ਐਫ ਬੀ ਆਈ ਮੁਖੀ ਪਟੇਲ ਇਕ ਸ਼ਾਨਦਾਰ ਵਿਅਕਤੀ ਹੈ- ਟਰੰਪ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਮਫਿਸ ਸੇਫ ਟਾਸਕ ਫੋਰਸ ਦੀ ਵਾਸ਼ਿੰਗਟਨ, ਡੀ ਸੀ ਵਿਚ ਇਕ ਗੋਲਮੇਜ ਮੀਟਿੰਗ ਦੌਰਾਨ ਐਫ ਬੀ ਆਈ ਮੁਖੀ ਭਾਰਤੀ ਮੂਲ ਦੇ ਕਾਸ਼ ਪਟੇਲ ਦੀ ਰਜਵੀਂ ਪ੍ਰਸੰਸਾ ਕੀਤੀ। ਇਸ ਮੀਟਿੰਗ ਵਿਚ ਪਟੇਲ ਨੇ ਕਿਹਾ ਕਿ ਲਾਅ ਇਨਫੋਰਸਮੈਂਟ ਨੇ ਹਿੰਸਕ ਅਪਰਾਧੀਆਂ ਦੀਆਂ ਰਿਕਾਰਡ ਇਤਹਾਸਕ ਗ੍ਰਿਫਤਾਰੀਆਂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਟਰੰਪ ਨੇ ਕਿਹਾ ਕਿ ਐਫ ਬੀ ਆਈ ਮੁਖੀ ਕਾਸ਼ ਪਟੇਲ ਇਕ ਸ਼ਾਨਦਾਰ ਵਿਅਕਤੀ ਹੈ। ਦਰਅਸਲ ਜਦੋਂ ਤੁਸੀਂ ਉਸ ਨੂੰ ਜਾਣਨ ਦਾ ਯਤਨ ਕਰਦੇ ਹੋ ਤਾਂ ਪਤਾ ਲੱਗਦਾ ਹੈ ਕਿ ਉਹ ਅਦਭੁੱਤ ਹੈ। ਟਰੰਪ ਨੇ ਕਿਹਾ ਕਾਸ਼ ਤੁਹਾਡਾ ਬਹਤ-ਬਹੁਤ ਧੰਨਵਾਦ , ਤੁਸੀਂ ਸ਼ਾਨਦਾਰ ਕੰਮ ਕੀਤਾ ਹੈ। ਇਸ ਮੌਕੇ ਪਟੇਲ ਨੇ ਪ੍ਰਸ਼ਾਸਨ ਦੁਆਰਾ ਕਾਨੂੰਨੀ ਵਿਵਸਥਾ ਬਣਾਈ ਰਖਣ ਲਈ ਕੀਤੇ ਕੰਮਾਂ ਦਾ ਜਿਕਰ ਕੀਤਾ ਤੇ ਮੈਮਫਿਸ ਸੇਫ ਟਾਸਕ ਫੋਰਸ ਦੀ ਭੂਮਿਕਾ ਤੇ ਰੋਸ਼ਨੀ ਪਾਈ ਜਿਨਾਂ
ਦੀ ਕਾਰਗੁਜਾਰੀ ਸਦਕਾ ਪਿਛਲੇ 6 ਮਹੀਨਿਆਂ ਦੌਰਾਨ ਸ਼ਹਿਰ ਵਿਚ ਹਿੰਸਕ ਅਪਰਾਧ ਵਿੱਚ ਤੇਜੀ ਨਾਲ ਕਮੀ ਆਈ ਹੈ। ਪਟੇਲ ਨੇ ਟਰੰਪ ਨੂੰ ਸੰਬੋਧਿਤ ਹੁੰਦਿਆਂ ਕਿਹਾ  ਤੁਸੀਂ ਸਾਨੂੰ ਇਜਾਜ਼ਤ ਦਿੱਤੀ ਤੇ ਕਿਹਾ ਕਿ ਜਾਓ ਗਿਰੋਹਾਂ ਦੇ ਸਰਗਰਨਿਆਂ, ਬਲਾਤਕਾਰੀਆਂ, ਕਾਤਲਾਂ ਤੇ ਡਰੱਗ ਦੇ ਵਪਾਰੀਆਂ ਨੂੰ ਫੜੋ। ਪਟੇਲ ਨੇ ਆਪਣੇ ਸੰਬੋਧਨ ਵਿੱਚ ਆਪਣੀ ਨਿੱਜੀ ਯਾਤਰਾ ਬਾਰੇ ਵੀ ਗੱਲ ਕੀਤੀ। ਯੂ ਐਸ ਮਾਰਸ਼ਲ ਸਰਿਵਸ ਮੁਖੀ ਗੈਡੀ ਸੇਰਾਲਟਾ ਨੇ ਕਿਹਾ ਕਿ ਟਾਸਕ ਫੋਰਸ ਨੇ 6 ਮਹੀਨਿਆਂ ਦੌਰਾਨ 7342 ਗ੍ਰਿਫਤਾਰੀਆਂ ਕੀਤੀਆਂ ਹਨ ਜਿਨਾਂ ਮਾਮਲਿਆਂ ਵਿਚ ਗ੍ਰਿਫਤਾਰੀਆਂ ਹੋਈਆਂ ਹਨ, ਉਨਾਂ ਵਿਚ ਕਤਲ, ਡਰੱਗ, ਗੈਂਗ ਅਪਰਾਧ ਤੇ ਗੈਰ ਕਾਨੂੰਨੀ ਹਥਿਆਰਾਂ ਨਾਲ ਸਬੰਧਤ ਮਾਮਲੇ ਸ਼ਾਮਿਲ ਹਨ।