇ ਪਾਸ ਲੈ ਕੇ ਆਓ ਅਤੇ ਸਾਡੇ ਵੱਲੋਂ ਉਹਨਾਂ ਨੂੰ ਭਰੋਸਾ ਦਿਵਾਉ ਕਿ ਜਿੱਥੋਂ ਤਕ ਹੋ ਸਕੇਗਾ ਸਹਿਜੇ ਉਹਨਾਂ ਦੀ ਇੱਛਾ ਪੂਰੀ ਕੀਤੀ ਜਾਵੇਗੀ । ਬਾਬਾ ਸਾਹਿਬ ਜੀ ਨੇ ਅਕਾਲੀ ਫੂਲਾ ਸਿੰਘ ਪਾਸ ਮਾਹਾਰਾਜਾ ਰਣਜੀਤ ਸਿੰਘ ਦਾ ਸੁਨੇਹਾ ਦੇ ਕੇ ਬੇਨਤੀ ਕੀਤੀ ਕਿ ਆਪ ਜੀ ਵਾਪਸ ਅੰਮ੍ਰਿਤਸਰ ਆ ਜਾਉ । ਅਕਾਲੀ ਫੂਲਾ ਸਿੰਘ ਜੀ ਦਾ ਕਿਸੇ ਨਾਲ਼ ਜਾਤੀ ਵੈਰ ਤਾਂ ਹੈ ਨਹੀਂ ਸੀ, ਇਸ ਕਰਕੇ ਉਹ ਵਾਪਸ ਅੰਮ੍ਰਿਤਸਰ ਸਾਹਿਬ ਪੰਥ ਦੀ ਸੇਵਾ ਲਈ ਮੁੜ ਪਏ । ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਅਕਾਲੀ ਫੂਲਾ ਸਿੰਘ ਜੀ ਦੇ ਅੰਮ੍ਰਿਤਸਰ ਪਹੁੰਚਣ ਦੀ ਖ਼ਬਰ ਮਿਲ਼ੀ ਤਾਂ ਸ਼ੇਰੇ ਪੰਜਾਬ ਉਸੇ ਵੇਲ਼ੇ ਕਈ ਨਾਮਵਾਰ ਸਰਦਾਰਾਂ ਨੂੰ ਆਪਣੇ ਨਾਲ਼ ਲੈ ਕੇ ਸ੍ਰੀ ਅੰਮ੍ਰਿਤਸਰ ਅਕਾਲੀ ਫੂਲਾ ਸਿੰਘ ਜੀ ਨੂੰ ਮਿਲ਼ਣ ਆਏ ਤੇ ਬਹੁਤ ਪ੍ਰਸੰਨ ਹੋਏ । ਸ਼ੇਰੇ ਪੰਜਾਬ ਨੇ ਲੰਗਰ ਦੀ ਜਾਗੀਰ ਵਧਾਈ ਅਤੇ ਬਹੁਤ ਸਾਰੀਆਂ ਬਾਰਕਾਂ ਬਣਵਾਉਣ ਦਾ ਹੁਕਮ ਦਿੱਤਾ, ਜਿਸ ਦਾ ਨਾਂ ਅਕਾਲੀਆਂ ਦੀ ਛਾਉਣੀ ਪ੍ਰਸਿੱਧ ਹੋਇਆ । (ਸ਼ਹਿਰ ਦੇ ਇਸ ਹਿੱਸੇ ਨੂੰ ਹੁਣ ਤਕ ਨਿਹੰਗਾਂ ਦੀ ਛਾਉਣੀ ਆਖਦੇ ਹਨ) ਉਸ ਸਮੇਂ ਅਕਾਲੀ ਫੂਲਾ ਸਿੰਘ ਪਾਸ ਅਕਾਲੀ ਸਿੰਘ ਦਲ ਵਿੱਚ 3000 ਤੋਂ ਵੱਧ ਜਵਾਨ ਤਿਆਰ-ਬਰ-ਤਿਆਰ ਰਹਿੰਦੇ ਸਨ, ਜਿਨ੍ਹਾਂ ਵਿੱਚੋਂ 1200 ਘੋੜ-ਸਵਾਰ ਅਤੇ ਬਾਕੀ ਪੈਦਲ ਜਵਾਨ ਸਨ ।
  ਖ਼ਾਲਸਾ ਰਾਜ ਦਾ ਅਟਕੋਂ ਪਾਰ ਤਕ ਝੰਡਾ ਝੁੱਲਦਾ ਸੀ, ਪਠਾਣ ਕੌਮ ਦੇ ਆਗੂਆਂ ਨੇ ਕਈ ਵਾਰੀ ਸਿੱਖਾਂ ਨਾਲ਼ ਟੱਕਰ ਲਈ ਅਤੇ ਬਹੁਤ ਬੁਰੀ ਤਰ੍ਹਾਂ ਹਾਰਦੇ ਰਹੇ । ਇਸ ਵਾਰ ਕਾਬਲ ਦਾ ਵਜ਼ੀਰ ਮੁਹੰਮਦ ਅਜ਼ੀਮ ਖ਼ਾਂ ਸਿੱਖਾਂ ਨਾਲ਼ ਆਰ-ਪਾਰ ਦੀ ਲੜਾਈ ਲੜਨਾ ਚਾਹੁੰਦਾ ਸੀ, ਉਹ ਜਨਵਰੀ 1823 ਨੂੰ ਕਾਬਲੋਂ ਤੁਰਿਆ ਤੇ ਮਾਰਚ 1823 ਨੂੰ ਦਰਿਆ ਲੁੰਡੇ ਦੇ ਕੰਢੇ ਪੇਸ਼ਗੀ ਦੇ ਮੈਦਾਨ ਵਿੱਚ ਆ ਪੁੱਜਾ । ਪਠਾਣ ਨੌਸ਼ਹਿਰੇ ਅਤੇ ਸਿੱਖ ਆਕੌੜਾ ਦੇ ਮੈਦਾਨ ਵਿੱਚ ਡੱਟ ਗਏ । ਸਿੱਖਾਂ ਨੇ 14 ਮਾਰਚ 1823 ਈ. ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਧਰਮ ਯੁੱਧ ਵਾਸਤੇ ਅਰਦਾਸਾ ਸੋਧਿਆ । ਇਸ ਅਰਦਾਸੇ ਵਿੱਚ ਮਹਾਰਾਜਾ ਰਣਜੀਤ ਸਿੰਘ, ਜੰਗੀ ਸਰਦਾਰ ਅਤੇ ਅਕਾਲੀ ਫੂਲਾ ਸਿੰਘ ਹਾਜ਼ਰ ਸਨ । ਗੁਰਮਤਾ ਸੋਧਿਆ ਗਿਆ ਕਿ ਵੈਰੀ ਉੱਤੇ ਧਾਵਾ ਬੋਲਿਆ ਜਾਵੇ । ਅਕਾਲੀ ਫੂਲਾ ਸਿੰਘ ਦਾ ਜੱਥਾ ਮੈਦਾਨੇ ਜੰਗ ਨੂੰ ਰਵਾਨਾ ਹੋ ਚੁੱਕਾ ਸੀ, ਜਦੋਂ ਸ਼ੇਰ-ਏ-ਪੰਜਾਬ ਨੂੰ ਸੂਹੀਏ ਖ਼ਬਰ ਦਿੱਤੀ ਕਿ ਪਠਾਣਾਂ ਕੋਲ਼ ਭਾਰੀ ਤੋਪਖ਼ਾਨੇ ਬੀੜੇ ਹੋਏ ਹਨ ਅਤੇ ਸਿੱਖਾਂ ਦਾ ਵੱਡਾ ਤੋਪਖ਼ਾਨਾ ਜੋ ਜਰਨੈਲ ਵੰਨਤੂਰਾ ਲੈ ਕੇ ਆ ਰਿਹਾ ਹੈ ਉਹ ਅਜੇ ਪਹੁੰਚਿਆ ਨਹੀਂ, ਇਸ ਕਰਕੇ ਅਕਾਲੀ ਫੂਲਾ ਸਿੰਘ ਨੂੰ ਅੱਗੇ ਵਧਣ ਤੋਂ ਰੋਕ ਲਿਆ ਜਾਵੇ । ਜਦੋਂ ਅਕਾਲੀ ਫੂਲਾ ਸਿੰਘ ਨੂੰ ਅੱਗੇ ਵਧਣ ਤੋਂ ਰੁਕਣ ਦਾ ਸੁਨੇਹਾ ਪਹੁੰਚਿਆ, ਤਾਂ ਅਕਾਲੀ ਫੂਲਾ ਸਿੰਘ ਨੇ ਉੱਤਰ ਦਿੱਤਾ ਕਿ ਗੁਰਮਤਾ ਅਤੇ ਅਰਦਾਸ ਕਰ ਕੇ ਰੁਕਣਾ ਗੁਰਮਤੇ ਦੀ ਮਰਿਆਦਾ ਦੀ ਉਲੰਘਣਾ ਹੈ, ਇਸ ਕਰਕੇ ਅਸੀਂ ਹਮਲਾ ਜ਼ਰੂਰ ਕਰਾਂਗੇ, ਮਹਾਰਾਜੇ ਨੂੰ ਆਪਣੇ ਤੋਪਖ਼ਾਨੇ ਉੱਤੇ ਮਾਣ ਹੈ ਸਾਨੂੰ ਗੁਰੁੂ ਦੇ ਸੋਧੇ ਅਰਦਾਸੇ ਉੱਪਰ ਮਾਣ ਹੈ । ਅਕਾਲੀ ਜੀ ਨੇ ਅੱਗੇ ਵੱਧ ਕੇ ਏਡਾ ਕਹਿਰੀ ਹੱਲਾ ਕੀਤਾ ਕਿ ਪਠਾਣਾਂ ਦੇ ਪੈਰ ਉਖੜ ਗਏ, ਅਕਾਲੀ ਫ਼ੌਜ ਨੂੰ ਅੱਗੇ ਵੱਧਦੀ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਦੂਜੀ ਫ਼ੌਜ ਨੂੰ ਵੀ ਅੱਗੇ ਵਧਣ ਦਾ ਹੁਕਮ ਦੇ ਦਿੱਤਾ । ਨੌਸ਼ਹਿਰੇ ਦੇ ਮੈਦਾਨ ਵਿੱਚ ਬੜਾ ਘਮਸਾਣ ਦਾ ਯੁੱਧ ਹੋਇਆ, ਜਿੱਤ ਖ਼ਾਲਸੇ ਦੀ ਹੋਈ, ਪਰ ਇਸ ਯੁੱਧ ਵਿੱਚ ਅਕਾਲੀ ਫੂਲਾ ਸਿੰਘ ਜੀ ਅਰਦਾਸ ਅਤੇ ਗੁਰਮਤੇ ਦੀ ਮਾਣ ਮਰਿਆਦਾ ਨੂੰ ਸਮਰਪਿਤ ਹੋ ਸ਼ਹੀਦੀ ਪਾ ਗਏ । ਅਗਲੇ ਦਿਨ 15 ਮਾਰਚ 1823 ਨੂੰ ਅਕਾਲੀ ਫੂਲਾ ਸਿੰਘ ਜੀ ਦਾ ਅੰਤਿਮ ਸਸਕਾਰ ਦਰਿਆ ਲੁੰਡੇ ਦੇ ਕੰਢੇ ਫ਼ੌਜਾਂ ਵੱਲੋਂ ਸਲਾਮੀ ਦੇ ਕੇ ਕੀਤਾ ਗਿਆ । ਸ਼ੇਰ-ਏ-ਪੰਜਾਬ ਨੇ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਓਥੇ ਸਮਾਧ ਬਣਾਉਣ ਦਾ ਹੁਕਮ ਦਿੱਤਾ ਤੇ ਨਾਲ਼ ਹੀ ਚੋਖੀ ਜਗੀਰ ਵੀ ਲਾ ਦਿੱਤੀ ।
  ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਖ਼ਾਲਸਾ ਰਾਜ ਲਈ ਸਭ ਤੋਂ ਵੱਡਾ ਦੁਖਾਂਤ ਇਹ ਵਾਪਰਿਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਰੋਕਣ ਵਾਲ਼ਾ ਨਾ ਰਿਹਾ । ਇਹ ਜਥੇਦਾਰ ਅਕਾਲੀ ਫੂਲਾ ਸਿੰਘ ਹੀ ਸੀ, ਜਿਸ ਨੇ ਮਹਾਰਾਜਾ ਰਣਜੀਤ ਨੂੰ ਮੋਰਾਂ ਦਾ ਨਾਚ ਵੇਖਣ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਕੇ ਕੋਰੜਿਆਂ ਦੀ ਸਜ਼ਾ ਸੁਣਾਈ ਸੀ । ਸਿੱਖੀ ਭੇਸ ਵਾਲ਼ੇ ਡੋਗਰਿਆਂ ਅਤੇ ਬ੍ਰਾਹਮਣਾਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਹੱਦੋਂ ਵੱਧ ਵਿਸ਼ਵਾਸ ਕਰਨ ਦਾ ਨਤੀਜਾ ਇਹ ਨਿਕਲ਼ਿਆ, ਰਣਜੀਤ ਸਿੰਘ ਦੇ ਜਿਉਂਦਿਆਂ ਹੀ ਸ. ਹਰੀ ਸਿੰਘ ਨਲੂਏ ਦੀ ਸ਼ਹੀਦੀ ਤੋਂ ਬਾਅਦ ਖ਼ਾਲਸਾ ਰਾਜ ਦਾ ਪਤਨ ਆਰੰਭ ਹੋ ਗਿਆ ਸੀ । ਕਾਸ਼ ਮਹਾਰਾਜਾ ਰਣਜੀਤ ਸਿੰਘ ਸਿੱਖੀ ਭੇਸ ਵਾਲ਼ੇ ਬ੍ਰਾਹਮਣਾਂ ਅਤੇ ਡੋਗਰਿਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਲਈ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਚਿਤਾਵਨੀ &rsquoਤੇ ਅਮਲ ਕਰ ਲੈਂਦਾ । 
-ਜਥੇਦਾਰ ਮਹਿੰਦਰ ਸਿੰਘ ਯੂ.ਕੇ.