(26, 27, 28 ਮਾਰਚ ਲਈ ਵਿਸ਼ੇਸ਼), ਖ਼ਾਲਸਾ ਸਰਕਾਰ ਦੇ ਸੰਸਥਾਪਕ ਸ਼ੇਰ-ਏ-ਪੰਜਾਬ ਨੂੰ ਰਾਜ-ਤਿਲਕ ਦੇਣ ਵਾਲੀ ਉੱਘੀ ਹਸਤੀ ਬਾਬਾ ਸਾਹਿਬ ਸਿੰਘ ਬੇਦੀ ਨੂੰ ਯਾਦ ਕਰਦਿਆਂ

-ਭਗਵਾਨ ਸਿੰਘ ਜੌਹਲ

ਇਤਿਹਾਸਕ ਜ਼ਿਕਰ ਮਿਲਦਾ ਹੈ ਕਿ ਜਦੋਂ ਸ਼ੁਕਰਚਕੀਆ ਮਿਸਲ ਦੇ ਮੁਖੀ ਸਰਦਾਰ ਮਹਾਂਸਿੰਘ ਦਾ ਅਕਾਲ ਚਲਾਣਾ ਹੁੰਦਾ ਹੈ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕੇਵਲ ਗਿਆਰਾਂ ਕੁ ਵਰ੍ਹਿਆਂ ਦੇ ਸਨ । ਸ। ਮਹਾਂਸਿੰਘ ਦੇ ਧਰਮ ਸੁਪਤਨੀ ਬੀਬੀ ਰਾਜ ਕੌਰ ਨੂੰ ਆਪਣੇ ਪਤੀ ਦੀ ਮੌਤ ਦੇ ਗ਼ਮ ਨਾਲੋਂ ਵੱਧ ਦੁੱਖ ਇਸ ਗੱਲ ਦਾ ਸੀ ਕਿ ਮੇਰਾ ਸਪੁੱਤਰ ਰਣਜੀਤ ਸਿੰਘ ਬਹੁਤ ਛੋਟੀ ਅਵਸਥਾ ਵਿੱਚ ਹੈ, ਉਹ ਮਿਸਲ ਨੂੰ ਕਿਵੇਂ ਸੰਭਾਲੇਗਾ । ਇਸ ਪੀੜ ਨੂੰ ਸੀਨੇ ਵਿੱਚ ਲੈ ਕੇ ਬੀਬੀ ਰਾਜ ਕੌਰ ਜਗਤ-ਗੁਰੂ ਧੰਨ ਗੁਰੂ ਨਾਨਕ ਦੇਵ ਜੀ ਦੀ ਅੰਸ਼-ਵੰਸ਼ ਬਾਬਾ ਸਾਹਿਬ ਸਿੰਘ ਬੇਦੀ ਪਾਸ ਊਨਾ ਸ਼ਹਿਰ (ਜੋ ਇਸ ਵਕਤ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈੱਡਕਵਾਟਰ ਹੈ) ਪੁੱਜੀ । ਬਾਬਾ ਸਾਹਿਬ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਜੀ ਦੀ 11ਵੀਂ ਅੰਸ਼-ਵੰਸ਼ ਸਨ, ਜਿਨ੍ਹਾਂ ਦਾ ਸਤਿਕਾਰ ਉਸ ਸਮੇਂ ਦਾ ਹਰ ਸਿੱਖ ਕਰਦਾ ਸੀ । ਸਾਰੀਆਂ ਰਿਆਸਤਾਂ ਦੇ ਰਾਜੇ-ਮਹਾਰਾਜੇ ਅਤੇ ਸਿੱਖ ਮਿਸਲਾਂ ਦੇ ਸਰਦਾਰ ਉਨ੍ਹਾਂ ਦੇ ਬਚਨਾਂ ਨੂੰ ਰੱਬੀ-ਫੁਰਮਾਨ ਹੀ ਮੰਨਦੇ ਸਨ । ਜਦੋਂ ਬੀਬੀ ਰਾਜ ਕੌਰ ਨੇ ਆਪਣਾ ਦੁੱਖੜਾ ਬਿਆਨ ਕੀਤਾ ਤਾਂ ਬਾਬਾ ਸਾਹਿਬ ਸਿੰਘ ਬੇਦੀ ਨੇ ਲਾਹੌਰ ਦਰਬਾਰ ਆਉਣਾ ਪ੍ਰਵਾਨ ਕਰ ਲਿਆ । ਸਰਦਾਰ ਮਹਾਂਸਿੰਘ ਨਮਿੱਤ ਰੱਖੇ ਗਏ ਪਾਠ ਦੇ ਭੋਗ ਉਪਰੰਤ ਅਰਦਾਸ ਤੋਂ ਪਿੱਛੋਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਰਕਾਰ-ਏ-ਖ਼ਾਲਸਾ ਦਾ ਰਾਜ-ਤਿਲਕ ਦਿੱਤਾ ਸੀ । ਇਹ ਕੇਵਲ ਰਸਮ ਹੀ ਨਹੀਂ ਸੀ, ਸਗੋਂ ਇਸ ਦੇ ਵਿਰੋਧ ਵਿੱਚ ਕਿਸੇ ਮਿਸਲ ਦੇ ਸਰਦਾਰ ਨੇ ਸਿਰ ਨਹੀਂ ਚੁੱਕਿਆ, ਸਗੋਂ ਗੁਰੂ ਨਾਨਕ ਸਾਹਿਬ ਦੀ ਅੰਸ਼-ਵੰਸ਼ ਵੱਲੋਂ ਕੀਤੀ ਇਸ ਰਸਮ ਨੂੰ ਸਿਰ ਝੁਕਾ ਕੇ ਪ੍ਰਵਾਨਗੀ ਦਿੱਤੀ । ਬਾਬਾ ਸਾਹਿਬ ਸਿੰਘ ਜੀ ਬੇਦੀ ਦਾ ਜਨਮ 1756 ਈ: ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਡੇਰ੍ਹਾ ਬਾਬਾ ਨਾਨਕ ਵਿਖੇ ਆਪਣੇ ਦਾਦਾ ਬਾਬਾ ਕਲਾਧਾਰੀ ਜੀ ਦੇ ਗ੍ਰਹਿ ਵਿਖੇ ਅਤੇ ਪਿਤਾ ਬਾਬਾ ਅਜੀਤ ਸਿੰਘ ਬੇਦੀ ਅਤੇ ਮਾਤਾ ਸਵਰੂਪ ਕੌਰ ਦੇ ਘਰ ਹੋਇਆ । ਬਾਬਾ ਸਾਹਿਬ ਸਿੰਘ ਬੇਦੀ ਦੇ ਦਾਦਾ ਬਾਬਾ ਕਲਾਧਾਰੀ ਜੀ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਸੱਦੇ &lsquoਤੇ ਹੀ ਸ੍ਰੀ ਅਨੰਦਪੁਰ ਸਾਹਿਬ ਨੇੜੇ ਵਸੇ ਊਨਾ ਨਗਰ ਵਿਖੇ ਪੁੱਜੇ ਸਨ । ਅੱਜ ਵੀ ਬੇਦੀ ਵੰਸ਼ ਦਾ ਇਹ ਅਸਥਾਨ ਕਿਲ੍ਹਾ ਬੇਦੀ ਸਾਹਿਬ ਕਰਕੇ ਜਾਣਿਆ ਜਾਂਦਾ ਹੈ । ਜਦੋਂ ਤੁਸੀਂ ਇਸ ਕਿਲ੍ਹੇ ਵਿਖੇ ਜਾਂਦੇ ਹੋ, ਤਾਂ ਪੁਰਾਤਨ ਕਿਲ੍ਹੇ ਵਿੱਚ ਪੁਰਾਤਨ ਬੋਹੜ ਤੇ ਬੇਰੀ ਦੇ ਦਰਖੱਤਾਂ ਦੇ ਰੂਪ ਵਿੱਚ ਸਿੱਖਾਂ ਦਾ ਪੁਰਾਤਨ ਵਿਰਸਾ ਅਤੇ ਅਤੀਤ ਹਰ ਦਰਸ਼ਕ ਨੂੰ ਆਪਣੇ ਵੱਲ ਸਹਿਜ-ਸੁਭਾਅ ਹੀ ਖਿੱਚਦਾ ਪ੍ਰਤੀਤ ਹੁੰਦਾ ਹੈ । 
ਇਤਿਹਾਸਕ ਸਰੋਤ ਦੱਸਦੇ ਹਨ ਬਾਬਾ ਸਾਹਿਬ ਸਿੰਘ ਬੇਦੀ ਨਾਲ 14 ਹਜ਼ਾਰ ਘੋੜ ਸਵਾਰ ਫੌਜ ਹਮੇਸ਼ਾ ਤਾਇਨਾਤ ਰਹਿੰਦੀ ਸੀ । ਉਨ੍ਹਾਂ ਦੀ ਰਿਆਸਤ ਦੇ ਅਧਿਕਾਰ ਖੇਤਰ ਵਿੱਚ 117 ਪਿੰਡ ਸਨ । ਜਿਸ ਵਿੱਚ ਦੁਆਬਾ ਤੇ ਦੂਨ ਦਾ ਇਲਾਕਾ ਵੀ ਸੀ । ਬਾਬਾ ਜੀ ਜੰਗ ਵਿੱਚ ਸ਼ਹੀਦ ਹੋਏ ਪਰਿਵਾਰਾਂ ਦਾ ਰੈਣ-ਬਸੇਰਾ ਇਨ੍ਹਾਂ ਪਿੰਡਾਂ ਵਿੱਚ ਹੀ ਕਰਵਾਉਂਦੇ ਸਨ । ਬਾਬਾ ਕਲਾਧਾਰੀ ਜੀ ਅਤੇ ਉਨ੍ਹਾਂ ਦੀ ਵੰਸ਼ਜ ਨੇ ਊਨਾ ਸ਼ਹਿਰ ਵਿੱਚ ਅਨੇਕਾਂ ਇਮਾਰਤਾਂ ਬਣਾਈਆਂ । ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਥੇ ਵਸਾਇਆ । ਇਕ ਅਜਿਹਾ ਸਮਾਂ ਸੀ ਜਦੋਂ ਊਨਾ ਪੰਜਾਬ ਦਾ ਅਵਲ ਦਰਜੇ ਦਾ ਸ਼ਹਿਰ ਸੀ, ਜਿਥੋਂ ਮੌਜੂਦਾ ਹਿਮਾਚਲ, ਜੰਮੂ ਕਸ਼ਮੀਰ ਤੇ ਲੇਹ-ਲਦਾਖ ਤੱਕ ਵਿਉਪਾਰ ਕੀਤਾ ਜਾਂਦਾ ਸੀ । ਜਦੋਂ ਬਾਬਾ ਸਾਹਿਬ ਸਿੰਘ ਜੀ ਊਨਾ ਸ਼ਹਿਰ ਤੋਂ ਜੰਗ-ਏ-ਮੈਦਾਨ ਵਿੱਚ ਨਿਕਲਦੇ ਸਨ ਤਾਂ ਇਸ ਸ਼ਹਿਰ ਦੀ ਪਰਿਕਰਮਾ ਕਰਕੇ ਸੁਰੱਖਿਅਕ ਕਵਚ ਬਣਾਉਂਦੇ ਸਨ, ਤਾਂ ਜੋ ਸ਼ਹਿਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਔਖੀ ਘੜੀ ਨਾ ਆਵੇ । ਅੱਜ ਵੀ ਬਾਬਾ ਜੀ ਦੀ ਯਾਦ ਵਿੱਚ ਹੋਣ ਵਾਲੇ ਗੁਰਮਤਿ ਸਮਾਗਮ ਸਮੇਂ ਊਨਾ ਸ਼ਹਿਰ ਦੀ ਪਰਿਕਰਮਾ ਕਰਦਿਆਂ ਨਗਰ ਕੀਰਤਨ ਸਜਾਇਆ ਜਾਂਦਾ ਹੈ । ਇਤਿਹਾਸਕ ਸਰੋਤਾਂ ਮੁਤਾਬਿਕ ਬਾਬਾ ਜੀ ਜਿਥੇ ਮਹਾਨ 33 ਬੇਤੇ, ਰਾਜਯੋਗੀ ਧਰਮੀ ਮਹਾਂਪੁਰਸ਼ ਸਨ, ਉਥੇ ਉਹ ਦਲੇਰ ਯੋਧੇ ਤੇ ਕੂਟਨੀਤਕ ਸ਼ਖ਼ਸੀਅਤ ਦੇ ਮਾਲਕ ਵੀ ਸਨ । ਖ਼ਾਲਸਾ ਰਾਜ ਦਾ ਮੁੱਢ ਉਨ੍ਹਾਂ ਦੇ ਯਤਨਾਂ ਨਾਲ ਬੱਝਿਆ ਸੀ । ਬਾਰਾਂ ਮਿਸਲਾਂ ਦੇ ਸਰਦਾਰਾਂ ਨੂੰ ਇਕੱਠੇ ਕਰਨਾ ਕੋਈ ਸਹਿਜ ਕਾਰਜ ਨਹੀਂ ਸੀ । 
ਊਨਾ ਦੇ ਇਸ ਇਤਿਹਾਸਕ ਕਿਲ੍ਹੇ ਦੀ ਸਥਾਪਨਾ 1784 ਈ: ਵਿੱਚ ਕੀਤੀ ਗਈ । ਜੋ ਉੱਤਰੀ ਭਾਰਤ ਦੀਆਂ 117 ਰਿਆਸਤਾਂ ਨਾਲ ਸੰਬੰਧਿਤ ਸੀ । ਸਿੱਖ ਰਾਜ ਦੇ ਪਤਨ ਪਿੱਛੋਂ ਅੰਗ੍ਰੇਜ਼ ਹਕੂਮਤ ਨੂੰ ਬਾਬਾ ਜੀ ਦੀ ਵੰਸ਼ਜ ਤੋਂ ਵੀ ਬਗਾਵਤੀ ਸੁਰਾਂ ਹੀ ਸੁਣਾਈ ਦਿੰਦੀਆਂ ਸਨ । ਇਸੇ ਕਰਕੇ ਜਦੋਂ ਬਾਬਾ ਜੀ ਦੇ ਸਪੁੱਤਰ ਬਾਬਾ ਬਿਕਰਮਾ ਸਿੰਘ ਬੇਦੀ ਵੱਲੋਂ ਅੰਗ੍ਰੇਜ਼ ਹਕੂਮਤ ਵਿਰੁੱਧ ਬਾਗੀ ਹੋਣ ਦੀ ਸੂਚਨਾ ਮਿਲੀ ਤਾਂ ਇਸ ਬੇਦੀ ਸਾਹਿਬ ਦੇ ਮਜ਼ਬੂਤ ਕਿਲ੍ਹੇ ਨੂੰ ਤੋਪਾਂ ਨਾਲ ਤਬਾਹ ਕਰ ਦਿੱਤਾ ਗਿਆ । ਜੋ ਅੱਜ ਵੀ ਇਹ ਇਤਿਹਾਸਕ ਖੰਡਰਾਂ ਦੇ ਰੂਪ ਵਿੱਚ ਅੰਗ੍ਰੇਜ਼ ਸਰਕਾਰ ਦੀ ਕੋਝੀ ਕਰਤੂਤ ਨੂੰ ਬਿਆਨ ਕਰ ਰਹੇ ਹਨ । ਇਸੇ ਕਿਲ੍ਹੇ ਅੰਦਰ ਬਾਬਾ ਜੀ ਦੇ ਮੰਝਲੇ ਸਪੁੱਤਰ ਬਾਬਾ ਤੇਗ ਸਿੰਘ ਦਾ ਸਥਾਨ ਵੀ ਮੌਜੂਦ ਹੈ । ਬਾਬਾ ਜੀ ਵੱਲੋਂ ਬਣਾਇਆ ਲੰਗਰ ਅਸਥਾਨ ਵੀ ਸਾਡੀ ਅਮੀਰ ਵਿਰਾਸਤ ਦੀ ਨਿਸ਼ਾਨੀ ਹੈ । ਇਸੇ ਊਨਾ ਸ਼ਹਿਰ ਦੇ ਹੋਰ ਇਤਿਹਾਸਕ ਸਥਾਨਾਂ ਦੀ ਗੱਲ ਕਰੀਏ ਤਾਂ ਕਿਲ੍ਹੇ ਦੇ ਦੂਜੇ ਪਾਸੇ ਬਾਬਾ ਜੀ ਦਾ ਦਮਦਮਾ ਅਸਥਾਨ ਹੈ । ਊਨਾ ਤੋਂ ਚਾਰ ਕੁ ਕਿਲੋਮੀਟਰ ਦੂਰ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਤਪ ਅਸਥਾਨ ਗੁਰਦੁਆਰਾ ਤਪੋਵਨ ਮੌਜੂਦ ਹੈ । ਇਸ ਦੇ ਨੇੜੇ ਹੀ ਬਾਬਾ ਤੇਗ ਸਿੰਘ ਦਾ ਤਪ-ਅਸਥਾਨ ਗੁ: ਬਾਰਾਂਦਰੀ ਵੀ ਮੌਜੂਦ ਹੈ । ਉਨ੍ਹਾਂ ਦੀ ਗਾਤਰੇ ਦੀ ਕ੍ਰਿਪਾਨ, ਕਟਾਰ, ਚੱਕਰੀ, ਗਾਤਰਾ, ਬਾਬਾ ਤੇਗ ਸਿੰਘ ਦਾ ਤੀਰ ਕਮਾਨ ਅਤੇ ਬਾਬਾ ਬਿਕਰਮਾ ਸਿੰਘ ਦੀ ਕ੍ਰਿਪਾਨ ਵੀ ਊਨਾ ਕਿਲ੍ਹੇ ਵਿੱਚ ਸੁਭਾਇਮਾਨ ਹੈ ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੌਜੂਦਾ ਵੰਸ਼ ਵਿੱਚੋਂ ਮਹਾਂਪੁਰਸ਼ ਬਾਬਾ ਸਰਬਜੋਤ ਸਿੰਘ ਬੇਦੀ ਨੇ 1989 ਈ: ਵਿੱਚ ਜਾਨਸ਼ੀਨ ਵਜੋਂ ਜ਼ਿੰਮੇਵਾਰੀ ਸੰਭਾਲੀ, ਬਾਬਾ ਜੀ ਨੂੰ ਸਮੁੱਚੇ ਸਿੱਖ ਜਗਤ ਵਿੱਚ ਅਤੇ ਸੰਤ ਸਮਾਜ ਵਿੱਚ ਸਤਿਕਾਰ ਦਿੱਤਾ ਜਾਂਦਾ ਹੈ । ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਿੱਚ ਊਨਾ ਸ਼ਹਿਰ ਦਾ ਵਿਕਾਸ ਨਵੀਆਂ ਤਕਨੀਕਾਂ ਨਾਲ ਹੋ ਰਿਹਾ ਹੈ । ਨਾਲ ਹੀ ਬਾਬਾ ਜੀ ਨੇ ਮਾਨਸਿਕ ਤੇ ਕਮਜ਼ੋਰ ਬੱਚਿਆਂ ਲਈ ਪ੍ਰੇਮਾਸ਼ਰਮ ਦੀ ਸਥਾਪਨਾ ਵੀ ਕੀਤੀ ਹੈ । ਇਹ ਆਸ਼ਰਮ ਸਮਾਜ ਦੇ ਇਨ੍ਹਾਂ ਬੱਚਿਆਂ ਦੀ ਦੇਖਭਾਲ ਕਰ ਰਿਹਾ ਹੈ । ਦੇਸ਼-ਵਿਦੇਸ਼ ਦੀ ਸੰਗਤ ਵੱਲੋਂ ਬਾਬਾ ਸਾਹਿਬ ਸਿੰਘ ਬੇਦੀ ਜੀ ਦੇ ਜਨਮ ਦਿਨ &lsquoਤੇ ਤਿੰਨ ਦਿਨ ਸਮਾਗਮ ਹਰ ਸਾਲ ਗੁਰਮਤਿ ਸਮਾਗਮ ਦੇ ਰੂਪ ਵਿੱਚ ਵੀ ਕੀਤੇ ਜਾਂਦੇ ਹਨ । ਮੁੱਖ ਸਮਾਗਮ ਦੇ ਦੌਰਾਨ ਨਗਰ ਕੀਰਤਨ, ਸੰਤ ਸਮਾਗਮ, ਕੀਰਤਨ ਦਰਬਾਰ ਕਰਵਾਏ ਜਾਂਦੇ ਹਨ । ਆਉ ਆਪਾਂ ਵੀ ਆਪਣੇ ਵਿਰਾਸਤੀ ਅਸਥਾਨਾਂ ਦੇ ਦਰਸ਼ਨ-ਦੀਦਾਰੇ ਕਰੀਏ ।
-ਭਗਵਾਨ ਸਿੰਘ ਜੌਹਲ