ਲੁਧਿਆਣਾ ਦੇ ਨੌਜਵਾਨ ਗਾਇਕ ਜਸਕਰਨ ਸਿੰਘ ਨੂੰ ਦੱਖਣ ਵਿੱਚ ਫਿਲਮਫੇਅਰ ਪੁਰਸਕਾਰ

ਲੁਧਿਆਣਾ: ਲੁਧਿਆਣਾ ਦੇ ਨੌਜਵਾਨ ਗਾਇਕ ਜਸਕਰਨ ਸਿੰਘ Jaskaran Singh ਨੇ ਦੱਖਣੀ ਭਾਰਤੀ ਫਿਲਮ ਇੰਡਸਟਰੀ ਵਿੱਚ ਵੱਡੀ ਉਪਲਬਧੀ ਹਾਸਿਲ ਕਰਦੇ ਹੋਏ 70ਵੇਂ ਫਿਲਮਫੇਅਰ ਆਵਾਰਡਜ਼ ਸਾਊਥ ਵਿੱਚ ਸਰਵੋਤਮ ਪਲੇਬੈਕ ਗਾਇਕ (ਪੁਰਸ਼) ਕੰਨੜ ਪੁਰਸਕਾਰ ਜਿੱਤਿਆ ਹੈ। ਇਹ ਪੁਰਸਕਾਰ ਉਸਨੂੰ ਕੰਨੜ ਫਿਲਮ ਕ੍ਰਿਸ਼ਨਮ ਪ੍ਰਣਯ ਸਖੀ ਦੇ ਹਿੱਟ ਗੀਤ &ldquoਦੁਆਪਾਰਾ&rdquo ਲਈ ਮਿਲਿਆ। ਇਸ ਉਪਲਬਧੀ ਨਾਲ ਉਸਨੇ ਦੱਖਣ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ।
ਜਸਕਰਨ ਦਾ ਸਫ਼ਰ ਆਸਾਨ ਨਹੀਂ ਸੀ। ਲਗਭਗ ਅੱਠ ਸਾਲ ਪਹਿਲਾਂ ਉਸਨੇ ਤਾਮਿਲ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈ ਕੇ ਆਪਣੀ ਪਹਿਚਾਣ ਬਣਾਈ ਅਤੇ ਫਿਰ ਦੱਖਣੀ ਭਾਰਤੀ ਸੰਗੀਤ ਉਦਯੋਗ ਵਿੱਚ ਲਗਾਤਾਰ ਮਿਹਨਤ ਕਰਦਾ ਰਿਹਾ। ਉਸਨੇ ਤਾਮਿਲ, ਤੇਲਗੂ ਅਤੇ ਕੰਨੜ ਭਾਸ਼ਾਵਾਂ ਵਿੱਚ ਗਾਣੇ ਗਾ ਕੇ ਆਪਣੀ ਵੱਖਰੀ ਪਛਾਣ ਬਣਾਈ। ਇੱਕ ਪੰਜਾਬੀ ਹੋਣ ਦੇ ਬਾਵਜੂਦ ਉਸਦੇ ਸਹੀ ਉਚਾਰਨ ਅਤੇ ਸੰਗੀਤਕ ਹੁਨਰ ਨੂੰ ਦੱਖਣ ਦੇ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ।
ਜਸਕਰਨ ਨੇ ਕਿਹਾ ਕਿ ਇਹ ਉਸਦੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ ਹੈ ਅਤੇ ਇਸ ਸਫਲਤਾ ਦਾ ਸਿਹਰਾ ਉਹ ਆਪਣੇ ਪਰਿਵਾਰ, ਗੁਰੂਆਂ ਅਤੇ ਸਖ਼ਤ ਮਿਹਨਤ ਨੂੰ ਦਿੰਦਾ ਹੈ। ਉਸਦਾ ਕਹਿਣਾ ਹੈ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ, ਇਹ ਸਿਰਫ਼ ਦਿਲਾਂ ਨੂੰ ਜੋੜਦਾ ਹੈ।