ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ/ਡੇਲਟਾ ਦੇ ਪ੍ਰਧਾਨ ਅਮਨਦੀਪ ਸਿੰਘ ਜੋਹਲ ਪ੍ਰਬੰਧ ਸੰਭਾਲਣ ਵਿਚ ਹੋਏ ਫੇਲ, ਸੰਗਤਾਂ ਵਲੋਂ ਤੁਰੰਤ ਅਸਤੀਫੇ ਦੀ ਮੰਗ

ਐਤਵਾਰ 29 ਮਾਰਚ ਨੂੰ ਇਸੇ ਸੰਬੰਧੀ ਗੁਰਦੁਆਰਾ ਸਾਹਿਬ ਵਿਖ਼ੇ ਹੋਵੇਗੀ ਮੀਟਿੰਗ, ਵਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਸਰੀ ਡੇਲਟਾ ਸ਼ਹਿਰ ਦੇ ਮੁੱਖ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਤੋਂ ਤਕਰੀਬਨ 2 ਸਾਲ ਬਾਅਦ ਵਿਵਾਦਾ ਵਿਚ ਆ ਗਿਆ ਹੈ ਤੇ ਇਸਦੀ ਮੌਜੂਦਾ ਪ੍ਰਬੰਧਕੀ ਸੰਭਾਲਣ ਵਾਲੇ ਅਮਨਦੀਪ ਸਿੰਘ ਅਤੇ ਉਨ੍ਹਾਂ ਦੇ ਨਾਲਦੇ ਕੁਝ ਮੈਂਬਰਾਂ ਉਪਰ ਪ੍ਰਬੰਧ ਸੰਭਾਲਣ ਵਿਚ ਅਸਫਲ ਰਹਿਣ ਕਰਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਜ਼ੋਰ ਫੜ ਰਹੀ ਹੈ। ਇਥੇ ਦਸਣਯੋਗ ਹੈ ਕਿ ਭਾਈ ਨਿੱਝਰ ਦੇ ਕਤਲ ਉਪਰੰਤ ਵਾਇਸ ਪ੍ਰਧਾਨ ਭਾਈ ਗੁਰਮੀਤ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਓਸ ਔਖੇ ਵੇਲੇ ਸੁਚੱਜੇ ਢੰਗ ਨਾਲ ਪ੍ਰਬੰਧ ਸੰਭਾਲ ਲਿਆ ਸੀ ਤੇ ਭਾਈ ਨਿੱਝਰ ਦੀ ਸੋਚ ਮੁਤਾਬਕ ਸੰਗਤਾਂ ਅਤੇ ਪੰਥ ਨਾਲ ਮਿਲਕੇ ਹਰ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਬਣਦਾ ਯੋਗਦਾਨ ਪਾ ਰਹੇ ਸਨ ਪਰ ਕੁਝ ਸਮੇਂ ਬਾਅਦ ਇੱਕ ਅਜਿਹਾ ਵਿਅਕਤੀ ਜਿਹੜਾ ਕਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵੀ ਨਹੀਂ ਆਉਂਦਾ ਨੂੰ ਕੁਝ ਸ਼ੱਕੀ ਵਿਅਕਤੀਆਂ ਨੇ ਇੰਨਾ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਉਸਨੇ ਹਰ ਪੰਥ ਪ੍ਰੇਮੀ ਨੂੰ ਹਰ ਤਰ੍ਹਾਂ ਨਾਲ ਗੁਰਦੁਆਰਾ ਸਾਹਿਬ ਤੋਂ ਬਾਹਰ ਧੱਕਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ 'ਤੇ ਪੱਕੇ ਤੌਰ 'ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਜਦਕਿ ਓਹ ਪ੍ਰਧਾਨ ਬਣੇ ਉਪਰੰਤ ਗੁਰਦੁਆਰਾ ਸਾਹਿਬ ਨਜ਼ਰ ਹੀ ਨਹੀਂ ਆਂਦੇ ਹਨ ਜਿਸ ਕਰਕੇ ਰੋਸ ਵਧਣ ਨਾਲ ਪ੍ਰਬੰਧਕੀ ਟੀਮ ਦੋ ਹਿੱਸਿਆ ਵਿਚ ਵੰਡੀ ਗਈ । ਇਸ ਦੇ ਨਾਲ ਹੀ ਅਮਨਦੀਪ ਸਿੰਘ ਉਪਰ ਵਡੀ ਗਿਣਤੀ ਵਿਚ ਇਲਜਾਮ ਲਗਾਏ ਗਏ ਹਨ ਜਿਨ੍ਹਾਂ ਬਾਰੇ ਓਹ ਸੰਗਤਾਂ ਨੂੰ ਕੌਈ ਜੁਆਬ ਨਹੀਂ ਦੇ ਰਹੇ ਹਨ ਜਿਸ ਕਰਕੇ ਸੰਗਤਾਂ ਅੰਦਰ ਰੋਸ ਵਧਿਆ ਹੋਇਆ ਹੈ। ਮੌਜੂਦਾ ਪ੍ਰਧਾਨ ਨੂੰ ਵਾਰ ਵਾਰ ਨਵੀਂ ਮੈਂਬਰਸ਼ਿਪ ਨਵਿਆਉਣ ਲਈ ਕਹਿਣ ਤੇ ਓਹ ਹਰ ਵਾਰ ਟਾਲ ਮਟੋਲ ਕਰਦੇ ਰਹੇ ਤੇ ਅੰਤ ਵਿਚ ਜਦੋ ਮੈਂਬਰਸ਼ਿਪ ਨਵਿਆਉਣ ਲਈ ਸ਼ੁਰੂ ਹੋਈ ਓਹ ਵਿਵਾਦਾ, ਨਿਰਪੱਖਤਾ ਅਤੇ ਪਾਰਦਰਸ਼ਤਾ ਦੀ ਘਾਟ ਕਰਕੇ ਇਸ ਵਿਚ ਅਸਫਲ ਹੋ ਗਈ ਜਿਸ ਕਰਕੇ ਸੰਗਤ ਵਿਚ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ । ਏਜੀਐਮ ਵਿਚ ਪੇਸ਼ ਕੀਤੀ ਗਈ ਰਿਪੋਰਟ ਨੂੰ ਬਹੁਮਤ ਮੈਂਬਰਾਂ ਨੇ ਰੱਦ ਕਰ ਦਿੱਤਾ। ਕਮੇਟੀ ਦੇ ਇੱਕ ਸਹਾਇਕ ਖਜ਼ਾਨਚੀ ਨੇ ਵਿੱਤੀ ਗੜਬੜੀਆਂ ਅਤੇ ਗਵਰਨੈਂਸ ਮਸਲਿਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇੱਕ ਹੋਰ ਮੈਂਬਰ ਨੇ ਦਾਨ ਪੇਟੀਆਂ (ਗੋਲਕ) ਤੋਂ ਨਿਯਮਿਤ ਤੌਰ &lsquoਤੇ ਨਕਦ ਵਾਊਚਰ ਕੱਢਣ ਬਾਰੇ ਗੰਭੀਰ ਚਿੰਤਾ ਜਤਾਈ। ਪੂਰੀ ਵਿੱਤੀ ਜਾਣਕਾਰੀ ਪ੍ਰਾਪਤ ਕਰਨ ਲਈ ਮੀਟਿੰਗ ਵਿੱਚ ਹਾਜ਼ਰ ਸੰਗਤ ਨੇ ਮੁੜ-ਆਡਿਟ ਦੀ ਮੰਗ ਕੀਤੀ ਸੀ, ਪਰ ਪ੍ਰਧਾਨ ਅਮਨਦੀਪ ਸਿੰਘ ਜੋਹਲ ਦੀ ਅਗਵਾਈ ਹੇਠ ਮੌਜੂਦਾ ਕਮੇਟੀ ਨੇ ਇਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਪਿਛਲੀਆਂ ਦੋ ਸਾਲਾਂ ਦੀਆਂ ਏਜੀਐਮ ਮੀਟਿੰਗਾਂ ਵਿੱਚ ਗੁਰੂ ਨਾਨਕ ਸਿੱਖ ਸਕੂਲ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਅਧੀਨ ਲਿਆਂਦਾ ਜਾਣਾ ਐਜੰਡੇ ਵਿੱਚ ਸ਼ਾਮਲ ਸੀ ਅਤੇ ਮਿਨਟ ਬੁੱਕ ਵਿੱਚ ਵੀ ਦਰਜ ਹੈ , ਪਰ 2025 ਦੀ ਏਜੀਐਮ ਵਿੱਚ ਫਿਰ ਇਸਨੂੰ ਸੁਤੰਤਰ ਸੰਸਥਾ ਵਜੋਂ ਦਰਸਾਇਆ ਜਾ ਰਿਹਾ ਹੈ ਅਤੇ ਪਿਛਲੇ 2 ਸਾਲਾਂ ਤੋਂ ਕੋਈ ਮਹੀਨਾਵਾਰ ਮੀਟਿੰਗ ਵੀ ਨਹੀਂ ਕੀਤੀ ਗਈ। ਫਰਵਰੀ 2026 ਵਿੱਚ ਸੰਗਤੀ ਮੀਟਿੰਗ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਟਾਲ ਦਿੱਤਾ ਗਿਆ। ਸੰਗਤ ਵੱਲੋਂ ਬਾਰ ਬਾਰ ਸਕੂਲ ਦੇ ਵਿੱਤੀ ਦਸਤਾਵੇਜ਼ ਮੰਗਣ ਦੇ ਬਾਵਜੂਦ ਜਾਰੀ ਨਹੀਂ ਕੀਤੇ ਜਾ ਰਹੇ ਹਨ । ਗੁਰਦੁਆਰਾ ਸਾਹਿਬ ਅਤੇ ਸਕੂਲ ਦੇ ਮਸਲਿਆਂ ਸਬੰਧੀ ਚਿੱਠੀਆਂ 1 ਫਰਵਰੀ ਅਤੇ 16 ਫਰਵਰੀ 2026 ਨੂੰ ਸੋਸਾਇਟੀ ਦੇ ਵਕੀਲ ਅਤੇ ਪ੍ਰਧਾਨ ਅਮਨਦੀਪ ਸਿੰਘ ਜੋਹਲ ਨੂੰ ਭੇਜੀਆਂ ਗਈਆਂ ਅਤੇ ਸੰਗਤ ਨੂੰ ਉਮੀਦ ਸੀ ਕਿ ਇਹ ਮਸਲੇ ਜਲਦੀ ਹੱਲ ਕਰ ਦਿੱਤੇ ਜਾਣਗੇ, ਪਰ ਲਿਖਤੀ ਰੂਪ ਵਿੱਚ ਇਤਰਾਜ਼ ਕਰਨ ਦੇ ਬਾਵਜੂਦ ਸੁਸਾਇਟੀ ਦੇ ਵਕੀਲ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਇਸ ਮਾਮਲੇ ਵਿਚ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਮੈਂਬਰਸ਼ਿਪ ਦੀ ਪ੍ਰਕਿਰਿਆ ਪਾਰਦਰਸ਼ਤਾ ਤੇ ਨਿਰਪੱਖਤਾ ਨਾਲ ਕਰਨ ਲਈ ਕਮੇਟੀ ਦਾ ਇੱਕ ਧੜਾ (ਵਾਇਸ ਪ੍ਰਧਾਨ ਭਾਈ ਗਿੱਲ) ਪੂਰਨ ਤੌਰ ਤੇ ਸਮੁੱਚੀ ਸੰਗਤ ਦਾ ਸਾਥ ਦੇ ਰਿਹਾ ਹੈ ਪਰ ਪ੍ਰਧਾਨ ਅਤੇ ਉਨ੍ਹਾਂ ਦੇ ਨਾਲਦੇ ਕੁਝ ਮੈਂਬਰ ਕਿਸੇ ਕਿਸਮ ਦਾ ਸਾਹਿਯੋਗ ਨਹੀਂ ਕਰ ਰਹੇ ਹਨ । ਜਿਕਰਯੋਗ ਹੈ ਕਿ ਚਾਲੂ ਐਗਜ਼ਿਕਿਊਟਿਵ ਕਮੇਟੀ ਦੀ ਮਿਆਦ 31 ਦਸੰਬਰ 2025 ਨੂੰ ਸਮਾਪਤ ਹੋ ਚੁੱਕੀ ਹੈ ਜਿਸ ਕਰਕੇ ਸੰਗਤੀ ਧੜਾ ਹੁਣ ਕਮੇਟੀ ਨੂੰ ਅਸਤੀਫ਼ਾ ਦੇਣ ਅਤੇ ਸੋਸਾਇਟੀ ਦਾ ਪ੍ਰਬੰਧ ਮੈਂਬਰਾਂ ਨੂੰ ਸੌਂਪਣ ਦੀ ਮੰਗ ਕਰਦਾ ਹੈ, ਤਾਂ ਜੋ ਪਾਰਦਰਸ਼ੀ ਢੰਗ ਮੈਂਬਰਸ਼ਿਪ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ਅਤੇ ਨਵੀਂ ਕਮੇਟੀ ਦੀ ਚੋਣ ਤੀਜੀ ਧਿਰ ਦੀ ਦੇਖ-ਰੇਖ ਕੀਤੀ ਜਾ ਸਕੇ। ਐਤਵਾਰ 29 ਮਾਰਚ 2026 ਨੂੰ ਦੁਪਹਿਰ 12:30 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਸੰਗਤੀ ਮੀਟਿੰਗ ਰਖੀ ਗਈ ਹੈ ਜਿਸ ਵਿਚ ਸੰਗਤਾਂ ਨੂੰ ਭਾਰੀ ਗਿਣਤੀ ਵਿਚ ਪਹੁੰਚ ਕੇ ਆਪਣੇ ਸੁਝਾਅ ਦੇਣ ਲਈ ਅਪੀਲ ਕੀਤੀ ਗਈ ਹੈ । ਇਸ ਮੌਕੇ ਤਰਨਜੀਤ ਸਿੰਘ ਧੁੱਗਾ, ਗੁਰਬਚਨ ਸਿੰਘ ਕਾਹਲੋਂ, ਜਸਦੀਪ ਸਿੰਘ, ਗੁਰਦੀਪ ਸਿੰਘ ਅਵਤਾਰ ਸਿੰਘ, ਸੁਖਰਾਜ ਸਿੰਘ ਬੱਲ, ਕਰਨੈਲ ਸਿੰਘ ਰਾਏ, ਰਘਬੀਰ ਸਿੰਘ, ਜਸਬੀਰ ਸਿੰਘ ਚੱਠਾ, ਜਗਤਾਰ ਸਿੰਘ, ਜਸਬੀਰ ਸਿੰਘ ਬਰਾੜ, ਤਰਲੋਚਨ ਸਿੰਘ, ਬਲਦੀਪ ਸਿੰਘ, ਭਾਈ ਧਰਮ ਸਿੰਘ, ਜਗਪ੍ਰੀਤ ਸਿੰਘ ਜੱਗਾ, ਕੁਲਵਿੰਦਰ ਸਿੰਘ ਢਿੱਲੋਂ ਵਰਿੰਦਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਗਿੱਲ, ਮਹਿਤਾਬ ਸਿੰਘ, ਗੁਰਮੀਤ ਸਿੰਘ ਤੂਰ, ਗੁਰਜੀਤ ਸਿੰਘ, ਅਵਤਾਰ ਸਿੰਘ ਖਹਿਰਾ,ਰਜਿੰਦਰ ਸਿੰਘ ਨਟ ਅਤੇ ਬਾਬਾ ਮੋਹਨ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜਿਰ ਸਨ।