ਜਾਰਜੀਆ ਵਿਚ 40 ਸਾਲ ਪਹਿਲਾਂ ਹੋਏ ਜਬਰਜਨਾਹ ਦੇ ਮਾਮਲਿਆਂ ਵਿੱਚ ਸ਼ੱਕੀ ਆਇਆ ਅੜਿਕੇ
_27Mar26081851AM.jpeg)
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਜਾਰਜੀਆ ਵਿੱਚ 1986 ਵਿਚ ਹੋਏ ਹਿੰਸਕ ਜਬਰਜਨਾਹ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਆਖਰਕਾਰ 60 ਸਾਲਾ ਸ਼ੱਕੀ ਦੋਸ਼ੀ ਨੂੰ ਕਾਬੂ ਕਰ ਲੈਣ ਦੀ ਖਬਰ ਹੈ। ਪੁਲਿਸ ਨੇ ਕਿਹਾ ਹੈ ਕਿ ਗਲੈਨ ਡੈਨੀਏਲ ਪਲਾਈਬੋਨ ਨੂੰ ਓਗਲੇਥੋਰਪੇ ਕਾਊਂਟੀ ਸਥਿੱਤ ਉਸ ਦੇ ਘਰ ਵਿਚੋਂ ਗ੍ਰਿਫਤਾਰ ਕੀਤਾ ਗਿਆ। ਜੁਰਮ ਕਰਨ ਵੇਲੇ ਸ਼ੱਕੀ ਦੋਸ਼ੀ ਦੀ ਉਮਰ 20 ਸਾਲ ਸੀ। ਲਾਰੈਂਸਵਿਲੇ ਪੁਲਿਸ ਵਿਭਾਗ ਤੇ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਾਂਝੇ ਤੌਰ ਤੇ ਉਸ ਦੀ ਗ੍ਰਿਫਤਾਰੀ ਦਾ ਐਲਾਨ ਕੀਤਾ। ਪੁਲਿਸ ਅਨੁਸਾਰ ਘਟਨਾਵਾਂ ਸਮੇ ਜਾਂਚਕਾਰਾਂ ਨੇ ਪੀੜਤਾਂ ਵੱਲੋਂ ਸ਼ੱਕੀ ਦੇ ਦੱਸੇ ਹੁਲੀਏ ਤੇ ਘਟਨਾਵਾਂ ਨੂੰ ਅੰਜਾਮ ਦੇਣ ਦੇ ਢੰਗ ਤਰੀਕੇ ਸਮੇਤ ਕਈ ਪੱਖਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਤੇ ਘਟਨਾਵਾਂ ਵਿੱਚ ਬਹੁਤ ਸਮਾਨਤਾ ਪਾਈ ਗਈ ਪਰੰਤੂ ਸ਼ੱਕੀ ਪੁਲਿਸ ਦੀ ਪਹੁੰਚ ਤੋਂ ਬਾਹਰ ਰਿਹਾ। ਹਰ ਮਾਮਲੇ ਵਿੱਚ ਸ਼ੱਕੀ ਜੁਰਮ ਕਰਨ ਤੋਂ ਬਾਅਦ ਪੁਲਿਸ ਨੂੰ ਝਕਾਨੀ ਦੇਣ ਵਿੱਚ ਕਾਮਯਾਬ ਰਿਹਾ। ਲਾਰੈਂਸਵਿਲੇ ਪੁਲਿਸ ਅਨੁਸਾਰ ਜੋ ਸੰਭਵ ਨਹੀਂ ਸੀ, ਉਹ ਤਕਨੀਕੀ ਤੇ ਵੰਸ਼ਕ੍ਰਮ ਜਾਂਚ ਦੇ ਵਿਕਾਸ ਨਾਲ ਸੰਭਵ ਹੋਇਆ। ਮਾਮਲੇ ਨੂੰ ਦੁਬਾਰਾ 2025 ਵਿਚ ਖੋਲਿਆ ਗਿਆ। ਪੁਲਿਸ ਮੁਖੀ ਜੌਹਨ ਮੂਲਿਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਦੀ ਗ੍ਰਿਫਤਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰਾਂ ਡੀ ਐਨ ਏ ਤਕਨੀਕ ਮਾਮਲਿਆਂ ਨੂੰ ਹੱਲ ਕਰਨ ਵਿੱਚ ਸਹਾਈ ਹੋ ਰਹੀ ਹੈ ਤੇ ਪੀੜਤਾਂ ਨੂੰ ਨਿਆਂ ਦੇਣ ਵਿੱਚ ਸਫਲ ਹੋ ਰਹੀ ਹੈ। ਮੂਲਿਨ ਨੇ ਮਾਮਲੇ ਵਿਚ ਸਹਾਇਤਾ ਕਰਨ ਲਈ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਧੰਨਵਾਦ ਕੀਤਾ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਵਿੱਚ ਜਾਂਚ ਅਜੇ ਵੀ ਜਾਰੀ ਹੈ।