ਈਦ ਦੇ ਸੀਜ਼ਫਾਇਰ ਤੋਂ ਬਾਅਦ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ''ਤੇ ਮੁੜ ਝੜਪਾਂ, 3 ਮੌਤਾਂ

ਇਸਲਾਮਾਬਾਦ- ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ ''ਤੇ ਬੁੱਧਵਾਰ ਨੂੰ ਮੁੜ ਝੜਪਾਂ ਸ਼ੁਰੂ ਹੋ ਗਈਆਂ, ਜਿਸ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਹੈ। ਅਫਗਾਨ ਤਾਲਿਬਾਨ ਅਧਿਕਾਰੀਆਂ ਮੁਤਾਬਕ ਹਮਲੇ ਵਿੱਚ ਦੋ ਆਮ ਨਾਗਰਿਕ ਮਾਰੇ ਗਏ ਅਤੇ ਅੱਠ ਜ਼ਖ਼ਮੀ ਹੋਏ ਹਨ, ਜਦਕਿ ਪਾਕਿਸਤਾਨ ਵੱਲੋਂ ਵੀ ਇੱਕ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਦੋਨਾਂ ਦੇਸ਼ਾਂ ਨੇ ਈਦ ਮੌਕੇ ਪੰਜ ਦਿਨਾਂ ਦਾ ਅਸਥਾਈ ਸੀਜ਼ਫਾਇਰ ਕੀਤਾ ਸੀ, ਜੋ 25 ਮਾਰਚ ਨੂੰ ਖ਼ਤਮ ਹੋ ਗਿਆ। ਸੀਜ਼ਫਾਇਰ ਖ਼ਤਮ ਹੋਣ ਦੇ ਤੁਰੰਤ ਬਾਅਦ ਸਰਹੱਦੀ ਇਲਾਕਿਆਂ ਵਿੱਚ ਮੁੜ ਗੋਲੀਬਾਰੀ ਅਤੇ ਗੋਲਾਬਾਰੀ ਸ਼ੁਰੂ ਹੋ ਗਈ।
ਅਫਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਨੇ ਸਰਹੱਦੀ ਇਲਾਕਿਆਂ ''ਚ ਕਈ ਤੋਪ ਦੇ ਗੋਲੇ ਦਾਗੇ, ਜਿਸ ਦੇ ਜਵਾਬ ਵਿੱਚ ਅਫਗਾਨ ਸਰਹੱਦੀ ਬਲਾਂ ਨੇ ਵੀ ਕਾਰਵਾਈ ਕੀਤੀ। ਅਫਗਾਨਿਸਤਾਨ ਦਾ ਦਾਅਵਾ ਹੈ ਕਿ ਇਸ ਦੌਰਾਨ ਪਾਕਿਸਤਾਨ ਦੀਆਂ ਤਿੰਨ ਫੌਜੀ ਚੌਕੀਆਂ ਤਬਾਹ ਕਰ ਦਿੱਤੀਆਂ ਗਈਆਂ। ਸਰਹੱਦ ''ਤੇ ਤਣਾਅ ਫਿਰ ਵਧ ਗਿਆ ਹੈ।